ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਕਥਿਤ ਦੋਸ਼ੀ ਦੀਪਕ ਟੀਨੂੰ ਦੇ ਫਰਾਰ ਹੋਣ ਨੂੰ ਲੈ ਕੇ ਚੌਥੇ ਦਿਨ ਵੀ ਪੁਲਸ ਦੇ ਹੱਥ ਖਾਲੀ ਰਹੇ। ਅਜੇ ਤਕ ਪੁਲਸ ਲਈ ਇਹ ਵੀ ਇਕ ਬੁਝਾਰਤ ਬਣੀ ਹੋਈ ਹੈ ਕਿ ਦੀਪਕ ਟੀਨੂੰ ਕਿੱਥੋਂ ਫਰਾਰ ਹੋਇਆ ਹੈ। ਪੁਲਸ ਅਧਿਕਾਰੀ ਇਸ ਸਬੰਧੀ ਪੁੱਛਣ ’ਤੇ ਜਾਂਚ ਕਰਨ ਦੀ ਗੱਲ ਕਹਿ ਦਿੰਦੇ ਹਨ। ਦੀਪਕ ਨੂੰ ਫਿਲਮੀ ਸਟਾਇਲ ਵਿਚ ਫਰਾਰ ਕਰਨ ਨੂੰ ਲੈ ਕੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਜਾਂਚ ਦੇ ਘੇਰੇ ਵਿਚ ਹੈ ,ਜਿਸ ਦਾ ਮਾਨਸਾ ਪੁਲਸ 7 ਅਕਤੂਬਰ ਤਕ ਪੁਲਸ ਰਿਮਾਂਡ ਲੈ ਚੁੱਕੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਫਰਾਰ ਦੀਪਕ ਟੀਨੂੰ ਨੂੰ ਲੈ ਕੇ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਦੌਰਾਨ ਮੁਅੱਤਲ ਕੀਤੇ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਨੇ ਕਈ ਨਵੇਂ ਖ਼ੁਲਾਸੇ ਕੀਤੇ ਹਨ। ਜਾਣਕਾਰੀ ਮੁਤਾਬਕ ਗੈਂਗਸਟਰ ਦੀਪਕ ਦੀ ਪ੍ਰੇਮਿਕਾ ਨੂੰ ਪ੍ਰਿਤਪਾਲ ਕਈ ਵਾਰ ਮਿਲ ਚੁੱਕਿਆ ਹੈ ਅਤੇ ਉਸ ਦੇ ਅਕਾਊਂਟ ‘ਚ 12 ਵਾਰ ਪੈਸੇ ਵੀ ਭੇਜ ਚੁੱਕਿਆ ਹੈ। ਦੱਸ ਦੇਈਏ ਕਿ ਗੈਂਗਸਟਰ ਦੀ ਪ੍ਰੇਮਿਕਾ ਵਾਇਰਲੈਸ ਵਿੰਗ ‘ਚ ਮਹਿਲਾ ਕਾਂਸਟੇਬਲ ਵਜੋਂ ਤਾਇਨਾਤ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੀਪਕ ਟੀਨੂੰ ਨੇ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਨੂੰ ਨਾਜਾਇਜ਼ ਹਥਿਆਰਾਂ ਬਾਰੇ ਦੱਸਣ ਅਤੇ ਹੋਰ ਜਾਣਕਾਰੀਆਂ ਦੇਣ ਦੇ ਝਾਂਸੇ ਵਿਚ ਲਿਆ। ਇਸ ਵਜ੍ਹਾ ਨਾਲ ਪ੍ਰਿਤਪਾਲ ਟੀਨੂੰ ਨੂੰ ਬਾਹਰ ਲੈ ਕੇ ਗਿਆ। ਇਸ ਬਾਰੇ ਪ੍ਰਿਤਪਾਲ ਨੇ ਨਾ ਤਾਂ ਕਿਸੇ ਸੀਨੀਅਰ ਅਫ਼ਸਰ ਨੂੰ ਦੱਸਿਆ ਤੇ ਨਾ ਹੀ ਰਿਕਾਰਡ ਵਿਚ ਕੁੱਝ ਦਰਜ ਕੀਤਾ ਪਰ ਟੀਨੂੰ ਨੂੰ ਬਾਹਰ ਲਿਜਾਣ ਸਬੰਧੀ ਜਾਂ ਕਿਸ ਜਗ੍ਹਾ ’ਤੇ ਲਿਜਾਇਆ ਗਿਆ, ਇਸ ਬਾਰੇ ਕਿਸੇ ਵੀ ਪੁਲਸ ਅਧਿਕਾਰੀ ਨੇ ਕੋਈ ਪੁਸ਼ਟੀ ਨਹੀਂ ਕੀਤੀ। ਇਸ ਲਾਲਚ ਦੇ ਚੱਲਦਿਆਂ ਏ. ਐੱਸ. ਆਈ. ਨੇ ਟੀਨੂੰ ਨੂੰ ਮੋਬਾਇਲ ਵੀ ਮੁਹੱਈਆ ਕਰਵਾਇਆ ਸੀ। ਜਾਣਕਾਰੀ ਮੁਤਾਬਕ ਟੀਨੂ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਮੋਬਾਇਲ ਮਿਲਿਆ ਸੀ। ਉਸੇ ਤੋਂ ਫਰਾਰੀ ਦੀ ਪੂਰੀ ਪਲਾਨਿੰਗ ਕੀਤੀ ਗਈ। ਇਸ ਤੋਂ ਇਲਾਵਾ ਸੈਂਸਪੈਂਡ ਕੀਤੇ ਪ੍ਰਿਤਪਾਲ ਨੇ ਮੰਨਿਆਂ ਕਿ ਗੈਂਗਸਟਰ ਦੀਪਕ ਨੇ ਉਸ ਨਾਲ ਧੋਖਾ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਨੇ ਟੀਨੂੰ ਦੀ ਗ੍ਰਿਫ਼ਤਾਰੀ ਲਈ 4 ਮੈਂਬਰੀ ਸਿੱਟ ਦਾ ਗਠਨ ਕੀਤਾ ਹੈ।

ਮੰਗਲਵਾਰ ਨੂੰ ਡੀ. ਜੀ. ਪੀ. ਨੇ ਸਖ਼ਤੀ ਨਾਲ ਕੀਤਾ ਸੀ ਕਿ ਜਿਸ ਵੀ ਅਫ਼ਸਰ ਦੀ ਇਸ ਮਾਮਲੇ ‘ਚ ਸ਼ਮੂਲੀਅਤ ਸਾਹਮਣੇ ਆਏਗੀ , ਉਸ ‘ਤੇ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਜਾਵੇਗਾ। ਬਣਾਈ ਗਈ ਸਿੱਟ ਨੂੰ ਪਟਿਆਲਾ ਰੇਂਜ ਦੇ ਆਈ. ਜੀ. ਪੀ. ਐੱਸ. ਐੱਸ. ਛੀਨਾ ਲੀਡ ਕਰਨਗੇ। ਸੂਤਰ ਦੱਸਦੇ ਹਨ ਕਿ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਪਹਿਲਾਂ ਵੀ ਕਈ ਵਾਰ ਦੀਪਕ ਟੀਨੂੰ ਨੂੰ ਆਪਣੀ ਸਰਕਾਰੀ ਰਿਹਾਇਸ਼ ’ਤੇ ਲੈ ਗਿਆ ਸੀ। ਜਿੱਥੇ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੀਪਕ ਆਪਣੇ ਪ੍ਰੇਮਿਕਾ ਨਾਲ ਫਰਾਰ ਹੋ ਗਿਆ ਪਰ ਅਖਬਾਰ ਇਸ ਦੀ ਪੁਸ਼ਟੀ ਨਹੀਂ ਕਰਦੀ। ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਉਸ ਸਮੇਂ ਦੂਸਰੇ ਕਮਰੇ ਵਿਚ ਨੀਂਦ ਵਿਚ ਸੀ। ਦੀਪਕ ਟੀਨੂੰ ਦੀ ਪ੍ਰੇਮਿਕਾ ਦੀ ਵੀ ਉਸ ਨੂੰ ਭਜਾਉਣ ਵਿਚ ਸ਼ੱਕੀ ਭੂਮਿਕਾ ਦੇਖੀ ਜਾ ਰਹੀ ਹੈ ਪਰ ਪੁਲਸ ਨੇ ਇਸ ਸਬੰਧੀ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੂੰ ਪ੍ਰਿਤਪਾਲ ਸਿੰਘ ਕੋਲੋਂ 2 ਮੋਬਾਇਲ ਵੀ ਬਰਾਮਦ ਹੋਏ, ਜਿਸ ਵਿਚ ਦੀਪਕ ਦੀ ਪ੍ਰੇਮਿਕਾ ਦਾ ਫੋਨ ਨੰਬਰ ਵੀ ਹੈ ਜੋ ਇਸ ਸਮੇਂ ਬੰਦ ਆ ਰਿਹਾ ਹੈ। ਉਸ ਦਿਨ ਟੀਨੂ ਪ੍ਰੇਮਿਕਾ ਨੂੰ ਮਿਲਣ ਦੇ ਬਹਾਨੇ ਬਾਹਰ ਨਿਕਲਿਆ, ਜਿੱਥੇ ਪਹਿਲਾਂ ਤੋਂ ਪ੍ਰੇਮਿਕਾ ਅਤੇ ਦੂਜੇ ਸਾਥੀ ਕਵਰ ਦੇਣ ਲਈ ਤਿਆਰ ਸਨ। ਫਰਾਰ ਹੁੰਦੇ ਹੀ ਉਹ ਤੁਰੰਤ ਪੁਲਸ ਦੀ ਪਹੁੰਚ ਤੋਂ ਬਾਹਰ ਹੋ ਗਿਆ।