ਗੈਂਗਸਟਰ ਬਬਲੂ ਦੀ ਗ੍ਰਿਫਤਾਰੀ ਤੋਂ ਬਾਅਦ ਉਸਦਾ ਪਰਿਵਾਰ ਕੈਮਰੇ ਸਾਹਮਣੇ ਆਇਆ ਹੈ।ਗੈਂਗਸਟਰ ਬਬਲੂ ਦੀ ਮਾਂ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਨਾਲ ਪੁਲਿਸ ਵਲੋਂ ਕੋਈ ਧੱਕੇਸ਼ਾਹੀ ਨਾ ਕੀਤੀ, ਪੁਲਿਸ ਨੇ ਜੋ ਵੀ ਪੁੱਛਗਿੱਛ ਕਰਨੀ ਹੈ ਕਰੇ ਪਰ ਮੇਰੇ ਪੁੱਤ ਨਾਲ ਧੱਕੇਸ਼ਾਹੀ ਨਾ ਕਰੇ।ਬਬਲੂ ਦੀ ਮਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਨਹੀਂ ਪਤਾ ਪੁਲਿਸ ਮੁਠਭੇੜ ਬਾਰੇ ਵੀ ਕੁਝ ਨਹੀਂ ਪਤਾ।
ਸਾਨੂੰ ਇਨ੍ਹਾਂ ਪਤਾ ਕਿ ਉਹ ਆਪਣੇ ਪਰਿਵਾਰ ਨਾਲ ਸਹੀਸਲਾਮਤ ਰਹਿ ਰਿਹਾ ਹੈ।ਪੱਤਰਕਾਰ ਨੇ ਸਵਾਲ ਕੀਤਾ ਕਿ ਬਬਲੂ ਨੂੰ ਪਰਿਵਾਰ ‘ਚੋਂ ਬੇਦਖਲ ਕਿਉਂ ਕੀਤਾ ਸੀ, ਤਾਂ ਬਬਲੂ ਦੀ ਮਾਂ ਦਾ ਕਹਿਣਾ ਹੈ ਕਿ ਸ਼ੁਰੂ ਸ਼ੁਰੂ ਵਿੱਚ ਪੁਲਿਸ ਸਾਨੂੰ ਬਹੁਤ ਤੰਗ ਕਰਦੀ ਸੀ ਇਸ ਲਈ ਪਰਿਵਾਰ ਨੇ ਉਸ ਨੂੰ ਬੇਦਖਲ ਕੀਤਾ ਪਰ ਹੁਣ ਉਹ ਇਕ ਸਾਲ ਤੋਂ ਸਾਡੇ ਘਰ ਨਹੀਂ ਆਇਆ ਨਾ ਹੀ ਸਾਡੀ ਕੋਈ ਉਸ ਨਾਲ ਫੋਨ ‘ਤੇ ਗੱਲਬਾਤ ਕੀਤੀ।
ਪੰਜਾਬ ਪੁਲਿਸ ਨੇ ਗੈਂਗਸਟਰ ਬਬਲੂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕਰ ਲਈ ਹੈ। ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰਾਂ ਵਿਚ ਬਟਾਲਾ ਦੇ ਕੋਲ ਇਕ ਪਿੰਡ ਵਿਚ ਇਹ ਮੁਕਾਬਲਾ ਹੋਇਆ। ਇਹ ਪੂਰਾ ਆਪ੍ਰੇਸ਼ਨ 5 ਘੰਟੇ ਚੱਲਿਆ ਸੀ। ਇਸ ਤੋਂ ਪਹਿਲਾਂ ਗੈਂਗਸਟਰ ਬਬਲੂ ਦੀ ਪਤਨੀ ਤੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਗੈਂਗਸਟਰ ‘ਤੇ ਪਹਿਲਾਂ ਤੋਂ ਹੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ।
ਜਾਣਕਾਰੀ ਮੁਤਾਬਕ ਪੁਲਿਸ ਕਾਫੀ ਦਿਨਾਂ ਤੋਂ ਬਬਲੂ ਨਾਂ ਦੇ ਗੈਂਗਸਟਰ ਦੀ ਭਾਲ ਕਰ ਰਹੀ ਸੀ। ਅੱਜ ਸਵੇਰੇ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਬਬਲੂ ਨੂੰ ਗ੍ਰਿਫਤਾਰ ਕਰਨ ਲਈ ਸਰਹੱਦ ਨਾਲ ਲੱਗਦੇ ਪਿੰਡ ਕੋਟਜਾ ਗੋਜਾ ਸਿੰਘ ਵਿਚ ਪਹੁੰਚੀ ਸੀ। ਇਸ ਦੌਰਾਨ ਬਬਲੂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਤੇ ਉਹ ਖੇਤਾਂ ਵਿਚ ਲੁਕ ਗਿਆ। ਇਸ ਦੇ ਬਾਅਦ ਪੁਲਿਸ ਨੇ ਬਬਲੂ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਪਰ ਉਸ ਨੇ ਇਸ ਦੌਰਾਨ ਫਾਇਰਿੰਗ ਜਾਰੀ ਰੱਖੀ। ਪੁਲਿਸ ਨੂੰ ਵੀ ਜਵਾਬੀ ਕਾਰਵਾਈ ਵਿਚ ਫਾਇਰਿੰਗ ਕਰਨੀ ਪਈ।
ਪੁਲਿਸ ਵਿਚ ਗੈਂਗਸਟਰ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰਨ ਲਈ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ। ਜਿਥੇ ਗੈਂਗਸਟਰ ਦੇ ਲੁਕੇ ਹੋਣ ਦੀ ਸ਼ੰਕਾ ਸੀ। ਉਨ੍ਹਾਂ ਖੇਤਾਂ ਨੂੰ ਵੀ ਪੁਲਿਸ ਨੇ ਘੇਰ ਲਿਆ। ਪਿੰਡ ਦੇ ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਗਈ। ਗੈਂਗਸਟਰ ਬਬਲੂ ‘ਤੇ ਹੱਤਿਆ ਤੇ ਲੁੱਟਮਾਰ ਦੇ ਦੋਸ਼ ਦੇ ਹਨ। ਇਹ ਗੈਂਗਸਟਰ ਬਟਾਲਾ ਦੀ ਇਕ ਰਿਹਾਇਸ਼ੀ ਕਾਲੋਨੀ ਵਿਚ ਰਹਿ ਰਿਹਾ ਸੀ। ਪੁਲਿਸ ਨੇ ਜਦੋਂ ਇਥੇ ਦਬਿਸ਼ ਦਿੱਤੀ ਤਾਂ ਉਹ ਉਥੇ ਤੋਂ ਭੱਜ ਕੇ ਸਰਹੱਦ ਦੇ ਪਿੰਡ ਵਿਚ ਆ ਗਿਆ। ਗੈਂਗਸਟਰ ਦੀ ਪਤਨੀ ਨੂੰ ਪੁਲਿਸ ਨੂੰ ਹਿਰਾਸਤ ਵਿਚ ਲਿਆ ਹੈ ਤੇ ਉਸ ਤੋਂ ਪੁੱਛਗਿਛ ਜਾਰੀ ਹੈ।