ਪਿੰਡ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਵਿਆਹ ਤੋਂ ਬਾਅਦ ਲਾੜੇ ਨਾਲ ਸੈਲਫ਼ੀ ਲੈ ਰਹੀ ਇਕ ਲਾੜੀ ਨੂੰ ਉਸ ਦੇ ਪ੍ਰੇਮੀ ਵਲੋਂ ਅਗਵਾ ਕਰ ਲੈਣ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਲਾੜੀ ਦੀ ਮਾਂ ’ਤੇ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਵੀ ਚਲਾਈਆਂ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਅਮਰਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਸੰਘਾ ਨੇ ਦੱਸਿਆ ਕਿ 6 ਅਕਤੂਬਰ ਨੂੰ ਉਸ ਦੀ ਕੁੜੀ ਜਸ਼ਨਪ੍ਰੀਤ ਕੌਰ ਦਾ ਵਿਆਹ ਕਰਨਬੀਰ ਸਿੰਘ ਵਾਸੀ ਪਿੰਡ ਗੁਲਾਲੀਪੁਰ ਨਾਲ ਹੋਇਆ ਸੀ।

ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਸ ਦੀ ਕੁੜੀ ਅਤੇ ਜਵਾਈ ਰਸੂਲਪੁਰ ਨਹਿਰਾਂ ਤੋਂ ਥੋੜਾ ਅੱਗੇ ਸੈਲਫ਼ੀ ਲੈਣ ਲਈ ਪੋਜ਼ ਬਣਾ ਰਹੇ ਸੀ। ਕਰੀਬ 5.30 ਵਜੇ ਸ਼ਾਮ ਰੋਹਿਤ, ਵਿੱਕੀ ਪੁੱਤਰਾਨ ਸਾਹਿਬ ਸਿੰਘ, ਗੋਲਡੀ, ਅਰਸ਼ ਪੁੱਤਰਾਨ ਫੱਤਾ ਸਿੰਘ, ਸਾਹਿਬ ਸਿੰਘ ਪੁੱਤਰ ਨੱਥਾ ਸੰਘ ਵਾਸੀਆਨ ਨਬੀਪੁਰ, ਪਲਵਿੰਦਰ ਸਿੰਘ ਉਰਫ ਪਿੰਦਾ ਪੁੱਤਰ ਚਰਨ ਸਿੰਘ ਵਾਸੀ ਅਲੀਪੁਰ, ਹੀਰਾ ਸਿੰਘ ਵਾਸੀ ਚੱਬਾ ਅਤੇ 4-5 ਅਣਪਛਾਤੇ ਵਿਅਕਤੀ ਅਤੇ ਜਨਾਨੀਆਂ 2 ਇਨੋਵਾ ਕਾਰਾਂ ਅਤੇ ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਉਕਤ ਸਥਾਨ ’ਤੇ ਆ ਗਏ।

ਉਕਤ ਲੋਕਾਂ ਨੇ ਆਉਂਦੇ ਸਾਰ ਉਸ ਦੀ ਕੁੜੀ ਨੂੰ ਅਗਵਾ ਕਰ ਲਿਆ। ਇਸ ਦੌਰਾਨ ਰੋਹਿਤ ਨੇ ਆਪਣੀ ਦਸਤੀ ਪਿਸਤੌਲ ਨਾਲ ਜਾਨੋਂ ਮਾਰਨ ਦੀ ਨੀਯਤ ਨਾਲ ਉਸ ’ਤੇ ਫਾਇਰ ਵੀ ਕੀਤਾ। ਇਸ ਘਟਨਾ ਦੇ ਸਬੰਧ ’ਚ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾੜੀ ਨੂੰ ਉਸ ਦੇ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕੀਤਾ ਹੈ। ਕੁੜੀ ਦੇ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ।