ਸੰਗਰੂਰ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਧੂਰੀ ਦੇ ਪਿੰਡ ਲੱਡਾ ਤੋਂ ਸਰਪੰਚ ਬਲਵਿੰਦਰ ਕੁਮਾਰ ਉਰਫ ਮਿੱਠੂ ਲੱਡਾ ਖ਼ਿਲਾਫ਼ ਥਾਣਾ ਸਦਰ ਧੂਰੀ ਵਿਖੇ ਇਕ ਡੇਰੇ ਦੀ ਮਹੰਤ ਦੀ ਸ਼ਿਕਾਇਤ ’ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਹੰਤ ਵੱਲੋਂ ਮਿੱਠੂ ਲੱਡਾ ’ਤੇ ਉਸ ਦੀ ਸਹਿਮਤੀ ਤੋਂ ਬਗੈਰ ਉਸ ਨਾਲ ਗੈਰ-ਕੁਦਰਤੀ ਸੰਬੰਧ ਬਣਾਉਣ ਅਤੇ ਉਸ ਨਾਲ ਹੇਰਾ-ਫੇਰੀ ਦੀ ਨੀਅਤ ਨਾਲ ਕਰੀਬ 50 ਲੱਖ ਰੁਪਏ ਦੀ ਠੱਗੀ ਮਾਰਨ ਜਿਹੇ ਗੰਭੀਰ ਦੋਸ਼ ਲਾਏ ਗਏ ਹਨ।

ਇਸ ਸੰਬੰਧੀ ਦਰਜ ਕੀਤੇ ਗਏ ਮਾਮਲੇ ਮੁਤਾਬਕ ਮਿੱਠੂ ਲੱਡਾ ਨੇ ਪਟਿਆਲਾ ਦੀ ਇਕ ਡੇਰੇ ਦੀ ਮਹੰਤ ਨਾਲ ਉਸ ਦੇ ਮਹੰਤ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵਿਆਹ ਕਰਵਾਇਆ ਸੀ। ਸਾਲ 2019 ਵਿਚ ਉਕਤ ਮਹੰਤ ਦੇ ਸੰਪਰਕ ’ਚ ਆਉਣ ਤੋਂ ਬਾਅਦ ਮਿੱਠੂ ਲੱਡਾ ਵੱਲੋਂ ਉਸ ਨੂੰ ਆਪਣੇ ਪਿਆਰ ਦਾ ਹਵਾਲਾ ਦਿੰਦੇ ਹੋਏ ਉਸ ਨਾਲ ਵਿਆਹ ਕਰਵਾਉਣ ਦੀ ਇੱਛਾ ਜ਼ਾਹਿਰ ਕੀਤੀ ਗਈ ਸੀ। ਜਿਸ ‘ਤੇ ਮਹੰਤ ਨੇ ਉਸ ਨੂੰ ਕਿਹਾ ਵੀ ਕਿ ਉਹ ਮਹੰਤ ਹੈ ਪਰ ਇਸ ਦੇ ਬਾਵਜੂਦ ਮਿੱਠੂ ਲੱਡਾ ਨੇ ਇਸ ਗੱਲ ਨੂੰ ਧਿਆਨ ’ਚ ਨਾ ਰੱਖਣ ਦੀ ਗੱਲ ਕਹਿ ਕੇ ਉਸ ਵੱਲੋਂ 22 ਜੂਨ 2020 ਨੂੰ ਚੰਡੀਗੜ੍ਹ ਦੇ ਇਕ ਗੁਰਦੁਆਰੇ ਵਿਚ ਉਸ ਨਾਲ ਵਿਆਹ ਕਰਵਾਇਆ ਗਿਆ ਸੀ।

ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਵੱਖ-ਵੱਖ ਥਾਵਾਂ ’ਤੇ ਘੁੰਮਣ ਜਾਣ ਅਤੇ ਇਕੱਠੇ ਰਹਿਣ ਦੌਰਾਨ ਉਸ ਵੱਲੋਂ ਉਕਤ ਮਹੰਤ ਨਾਲ ਉਸ ਦੀ ਮਰਜ਼ੀ ਤੋਂ ਬਗੈਰ ਗੈਰ ਕੁਦਰਤੀ ਸੰਬੰਧ ਸਥਾਪਿਤ ਕੀਤੇ ਗਏ ਸਨ ਅਤੇ ਸਮੇਂ-ਸਮੇਂ ’ਤੇ ਵੱਖ-ਵੱਖ ਢੰਗਾਂ ਨਾਲ ਉਸ ਨਾਲ ਹੇਰਾ-ਫੇਰੀ ਕਰਨ ਦੀ ਨੀਅਤ ਨਾਲ ਉਸ ਤੋਂ ਕਰੀਬ 50 ਲੱਖ ਰੁਪਏ ਵੀ ਠੱਗੇ ਗਏ ਸਨ। ਹਾਲਾਂਕਿ ਪੁਲਸ ਜਾਂਚ ਦੌਰਾਨ ਮਿੱਠੂ ਲੱਡਾ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਵਿਆਹ ਤੋਂ ਪਹਿਲਾਂ ਇਹ ਨਹੀਂ ਪਤਾ ਸੀ ਕਿ ਜਿਸ ਨਾਲ ਉਹ ਵਿਆਹ ਕਰਵਾ ਰਿਹਾ ਹੈ, ਉਹ ਮਹੰਤ ਹੈ। ਪਰ ਪੁਲਸ ਜਾਂਚ ਦੌਰਾਨ ਅਜਿਹੀ ਗੱਲ ਸਾਬਤ ਨਾ ਹੋਣ ਕਾਰਨ ਸ਼ਿਕਾਇਤਕਰਤਾ ਵੱਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਧੂਰੀ ਵਿਖੇ ਬਲਵਿੰਦਰ ਕੁਮਾਰ ਉਰਫ ਮਿੱਠੂ ਲੱਡਾ ਪੁੱਤਰ ਪਰਮਜੀਤ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।