ਪਿੰਡ ਸਿਵਾਣਾ ਨੇੜੇ ਲਾੜੇ ਦੇ ਭਰਾ ਅਤੇ ਦੋਸਤਾਂ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ’ਚ ਇਲਾਜ ਲਈ ਭਰਤੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ ਸੀ। ਬਾਰਾਤ ਸਿਵਾਣਾ ਪਿੰਡ ਗਈ ਸੀ। ਇਸ ਦੌਰਾਨ ਕੁਝ ਵਾਹਨਾਂ ’ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਸ ਦੀ ਤੇ ਉਸ ਦੇ ਦੋਸਤਾਂ ਦੀ ਕੁੱਟਮਾਰ ਕੀਤੀ। ਹਮਲਾਵਰਾਂ ਨੇ ਵਾਹਨਾਂ ਦੀ ਵੀ ਭੰਨਤੋੜ ਕੀਤੀ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਡੀਜੇ ’ਤੇ ਗਾਣਾ ਲਗਾਉਣ ਕਾਰਨ ਝਗੜਾ ਹੋਇਆ ਸੀ, ਜੋ ਉਦੋਂ ਹੀ ਖ਼ਤਮ ਹੋ ਗਿਆ ਸੀ।

ਇਸ ਤੋਂ ਬਾਅਦ ਸਵੇਰ ਸਮੇਂ ਇਹ ਹਮਲਾ ਹੋ ਗਿਆ। ਇਸ ਮੌਕੇ ਫੱਤਾ ਰਾਮ ਮੈਂਬਰ ਪੰਚਾਇਤ ਨੇ ਕਿਹਾ ਕਿ ਹਮਲਾਵਰਾਂ ਤੋਂ ਬਚਣ ਲਈ ਝੋਨੇ ਦੇ ਖੇਤਾਂ ’ਚ ਭੱਜ ਕੇ ਜਾਨ ਬਚਾਈ। ਹਮਲਾਵਰਾਂ ਦੀ ਗਿਣਤੀ 25 ਤੋਂ 30 ਸੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਥੋਂ ਲੰਘ ਰਹੇ ਭਾਰਤੀ ਫੌਜ ਦੇ ਜਵਾਨਾਂ ਨੇ ਬਾਰਾਤੀਆਂ ਦੀ ਜਾਨ ਬਚਾਈ। ਪੁਲੀਸ ਦੇ ਤਫਤੀਸ਼ੀ ਅਫ਼ਸਰ ਗੁਰਨਾਮ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਅਜੈ, ਸਾਹਿਲ ਕੁਮਾਰ, ਕੁਲਦੀਪ, ਟੀਨੂ, ਸੰਦੀਪ ਕੁਮਾਰ ਅਤੇ 20-22 ਵਿਅਕਤੀ ਅਣਪਛਾਤੇ ਨਾਮਜ਼ਦ ਕੀਤੇ ਗਏ ਹਨ। ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ।