ਲੰਡਨ, 29 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਆਨਲਾਇਨ ਗੇਮਾਂ ਅਤੇ ਕੋਰੋਨਾ ਨੇ ਨੌਜਵਾਨਾਂ ਦੀ ਜ਼ਿੰਦਗੀ ‘ਤੇ ਵੀ ਬੁਰਾ ਅਸਰ ਪਾਇਆ ਹੈ | ਤਾਲਾਬੰਦੀ ਦੌਰਾਨ ਨੌਜਵਾਨ ਇਕੱਲੇ ਆਪਣੇ ਕਮਰਿਆਂ ਵਿਚ ਲੰਮਾਂ ਸਮਾਂ ਆਨਲਾਇਨ ਗੇਮਾਂ ਨਾਲ ਗੁਜ਼ਾਰਦੇ ਰਹੇ, ਜਿਸ ਨਾਲ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿ੍ਸਮਸ ਵਾਲੇ ਦਿਨ ਸ਼ਾਹੀ ਮਹੱਲ ਵਿੰਡਸਰ ਕਾਸਲ ਵਿਖੇ ਪਹੁੰਚੇ ਜਸਵੰਤ ਸਿੰਘ ਚੈਲ ਦੇ ਪਿਤਾ ਜਸਬੀਰ ਸਿੰਘ ਨੇ ਆਪਣੇ ਇਕ ਗੁਆਂਢੀ ਕੋਲ ਵੀ ਅਜਿਹਾ ਖੁਲਾਸਾ ਕੀਤਾ ਸੀ | ਉਹ ਆਪਣੇ ਬੇਟੇ ਦੇ ਇਕੱਲੇ ਕਮਰੇ ਵਿਚ ਲੰਮਾਂ ਸਮਾਂ ਰਹਿਣਾ ਅਤੇ ਆਨਲਾਇਨ ਰਹਿਣ ਤੋਂ ਚਿੰਤਤ ਸੀ | ਗੁਆਂਢੀ ਨੇ ਆਪਣਾ ਨਾਂਅ ਗੁਪਤ ਰੱਖਦਿਆਂ ਡੇਲੀ ਮੇਲ ਅਖਬਾਰ ਨੂੰ ਦੱਸਿਆ ਕਿ ਜਸਬੀਰ ਸਿੰਘ ਚੈਲ ਆਪਣੇ ਬੇਟੇ ਜਸਵੰਤ ਸਿੰਘ ਚੈਲ ‘ਤੇ ਤਾਲਾਬੰਦੀ ਦੇ ਪੈ ਰਹੇ ਪ੍ਰਭਾਵ ਤੋਂ ਚਿੰਤਤ ਸੀ | ਉਨ੍ਹਾਂ ਕਿਹਾ ਕਿ ਤਾਲਾਬੰਦੀ ਨੇ ਉਸ ਨੂੰ ਇਕੱਲਾ ਅਤੇ ਨਿਰਾਸ਼ ਕਰ ਦਿੱਤਾ ਸੀ | ਗੁਆਂਢੀ ਨੇ ਕਿਹਾ ਕਿ ਜਦੋਂ ਜਸ ਦੇ ਪਿਤਾ ਉਸ ਨੂੰ ਘਰ ਦੇ ਬਾਹਰ ਕੰਮ ਕਰਦੇ ਵੇਖਦੇ ਤਾਂ ਅਕਸਰ ਗੱਲਬਾਤ ਕਰਨ ਲੱਗ ਜਾਂਦੇ ਕਿ ਉਸ ਦਾ ਪੁੱਤਰ ਘਰ ਵਿਚ ਕੋਈ ਕੰਮ ਨਹੀਂ ਕਰਦਾ | ਜਸਵੰਤ ਸਿੰਘ ਚੈਲ ਪੁਲਿਸ ਹਿਰਾਸਤ ਵਿਚ ਹੀ ਹੈ ਅਤੇ ਉਸ ਨੂੰ ਮਾਨਸਿਕ ਸਿਹਤ ਐਕਟ ਅਧੀਨ ਗਿ੍ਫ਼ਤਾਰ ਕੀਤਾ ਗਿਆ | ਦੂਸਰੇ ਪਾਸੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਰਾਸਬੋਅ (ਤੀਰ ਕਮਾਨ) ਰੱਖਣ, ਖਰੀਦਣ ਜਾਂ ਵੇਚਣ ਬਾਰੇ ਕਾਨੂੰਨੀ ਸਮੀਖਿਆ ਕਰਨ ਲਈ ਕਿਹਾ ਹੈ |


ਤੀਰ ਕਮਾਨ ਨਾਲ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈਥ-2 ਦੇ ਮਹਿਲ ਵਿੰਡਸਰ ਕਾਸਲ ਵਿਚ ਦਾਖਲ ਹੋਣ ਵਾਲੇ ਵਿਅਕਤੀ ਦੀ ਪਹਿਚਾਣ ਭਾਰਤੀ ਮੂਲ ਦੇ 19 ਸਾਲਾ ਜਸਵੰਤ ਸਿੰਘ ਚੈਲ ਵਜੋਂ ਹੋਈ ਹੈ | ਬਿ੍ਟਿਸ਼ ਮਹਾਰਾਣੀ ਐਲਿਜ਼ਾਬੈਥ-2 ਕਿ੍ਸਮਸ ਮਨਾਉਣ ਲਈ ਵਿੰਡਸਰ ਕਾਸਲ ‘ਚ ਹੀ ਸੀ | ਦੱਸਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਚੈਲ ਜਲਿਆਂਵਾਲਾ ਬਾਗ ਅੰਮਿ੍ਤਸਰ ਦੇ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨ ਆਇਆ ਸੀ | ਪੁਲਿਸ ਨੇ ਉਸ ਨੂੰ ਮਾਨਸਿਕ ਸਿਹਤ ਐਕਟ ਤਹਿਤ ਹਿਰਾਸਤ ‘ਚ ਲੈ ਲਿਆ ਹੈ | ਰਿਪੋਰਟ ਮੁਤਾਬਕ ਲੰਡਨ ਪੁਲਿਸ ਉਸ ਦੀ ਮਾਨਸਿਕ ਸਿਹਤ ਦੀ ਜਾਂਚ ਕਰਵਾ ਰਹੀ ਹੈ | ਇਸ ਘਟਨਾ ਦੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਹਮਲਾਵਰ ਜਸਵੰਤ ਸਿੰਘ ਤੀਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ | ਜਸਵੰਤ ਸਿੰਘ ਨੇ ਕਿ੍ਸਮਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ ‘ਤੇ ਇਕ ਵੀਡੀਓ ਅਪਲੋਡ ਕੀਤੀ | ਜਸਵੰਤ ਨੇ ਆਪਣੀ ਆਵਾਜ਼ ਛੁਪਾਉਣ ਲਈ ਫਿਲਟਰ ਦੀ ਵਰਤੋਂ ਕੀਤੀ | ਉਸ ਨੇ ਵੀਡੀਓ ‘ਚ ਕਿਹਾ ਕਿ ਮੈਨੂੰ ਮੁਆਫ ਕਰਨਾ | ਮੈਨੂੰ ਮਾਫ਼ ਕਰੋ ਜੋ ਮੈਂ ਕੀਤਾ ਹੈ ਅਤੇ ਜੋ ਮੈਂ ਕਰਾਂਗਾ | ਮੈਂ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ | ਇਹ 1919 ਦੇ ਜਲਿ•ਆਂਵਾਲਾ ਬਾਗ ਸਾਕੇ ਵਿਚ ਮਾਰੇ ਗਏ ਲੋਕਾਂ ਦਾ ਬਦਲਾ ਹੈ | ਜਸਵੰਤ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ, ਜਿਨ੍ਹਾਂ ਨੂੰ ਜਲਿਆਂਵਾਲਾ ਬਾਗ ‘ਚ ਸ਼ਹੀਦ ਕੀਤਾ ਗਿਆ ਸੀ | ਮੇਰਾ ਨਾਮ ਜਸਵੰਤ ਸਿੰਘ ਚੈਲ ਹੈ | ਮੇਰਾ ਨਾਮ ਡਾਰਥ ਜੋਨਸ ਹੈ | ਇਸ ਵੀਡੀਓ ਤੋਂ ਇਲਾਵਾ ਸਨੈਪਚੈਟ ‘ਤੇ ਇਕ ਸੰਦੇਸ਼ ਵੀ ਦਿੱਤਾ ਗਿਆ ਸੀ | ਇਸ ‘ਚ ਕਿਹਾ ਗਿਆ ਸੀ ਕਿ ਜਿਨ੍ਹਾਂ ਨਾਲ ਮੈਂ ਗਲਤ ਕੀਤਾ ਹੈ ਜਾਂ ਉਨ੍ਹਾਂ ਨਾਲ ਝੂਠ ਬੋਲਿਆ ਹੈ, ਮੈਨੂੰ ਮੁਆਫ ਕਰ ਦਿਓ | ਭਾਵੇਂ ਮੀਡੀਆ ਰਿਪੋਰਟਾਂ ਅਨੁਸਾਰ ਜਸਵੰਤ ਸਿੰਘ ਯੂ.ਕੇ. ਦੇ ਸ਼ਹਿਰ ਸਾਊਥਪੈਂਟਨ ਦਾ ਵਾਸੀ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਨੇ ਅਜੇ ਤੱਕ ਹਮਲਾਵਰ ਦਾ ਨਾਂਅ ਜਾਰੀ ਨਹੀਂ ਕੀਤਾ | ਪੁਲਿਸ ਨੇ ਦੱਸਿਆ ਕਿ ਹਮਲਾਵਰ ਪੈਲੇਸ ਦੇ ਬਾਗ ‘ਚ ਸੈਰ ਕਰਦੇ ਹੋਏ ਸੀ.ਸੀ.ਟੀ.ਵੀ. ‘ਚ ਕੈਦ ਹੋ ਗਿਆ | ਉਹ ਬਾਹਰਲੀ ਕੰਧ ਟੱਪ ਕੇ ਅੰਦਰ ਗਿਆ | ਗਿ੍ਫ਼ਤਾਰ ਕੀਤੇ ਨੌਜਵਾਨ ਦੇ ਪਿਤਾ ਜਸਬੀਰ ਸਿੰਘ ਚੈਲ ਇਕ ਸਾਫਟਵੇਅਰ ਇੰਜੀਨੀਅਰ ਹਨ ਅਤੇ ਉਹ ਆਪਣੇ ਘਰ ਤੋਂ ਹੀ ਆਪਣੀ ਪਤਨੀ ਨਾਲ ਆਈ ਟੀ ਕੰਪਨੀ ਚਲਾ ਰਿਹਾ ਹੈ | 57 ਸਾਲਾ ਜਸਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨਾਲ ਕੁਝ ਗਲਤ ਹੋਇਆ ਹੈ | ਉਹ ਇਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ |