CM ਮਾਨ ਦੱਸਣ ਕਿ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ‘ਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ : ਸੁਖਬੀਰ ਸਿੰਘ ਬਾਦਲ

ਕਿਹਾ ਕਿ ਮੁੱਖ ਮੰਤਰੀ ਨੇ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਬਾਜ਼ੀ ਲਈ ਪੰਜਾਬ ਦੇ ਪੈਸੇ ਖਰਚ ਕੇ ਪੰਜਾਬੀਆਂ ਮਾਣ ਸਨਮਾਨ ਨੂੰ ਸੱਟ ਮਾਰੀ ਜਦੋਂ ਕਿ ਪੰਜਾਬ ਦੀ ਕਾਰਗੁਜ਼ਾਰੀ ਲਗਾਤਾਰ ਤਿੰਨ ਕੌਮੀ ਸਰਵੇਖਣਾਂ ਵਿਚ ਦਿੱਲੀ ਤੋਂ ਬਿਹਤਰ ਸਾਬਤ ਹੋਈ ਹੈ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਦਿੱਲੀ ਦੇ ਫੇਲ੍ਹ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋਡਾਂ ਰੁਪਏ ਕਿਉਂ ਖਰਚ ਕੀਤੇ ਜਾਰਹੇ ਹਨ ਜਦੋਂ ਕਿ ਸਿੱਖਿਆ ਦੇ ਮਾਮਲੇ ਵਿਚ ਤਿੰਨ ਕੌਮੀ ਸਰਵੇਖਣਾਂ ਵਿਚ ਪੰਜਾਬ ਦੀ ਕਾਰਗੁਜ਼ਾਰੀ ਦਿੱਲੀ ਨਾਲੋਂ ਕਿਤੇ ਜ਼ਿਆਦਾ ਚੰਗੀ ਸਾਬਤ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਨਤਕ ਪੈਸਾ ਇਸ ਤਰੀਕੇ ਲੁਟਾਇਆ ਨਹੀਂ ਜਾ ਸਕਦਾ। ਉਹਨਾਂ ਮੰਗ ਕੀਤੀ ਕਿ ਦਿੱਲੀ ਦੇ ਫੇਲ੍ਹ ਸਕੂਲ ਸਿੱਖਿਆ ਮਾਡਲ ਦੀ ਗੁਜਰਾਤ ਵਿਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਤੁਰੰਤ ਬੰਦ ਕੀਤੀ ਜਾਵੇ ਜੋ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੂੰ ਲੁਭਾਉਣ ਵਾਸਤੇ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਕਿਸੇ ਵੀ ਸਰਕਾਰ ਨੇ ਇਸ ਤਰੀਕੇ ਆਪਣੇ ਆਪ ਨੂੰ ਨੀਵਾਂ ਨਹੀਂ ਵਿਖਾਇਆ ਕਿਸੇ ਦੂਜੇ ਰਾਜ ਦੀਆਂ ਪ੍ਰਾਪਤੀਆਂ ਦਾ ਤੀਜੇ ਰਾਜ ਵਿਚ ਚੋਣ ਲਾਹਾ ਖੱਟਣ ਵਾਸਤੇ ਪ੍ਰਚਾਰ ਕਰਨ ਲਈ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰ ਕੇ ਪੰਜਾਬੀ ਮਾਣ ਸਨਮਾਨ ਨੂੰ ਸੱਟ ਨਹੀਂ ਮਾਰੀ।

ਜਾਰੀ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਸਰਕਾਰ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਮਹਿਮਾਗਾਣ ਲਈ ਹਰ ਰੋਜ਼ ਸੋਸ਼ਲ ਮੀਡੀਆ ’ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਸ ਕੰਮ ’ਤੇ ਕੁਝ ਸੌ ਕਰੋੜ ਰੁਪਏ ਖਰਚ ਕੀਤੇ ਹਨ ਤੇ ਮੌਜੂਦਾ ਵਿੱਤੀ ਸਾਲ ਵਿਚ ਇਸ ਪ੍ਰਾਪੇਗੰਡੇ ਵਾਸਤੇ ਜਿਸ ਵਿਚ ਪੇਡ ਨਿਊਜ਼ ਵੀ ਸ਼ਾਮਲ ਹੈ, ਲਈ 700 ਕਰੋੜ ਰੁਪਏ ਦਾ ਬਜਟ ਰੱਖਿਆ ਹੋਇਆ ਹੈ।

ਸ. ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਆਪਣੇ ਆਕਾ ਕੇਜਰੀਵਾਲ ਦੀ ਜੀ ਹਜੂਰੀ ਵਾਸਤੇ ਇਸ ਤਰੀਕੇ ਪੰਜਾਬੀਆਂ ਦਾ ਅਪਮਾਨ ਨਾ ਕਰਨ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲ ਤੇ ਪੰਜਾਬ ਦੀ ਸਕੂਲ ਸਿੱਖਿਆ ਪ੍ਰਣਾਲੀ ਲਗਾਤਾਰ ਤਿੰਨ ਕੌਮੀ ਸਰਵੇਖਣਾਂ ਵਿਚ ਦਿੱਲੀ ਨਾਲੋਂ ਚੰਗੀ ਸਾਬਤ ਹੋਈ ਹੈ। ਇਹਨਾਂ ਸਰਵੇਖਣਾਂ ਵਿਚ ਨੈਸ਼ਨਲ ਅਚੀਵਮੈਂਟ ਸਰਵੇ, ਪਰਫਾਰਮੈਂਸ ਗਰੇਡਿੰਗ ਇੰਡੈਕਸ ਸਰਵੇਖਣ ਤੇ ਫਾਉਂਡੇਸ਼ਨ ਲਰਨਿੰਗ ਸਟੱਡੀ ਸ਼ਾਮਲ ਹਨ।


ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਦਿੱਲੀ ਦਾ ਸਕੂਲ ਸਿੱਖਿਆ ਮਾਡਲ ਜਿਸਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਤੇ ਪੰਜਾਬ ਵਿਚ ਇਹ ਆਪ ਦੇ ਪ੍ਰਾਪੇਗੰਡ ਦਾ ਇਕ ਹਿੱਸਾਸੀ, ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਜਾਅਲੀ ਪਬਲੀਸਿਟੀ ਤੁਰੰਤ ਬੰਦ ਕਰਨੀ ਚਾਹੀਦੀਹੈ ਤੇ ਇਹ ਪੈਸਾ ਬਚਾ ਕੇ ਪੰਜਾਬੀਆਂ ਦੀ ਭਲਾਈ ਵਾਸਤੇ ਖਰਚ ਕਰਨਾ ਚਾਹੀਦਾ ਹੈ।

ਸ. ਬਾਦਲ ਨੇ ਕਿਹਾ ਕਿ 700 ਕਰੋੜ ਰੁਪਏ ਦੀ ਸਦਵਰਤੋਂ ਕੀਤੀ ਜਾ ਸਕਦੀਹੈ। ਉਹਨਾਂ ਕਿਹਾ ਕਿ ਖੇਤੀਬਾੜੀ ਖੇਤਰ ਸੰਕਟ ਵਿਚ ਹੈ ਤੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਤੇ ਨਾ ਹੀ ਝੋਨੇ ਦੀ ਸਿੱਧੀ ਬਿਜਾਈ ਲਈ ਕੀਤੇ ਇਕਰਾਰ ਮੁਤਾਬਕ 1500 ਰੁਪਏ ਪ੍ਰਤੀ ਏਕੜ ਮਿਲੇ ਤੇ ਸਰਕਾਰ ਪਰਾਲੀ ਨਾ ਸਾੜਨ ਲਈ 2500 ਰੁਪਏ ਪ੍ਰਤੀ ਏਕੜ ਦੇਣ ਦੇ ਵਾਅਦੇ ਤੋਂ ਵੀ ਮੁਕਰ ਗਈ। ਉਹਨਾਂ ਕਿਹਾ ਕਿ ਸਰਕਾਰ ਲੰਪੀ ਚਮੜੀ ਰੋਗ ਕਾਰਨ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਡੇਅਰੀ ਮਾਲਕਾਂ ਨੂੰ ਮੁਆਵਜ਼ਾ ਦੇਣ ਅਤੇ ਮੂੰਗੀ ਦੀ ਫਸਲ ਕੀਤੇ ਇਕਰਾਰ ਮੁਤਾਬਕ ਐਮ ਐਸ ਪੀ ’ਤੇ ਖਰੀਦਣ ਵਿਚ ਵੀ ਨਾਕਾਮ ਸਾਬਤ ਹੋਈ ਹੈ।

ਉਹਨਾਂ ਕਿਹਾ ਕਿ ਇਸੇ ਤਰੀਕੇ ਨੌਜਵਾਨ ਵਾਅਦੇ ਮੁਤਾਬਕ ਨੌਕਰੀਆਂ ਦੀ ਉਡੀਕ ਕਰ ਰਹੇ ਹਨ ਤੇ ਜਿਹੜੇ ਨੌਕਰੀਆਂ ਮੰਗਣ ਵਾਸਤੇ ਮੁੱਖ ਮੰਤਰੀ ਤੱਕ ਪਹੁੰਚ ਕਰ ਕੇ ਉਹਨਾਂ ਨੂੰ ਵਾਅਦਾ ਚੇਤੇ ਕਰਵਾਉਣ ਦਾ ਯਤਨ ਕਰਦੇ ਹਨ, ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਮਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਵੀ ਠੱਪ ਹੋ ਗਈਆਂ ਕਿਉਂਕਿ ਆਪ ਸਰਕਾਰ ਕੋਲ ਇਹਨਾਂ ਵਾਸਤੇ ਫੰਡ ਨਹੀਂ ਹਨ ਜਦੋਂ ਕਿ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਝੂਠੇ ਪ੍ਰਚਾਰ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।