‘ਸੂਬੇ ਵਿੱਚ ਸਾਰੇ ਨਕਲੀ ਬਰਾਂਡ ਮਹਿੰਗੇ ਭਾਅ ’ਤੇ ਵਿਕਦੇ ਹਨ’

ਦੇਸ਼ ਦੇ ਕਈ ਸੂਬੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਗੱਲ ਕਰ ਰਹੇ ਹਨ। ਉਥੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨੇ ਅਜੀਬੋ ਗਰੀਬ ਬਿਆਨ ਦਿੱਤਾ ਹੈ। ਦਰਅਸਲ ਆਂਧਰਾ ਪ੍ਰਦੇਸ਼ ਭਾਜਪਾ ਪ੍ਰਧਾਨ ਸੋਮੂ ਵੀਰਰਾਜੂ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਨੂੰ ਵੋਟ ਦਿਓ। ਜੇਕਰ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ 50 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ‘ਗੁਣਵੱਤਾ’ ਵਾਲੀ ਸ਼ਰਾਬ ਦੀ ਸਪਲਾਈ ਕੀਤੀ ਜਾਵੇਗੀ।

ਜਾਣਕਾਰੀ ਮੁਤਾਬਕ ਭਾਜਪਾ ਨੇਤਾ ਨੇ ਵਿਜੇਵਾੜਾ ‘ਚ ਪਾਰਟੀ ਦੀ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਬਿਆਨ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵੇਲੇ ਚੰਗੀ ਸ਼ਰਾਬ ਦੀ ਇੱਕ ਚੌਥਾਈ ਬੋਤਲ ਦੀ ਕੀਮਤ 200 ਰੁਪਏ ਤੋਂ ਵੱਧ ਹੈ। ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਸ਼ਰਾਬ ਦੀ ਇੱਕ ਬੋਤਲ ਦੀ ਕੀਮਤ 50 ਤੋਂ 70 ਰੁਪਏ ਤੱਕ ਹੋ ਜਾਵੇਗੀ। ਉਨ੍ਹਾਂ ਨੇ ਘਟੀਆ ਕੁਆਲਿਟੀ ਦੀ ਮਹਿੰਗੀ ਸ਼ਰਾਬ ਵੇਚਣ ਲਈ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ।

ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਸਾਰੇ ਨਕਲੀ ਬਰਾਂਡ ਮਹਿੰਗੇ ਭਾਅ ’ਤੇ ਵਿਕਦੇ ਹਨ, ਜਦੋਂ ਕਿ ਗੁਣਵੱਤਾ ਵਾਲੇ ਬਰਾਂਡ ਉਪਲਬਧ ਨਹੀਂ ਹਨ। ਭਾਜਪਾ ਆਗੂ ਨੇ ਕਿਹਾ ਕਿ ਸੂਬੇ ਦਾ ਹਰ ਵਿਅਕਤੀ ਸ਼ਰਾਬ ‘ਤੇ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਖਰਚ ਕਰ ਰਿਹਾ ਹੈ।

ਵੀਰਰਾਜੂ ਨੇ ਕਿਹਾ ਕਿ ਸੂਬੇ ‘ਚ ਇਕ ਕਰੋੜ ਲੋਕ ਸ਼ਰਾਬ ਦਾ ਸੇਵਨ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ 2024 ਦੀਆਂ ਚੋਣਾਂ ‘ਚ ਇਕ ਕਰੋੜ ਲੋਕ ਭਾਜਪਾ ਨੂੰ ਵੋਟ ਦੇਣ। ਉਨ੍ਹਾਂ ਕਿਹਾ ਕਿ ‘ਭਾਰਤੀ ਜਨਤਾ ਪਾਰਟੀ ਨੂੰ ਇਕ ਕਰੋੜ ਵੋਟ ਦਿਓ। ਅਸੀਂ ਸਿਰਫ਼ 70 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ। ਜੇਕਰ ਸਾਡੇ ਕੋਲ ਹੋਰ ਮਾਲੀਆ ਬਚਿਆ ਹੈ, ਤਾਂ ਅਸੀਂ ਸਿਰਫ਼ 50 ਰੁਪਏ ਵਿੱਚ ਸ਼ਰਾਬ ਮੁਹੱਈਆ ਕਰਵਾਵਾਂਗੇ।


ਭਾਜਪਾ ਦੇ ਸੂਬਾ ਪ੍ਰਧਾਨ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਕੋਲ ਸ਼ਰਾਬ ਦੀਆਂ ਫੈਕਟਰੀਆਂ ਹਨ ਜੋ ਸਰਕਾਰ ਨੂੰ ਸਸਤੀ ਸ਼ਰਾਬ ਸਪਲਾਈ ਕਰਦੀਆਂ ਹਨ। ਸੋਮੂ ਵੀਰਰਾਜੂ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਭਾਜਪਾ ਸੱਤਾ ‘ਚ ਆਉਂਦੀ ਹੈ ਤਾਂ ਸੂਬੇ ‘ਚ ਲੋਕਾਂ ਨੂੰ ਮੁਫਤ ਸਿੱਖਿਆ ਅਤੇ ਮੁਫਤ ਸਿਹਤ ਯੋਜਨਾਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਸੂਬੇ ਵਿੱਚ ਮਿਆਰੀ ਸਿੱਖਿਆ ਅਤੇ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਖੇਤੀ ਦਾ ਬਦਲ ਵੀ ਲਿਆਂਦਾ ਜਾਵੇਗਾ।