ਮਰਸਡ ,ਕੈਲੀਫੋਰਨੀਆ : ਕੈਲਫੋਰਨੀਆ ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਿਸ ਨੇ ਜੀਸਸ ਮੈਨੁਅਲ ਸਲਗਾਡੋ ਵਿਰੁੱਧ ਕਤਲ ਅਤੇ ਅਗਵਾ ਦੇ ਚਾਰ-ਚਾਰ ਦੋਸ਼ ਆਇਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਸਲਗਾਡੋ ਦੇ ਭਰਾ ਅਲਬਰਟੋ ਸਲਗਾਡੋ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੀਸਸ ਸਲਗਾਡੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਸਨੂੰ ਆਪਣੇ ਬਚਾਅ ਲਈ ਵਕੀਲ ਵੀ ਮਿਲ ਗਿਆ ਹੈ ਜਿਸ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ।

ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਖੁਦ ਸਲਗਾਡੋ ਨੂੰ ਬਾਹਰੋਂ ਬੁਲਾ ਕੇ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਸਲਗਾਡੋ ਬੰਦੂਕ ਦੀ ਨੋਕ ‘ਤੇ ਜਸਦੀਪ ਅਤੇ ਅਮਨਦੀਪ ਦੇ ਹੱਥ ਬੰਨ੍ਹ ਕੇ ਬਾਹਰ ਲੈ ਜਾਂਦਾ ਹੈ। ਜਸਦੀਪ ਅਤੇ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਲਗਾਡੋ ਨੌਕਰੀ ਤੋਂ ਕੱਢੇ ਜਾਣ ਤੋਂ ਗੁੱਸੇ ਸੀ ਜੋ ਉਨ੍ਹਾਂ ਦੀ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ। ਪੁਲਿਸ ਮੁਤਾਬਕ ਸਲਗਾਡੋ ਵੱਲੋ ਪਿਛਲੇ ਸਮੇਂ ਗੁੱਸੇ ਅਤੇ ਨਫਰਤ ਨਾਲ ਭਰੀਆ ਈਮੇਲ ਵੀ ਕੀਤੀਆ ਗਈਆ ਸਨ।