ਅੱਜ ਚੰਡੀਗੜ੍ਹ ‘ਚ ਹੋਏ ਏਅਰ-ਸ਼ੋਅ ‘ਚ ਰਾਸ਼ਟਰਪਤੀ ਬਤੌਰ ਮੁੱਖ ਮਹਿਮਾਨ ਪਹੁੰਚੇ ਸਨ।ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਰਹੇ।ਸੀਐੱਮ ਮਾਨ ਦੀ ਗੈਰਹਾਜ਼ਰੀ ‘ਤੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸਵਾਲ ਚੁੱਕੇ ਹਨ।ਰਾਜਪਾਲ ਦਾ ਕਹਿਣਾ ਹੈ ਕਿ ‘ ਰਾਸ਼ਟਰਪਤੀ ਇੱਥੇ ਹਨ, ਸੀਐੱਮ ਮਾਨ ਕਿੱਥੇ ਹਨ’ ਉਨ੍ਹਾਂ ਇਹ ਵੀ ਕਿਹਾ ਕਿ ਸੀਐੱਮ ਦੀਆਂ ਕੁਝ ਸੰਵਿਧਾਨਿਕ ਜਿੰਮੇਵਾਰੀਆਂ ਹੁੰਦੀਆਂ ਹਨ।ਦੱਸ ਦੇਈਏ ਕਿ ਇਨ੍ਹੀਂ ਸੀਐੱਮ ਭਗਵੰਤ ਮਾਨ ਗੁਜਰਾਤ ਵਿਖੇ ਸੀਐੱਮ ਅਰਵਿੰਦ ਕੇਜਰੀਵਾਲ ਨਾਲ ਪ੍ਰਚਾਰ ‘ਚ ਰੁੱਝੇ ਹੋਏ ਹਨ।

ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਨਵਾਂ ਬਵਾਲ ਸ਼ੁਰੂ ਹੋ ਗਿਆ ਹੈ। ਦਰਅਸਲ ਸ਼ਨੀਵਾਰ ਨੂੰ ਏਅਰਫੋਰਸ ਡੇ ‘ਤੇ ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਏਅਰ ਸ਼ੋਅ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਸ਼ਾਮਲ ਹੋਏ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਵਿੱਚ ਨਹੀਂ ਪਹੁੰਚੇ।

ਇਸ ਨੂੰ ਲੈ ਕੇ ਰਾਜਪਾਲ ਨੇ ਉਨ੍ਹਾਂ ‘ਤੇ ਸਵਾਲ ਉਠਾਇਆ ਕਿ ਭਗਵੰਤ ਮਾਨ ਇਸ ਪ੍ਰੋਗਰਾਮ ਵਿੱਚ ਕਿਉਂ ਨਹੀਂ ਆਏ, ਜਦਕਿ ਇਸ ਵਿੱਚ ਰਾਸ਼ਟਰਪਤੀ ਦੀ ਮੌਜੂਦਗੀ ਨਾਲ ਉਨ੍ਹਾਂ ਦਾ ਆਉਣਾ ਸੰਵਿਧਾਨਕ ਜ਼ਿੰਮੇਵਾਰੀ ਸੀ। ਇਸ ਤੋਂ ਪਹਿਲਾਂ ਮਾਨ ਅਤੇ ਗਵਰਨਰ ਵਿਧਾਨ ਸਭਾ ਸੈਸ਼ਨ ਦੇ ਮੁੱਦੇ ‘ਤੇ ਆਹਮੋ-ਸਾਹਮਣੇ ਹੋ ਚੁੱਕੇ ਹਨ।

ਦੱਸ ਦੇਈਏ ਕਿ ਸੀ.ਐੱਮ. ਭਗਵੰਤ ਮਾਨ ਇਸ ਵੇਲੇ ਗੁਜਰਾਤ ਵਿੱਚ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਵੀ ਆਪਣੀ ਕਿਸਮਤ ਅਜ਼ਮਾ ਰਹੀ ਹੈ। ਏਅਰਫੋਰਸ ਦਾ ਪ੍ਰੋਗਰਾਮ ਪਹਿਲਾਂ ਦਿੱਲੀ ਵਿੱਚ ਹੋਣਾ ਸੀ ਪਰ ਬਾਅਦ ਵਿੱਚ ਇਸ ਨੂੰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ‘ਆਪ’ ਵੱਲੋਂ 22 ਸਤੰਬਰ ਨੂੰ ਸਿਰਫ਼ ਭਰੋਸੇ ਦਾ ਵੋਟ ਸਾਬਤ ਕਰਨ ਲਈ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰੱਦ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ 27 ਸਤੰਬਰ ਨੂੰ ਮੁੜ ਸੈਸ਼ਨ ਬੁਲਾਇਆ ਹੈ। ਜਦੋਂ ਸੈਸ਼ਨ ਸ਼ੁਰੂ ਹੋਇਆ ਤਾਂ ਸਦਨ ਵਿੱਚ ਭਰੋਸੇ ਦਾ ਮਤਾ ਪਾਸ ਕੀਤਾ ਗਿਆ। ਉਦੋਂ ਤੋਂ ਦੋਵਾਂ ਵਿਚਾਲੇ ਤਣਾਅ ਜਾਰੀ ਹੈ।ਚੰਡੀਗੜ੍ਹ ਏਅਰਪੋਰਟ ਦੇ ਨਾਮਕਰਨ ਪ੍ਰੋਗਰਾਮ ਨੂੰ ਲੈ ਕੇ ਸੀ.ਐਮ ਮਾਨ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਵਧੀ ਹੋਈ ਤਕਰਾਰ ਵੀ ਸਾਹਮਣੇ ਆਈ ਸੀ। ਦੋਵੇਂ ਬੇਸ਼ੱਕ ਇੱਕ ਮੰਚ ‘ਤੇ ਬੈਠੇ ਸਨ, ਪਰ ਇੱਕ-ਦੂਜੇ ਨਾਲ ਗੱਲ ਕਰਨ ਲਈ ਉਨ੍ਹਾਂ ਨੇ ਇੱਕ ਦੂਜੇ ਵੱਲ ਤੱਕਿਆ ਵੀ ਨਹੀਂ।