ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਇਕ ਵਾਰ ਫਿਰ ਮੁੱਠਭੇੜ ਦੇਖਣ ਨੂੰ ਮਿਲੀ ਹੈ। ਬਟਾਲਾ ਨੇੜੇ ਇਕ ਪਿੰਡ ਕੋਟਲਾ ਵਿਚ ਪੁਲਿਸ ਤੇ ਗੈਂਗਸਟਰ ਵਿਚਕਾਰ ਉਦੋਂ ਗੋਲੀਬਾਰੀ ਚਾਲੂ ਹੋ ਗਈ ਜਦੋਂ ਪੁਲਿਸ ਇਕ ਕਥਿਤ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਗਈ ਸੀ
ਜਿਸ ਤੋਂ ਬਾਅਦ ਗੈਂਗਸਟਰ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ ਤੇ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ। ਬਟਾਲਾ ਨੇ ਪਿੰਡ ਕੋਟਲਾ ‘ਚ ਪੁਲਿਸ ਤੇ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ ਹੈ ਤੇ ਇਹ ਗੋਲੀਬਾਰੀ ਹਾਲੇ ਵੀ ਜਾਰੀ ਹੈ। ਜਾਣਕਾਰੀ ਮੁਤਾਬਕ ਇਸ ਗੈਂਗਸਟਰ ਦਾ ਨਾਂ ਬਬਲੂ ਦੱਸਿਆ ਜਾ ਰਿਹਾ ਹੈ।
ਪੰਜਾਬ ਪੁਲਿਸ ਨੇ ਬਟਾਲਾ ਵਿਖੇ ਚੱਲ ਰਹੇ ਮੁਕਾਬਲੇ ਦੌਰਾਨ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਅਤੇ ਸੁੱਖਾ ਚਿੜਾ ‘ਚ ਗੈਂਗਸਟਰ ਤੇ ਪੁਲਿਸ ਵਿਚਾਲੇ ਤਕਰੀਬਨ 6 ਘੰਟੇ ਤੋਂ ਮੁਕਾਬਲਾ ਚੱਲ ਰਿਹਾ ਸੀ ।ਜਿਸ ਵਿੱਚ ਸਫਲਤਾ ਹਾਸਲ ਕਰਦਿਆਂ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ ‘ਚ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸ ਦੌਰਾਨ ਕ੍ਰਾਸ ਫਾਇਰਿੰਗ ਵੀ ਹੋਈ ਜਿਸ ਵਿੱਚ ਗੈਂਗਸਟਰ ਨੂੰ ਗੋਲ਼ੀ ਵੀ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਸ ਗੈਂਗਸਟਰ ‘ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਜਿਸ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਕਾਰਵਾਈ ਕੀਤੀ ।ਪੁਲਿਸ ਤੋਂ ਬਚਣ ਦੇ ਲਈ ਉਹ ਕਮਾਦ ‘ਚ ਲੁਕਿਆ ਹੋਇਆ ਸੀ। ਬਟਾਲਾ ਪੁਲਿਸ ਨੇ ਕਮਾਦ ਦੇ ਖੇਤਾਂ ਨੂੰ ਚੁਫੇਰਿਓਂ ਘੇਰਾ ਪਾਇਆ ਹੋਇਆ ਸੀ। ਗੈਂਗਸਟਰ ਨੂੰ ਫੜਨ ਲਈ ਪੁਲਿਸ ਦੀਆਂ ਬੁਲਟ ਪਰੂਫ ਗੱਡੀਆਂ ਵੀ ਮੌਕੇ ‘ਤੇ ਸਨ। ਐੱਸਐੱਸਪੀ ਬਟਾਲਾ ਸਤਿੰਦਰ ਸਿੰਘ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਲਈ ਵਾਰ-ਵਾਰ ਅਨਾਊਂਸਮੈਂਟ ਕਰ ਰਹੇ ਸਨ। ਉਸ ਦੀ ਲੋਕੇਸ਼ਨ ਲੱਭਣ ਲਈ ਪੁਲਿਸ ਨੇ ਡਰੋਨ ਤੇ ਦੂਰਬੀਨ ਦੀ ਵਰਤੋਂ ਵੀ ਕੀਤੀ।
ਦੋਵਾਂ ਪਾਸਿਓਂ ਕਰੀਬ 60-70 ਗੋਲ਼ੀਆਂ ਚੱਲੀਆਂ-ਪੁਲਿਸ
ਆਈਜੀ ਮਨੀਸ਼ ਚਾਵਲਾ ਤੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਪਾਸਿਓਂ ਕਰੀਬ 60-70 ਗੋਲ਼ੀਆਂ ਚੱਲੀਆਂ। ਮੁਲਜ਼ਮ ਰਣਜੋਤ ਸਿੰਘ ਉਰਫ਼ ਬਬਲੂ ‘ਤੇ 7 ਕੇਸ ਦਰਜ ਹਨ। ਚਾਰ ਅੰਮ੍ਰਿਤਸਰ ਤੇ 3 ਬਟਾਲਾ ਪੁਲਿਸ ਨੇ ਦਰਜ ਕੀਤੇ ਹਨ। ਦੋ ਪਿਸਤੌਲਾਂ ਬਰਾਮਦ ਹੋਈਆਂ ਹਨ। ਬਬਲੂ ਦੀ ਪਿੱਠ ‘ਚ ਗੋਲ਼ੀ ਲੱਗੀ ਹੋਈ ਹੈ ਤੇ ਉਸ ਨੂੰ Civil ਹਸਪਤਾਲ ਲੈ ਕੇ ਗਏ ਹਨ।
ਗੈਂਗਸਟਰ ਦੀ ਪਤਨੀ ਅਤੇ ਬੱਚਾ ਲਏ ਹਿਰਾਸਤ ‘ਚ
ਇਹ ਵੀ ਜਾਣਕਾਰੀ ਮਿਲੀ ਹੈ ਕਿ ਆਪਣੇ ਦੋਵਾਂ ਹੱਥਾਂ ‘ਚ ਦੋ ਪਿਸਤੌਲਾਂ ਫੜੀ ਗੈਂਗਸਟਰ ਆਪਣੀ ਪਤਨੀ ਤੇ ਬੱਚੇ ਦੇ ਨਾਲ ਸੀ। ਪੁਲਿਸ ਦੀ ਕਾਰ ਨੂੰ ਦੇਖ ਕੇ ਸ਼ੱਕੀ ਗੈਂਗਸਟਰ ਸਾਈਡ ਤੋਂ ਆਪਣੀ ਕਾਰ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਉਸ ਦਾ ਪਿੱਛਾ ਕੀਤਾ ਤਾਂ ਅਣਪਛਾਤਾ ਗੈਂਗਸਟਰ ਖੇਤਾਂ ‘ਚ ਵੜ ਗਿਆ। ਪੁਲਿਸ ਨੇ ਖੇਤਾਂ ਦੀ ਘੇਰਾਬੰਦੀ ਕਰ ਲਈ। ਉਕਤ ਗੈਂਗਸਟਰ ਦੀ ਪਤਨੀ ਤੇ ਬੱਚੇ ਨੂੰ ਹਿਰਾਸਤ ‘ਚ ਲੈ ਲਿਆ।