ਯੂਕਰੇਨ ‘ਚ ਪਰਮਾਣੂ ਹਮਲੇ ਤੋਂ ਬਚਣ ਦੀ ਤਿਆਰੀਆਂ ਸ਼ੁਰੂ
ਰੂਸ ਅਤੇ ਯੂਕਰੇਨ ਯੁੱਧ ਵਧਦਾ ਹੀ ਜਾ ਰਿਹਾ ਹੈ। ਕਰੀਮੀਆ (ਰੂਸ ਦੇ ਕਬਜ਼ੇ ਵਾਲਾ ਖੇਤਰ) ਦੇ ਕ੍ਰਿਚ ਬਰਿੱਜ ਹਮਲੇ ਤੋਂ ਬਾਅਦ ਰੂਸ ਪੂਰੀ ਤੀਬਰਤਾ ਨਾਲ ਹਮਲੇ ਦੀ ਤਿਆਰੀ ਵਿੱਚ ਹੈ। ਰੂਸ ਦੇ ਜਰਨੈਲ ਕਹਿ ਰਹੇ ਹਨ ਕਿ ਰੂਸੀ ਫੌਜ ਨੇ ਯੂਕਰੇਨ ਨੂੰ ਮਲੀਆਮੇਟ ਕਰਨਾ ਹੈ। ਯੂਰਪ ਨੂੰ ਜਾਂਦੀ ਗੈਸ, ਬਿਜਲੀ, ਅਨਾਜ ਰੋਕ ਦੇਣਾ ਹੈ। ਮਹਿੰਗਾਈ ਦੀ ਮਾਰ ਝੱਲ ਰਿਹਾ ਯੂਰਪ ਇਸ ਗੱਲੋਂ ਚਿੰਤਤ ਹੈ ਕਿ ਅਗਾਂਹ ਸਿਆਲ ਆ ਰਿਹਾ, ਚੁਣੌਤੀਆਂ ਬਹੁਤ ਵੱਡੀਆਂ ਹੋਣਗੀਆਂ।
ਯੂਕਰੇਨ ਦੇ ਲੋਕ ਖੂਹਾਂ ਨੂੰ ਬੰਕਰਾਂ ‘ਚ ਬਦਲ ਰਹੇ ਹਨ। ਉਨ੍ਹਾਂ ਨੂੰ ਜਾਪਦਾ ਕਿ ਰੂਸ ਪਰਮਾਣੂ ਹਮਲਾ ਵੀ ਕਰ ਸਕਦਾ। ਯੂਕਰੇਨ ਸਮੇਤ ਪੋਲੈਂਡ ਤੇ ਅਮਰੀਕਾ ਵੱਡੀ ਪੱਧਰ ‘ਤੇ ਪੋਟਾਸ਼ੀਅਮ ਆਇਓਡਾਈਡ ਗੋਲੀਆਂ ਖਰੀਦ ਰਹੇ ਹਨ ਤਾਂ ਕਿ ਸੰਭਾਵੀ ਪਰਮਾਣੂ ਹਮਲੇ ਤੋਂ ਬਚਾਅ ਲਈ ਇਹ ਗੋਲੀਆਂ ਪਹਿਲਾਂ ਹੀ ਲੋਕਾਂ ‘ਚ ਵੰਡ ਦਿੱਤੀਆਂ ਜਾਣ ਤਾਂ ਕਿ ਉਨ੍ਹਾਂ ਦੇ ਸਰੀਰ ਨੂੰ ਰੇਡੀਓਐਕਟਿਵਟੀ ਕਾਰਨ ਘੱਟ ਨੁਕਸਾਨ ਹੋਵੇ।
ਅਮਰੀਕਾ ਗਈ ਕੈਨੇਡਾ ਦੀ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਕਹਿ ਰਹੀ ਹੈ ਕਿ ਦੁਨੀਆ ਨੂੰ ਬਿਜਲੀ ਤੇ ਗੈਸ ਦੀ ਕਿੱਲਤ ਨਾਲ ਜੂਝਣਾ ਪੈ ਸਕਦਾ ਤੇ ਨਾਲ ਹੀ ਆਰਥਿਕਤਾ ਤੇ ਖੁਸ਼ਹਾਲੀ ਸਮੇਤ ਦੁਨੀਆ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ। ਪੱਛਮ ਨੂੰ ਜਲਦ ਹੀ ਕੁਝ ਕਰਨਾ ਪਵੇਗਾ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਸੋਮਵਾਰ ਨੂੰ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਇਲਾਕਿਆਂ ‘ਚ ਮਿਜ਼ਾਈਲ ਹਮਲੇ ਕੀਤੇ। ਮਿਜ਼ਾਈਲ ਹਮਲਿਆਂ ‘ਚ 19 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਯੂਕਰੇਨ ‘ਤੇ ਇਕ ਤੋਂ ਬਾਅਦ ਇਕ ਮਿਜ਼ਾਈਲ ਹਮਲੇ ਤੋਂ ਬਾਅਦ ਰੂਸ ਦੁਬਾਰਾ ਹਮਲਾ ਕਰ ਸਕਦਾ ਹੈ। ਸਥਿਤੀ ਨੂੰ ਦੇਖਦੇ ਹੋਏ ਯੂਕਰੇਨ ਦੇ ਨਿਵਾਸੀਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ।ਯੂਕਰੇਨ ਦੇ ਐਮਰਜੈਂਸੀ ਵਿਭਾਗ ਨੇ ਵੀ ਮੰਗਲਵਾਰ ਨੂੰ ਮਿਜ਼ਾਈਲ ਹਮਲੇ ਦੀ ਸੰਭਾਵਨਾ ਜਤਾਈ ਹੈ। ਅਜਿਹੇ ‘ਚ ਯੂਕਰੇਨ ਦੇ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਨਾਲ ਹੀ ਪੂਰੇ ਯੂਕਰੇਨ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਐਮਰਜੈਂਸੀ ਵਿਭਾਗ ਦਾ ਕਹਿਣਾ ਹੈ ਕਿ ਯੂਕਰੇਨ ‘ਤੇ ਦੁਬਾਰਾ ਹਮਲਾ ਕਰਨ ਵਾਲੀਆਂ ਮਿਜ਼ਾਈਲਾਂ ਦੀ ਉੱਚ ਸੰਭਾਵਨਾ ਹੈ।ਵਿਭਾਗ ਨੇ ਟੈਲੀਗ੍ਰਾਮ ਐਪ ‘ਤੇ ਸੰਦੇਸ਼ ਜਾਰੀ ਕੀਤਾ ਹੈ। ਸੰਦੇਸ਼ ਵਿੱਚ ਕਿਹਾ ਗਿਆ ਹੈ, ‘ਲੋਕਾਂ ਨੂੰ ਆਪਣੀ ਸੁਰੱਖਿਆ ਲਈ ਸ਼ੈਲਟਰਾਂ ਵਿੱਚ ਰਹਿਣਾ ਚਾਹੀਦਾ ਹੈ। ਹਵਾਈ ਹਮਲੇ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ।ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਯੂਕਰੇਨ ‘ਤੇ ਰੂਸ ਦੇ ਹਮਲਿਆਂ ‘ਚ 19 ਲੋਕ ਮਾਰੇ ਗਏ ਸਨ। ਹਮਲਿਆਂ ‘ਚ 105 ਲੋਕ ਜ਼ਖ਼ਮੀ ਵੀ ਹੋਏ ਹਨ।ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ। ਰਾਜਧਾਨੀ ਕੀਵ ਸਮੇਤ ਯੂਕਰੇਨ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਜੋ ਬਾਇਡਨ ਅਤੇ ਵਲੋਦੋਮੀਰ ਜ਼ੇਲੈਂਸਕੀ ਵਿਚਾਲੇ ਗੱਲਬਾਤ ਹੋਈ ਸੀ।