1 ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਫੜੇ ਏ ਆਈ ਜੀ ਆਸ਼ੀਸ਼ ਕਪੂਰ ਦੀਆਂ 15 ਕਰੋੜ ਰੁਪਏ ਮੁੱਲ ਦੀਆਂ 8 ਜਾਇਦਾਦਾਂ ਦਾ ਖੁਲ੍ਹਾਸਾ ਹੋਇਆ ਹੈ। ਇਸ ਮਗਰੋਂ ਮਾਮਲਾ ਇਨਕਮ ਟੈਕਸ ਅਤੇ ਈ ਡੀ ਕੋਲ ਪਹੁੰਚ ਗਿਆ ਹੈ।ਆਸ਼ੀਸ਼ ਕਪੂਰ ਦੀਆਂ ਜ਼ੀਰਕਪੁਰ, ਪਟਿਆਲਾ ਤੇ ਲਹਿਰਾਗਾਗਾ ਵਿਚ 8 ਜਾਇਦਾਦਾਂ ਦਾ ਖੁਲ੍ਹਾਸਾ ਹੋਇਆ ਹੈ ਜਿਹਨਾਂ ਦਾ ਮੁੱਲ 15 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਕਪੂਰ ਦੇ ਬੈਂਕ ਲਾਕਰਾਂ ਦੀ ਜਾਂਚ ਕਰਨ ’ਤੇ ਉਸ ਵਿਚੋਂ ਸਵਾ ਕਿਲੋ ਸੋਨਾ ਤੇ ਹੀਰੇ ਦੇ ਗਹਿਣੇ ਮਿਲੇ ਹਨ। ਆਸ਼ੀਸ਼ ਕਪੂਰ ਦੀ ਸੈਕਟਰ 88 ਸਥਿਤ ਕੋਠੀ ਦੀ ਪੈਮਾਇਸ਼ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰੀ ਤੋਂ ਪਹਿਲਾਂ ਕੀਤੀ ਜਾ ਚੁੱਕੀ ਹੈ। ਮਾਰਕੀਟ ਕੀਮਤ ਅਨੁਸਾਰ 1 ਕਨਾਲ ਦੀ ਇਸ ਕੋਠੀ ਦੀ ਕੀਮਤ 6 ਤੋਂ 7 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਇਸਦੀ ਰਜਿਸਟਰੀ ਆਸ਼ੀਸ਼ ਕਪੂਰ ਨੇ ਸਿਰਫ 88 ਲੱਖ ਰੁਪਏ ਵਿਚ ਕਰਵਾਈ ਹੈ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵੱਡੀ ਜਾਇਦਾਦ ਦੇ ਖੁਲ੍ਹਾਸੇ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਨਕਮ ਟੈਕਸ ਤੇ ਈ ਡੀ ਨੂੰ ਮਾਮਲੇ ਦੀ ਜਾਂਚ ਵਾਸਤੇ ਚਿੱਠੀ ਲਿਖੀ ਹੈ।

ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਏ. ਆਈ. ਜੀ ਆਸ਼ੀਸ਼ ਕਪੂਰ ਨੂੰ ਅਦਾਲਤ ਵਿਚ ਪੇਸ਼ ਕਰਦਿਆਂ ਏ. ਆਈ. ਜੀ. ਦੇ ਲਾਕਰ ਵਿਚੋਂ ਮਿਲੇ ਗਹਿਣਿਆਂ ਦੀਆਂ ਰਸੀਦਾਂ ਵੀ ਪੇਸ਼ ਕੀਤੀਆਂ। ਵਿਜੀਲੈਂਸ ਨੇ ਅਦਾਲਤ ਨੂੰ ਦੱਸਿਆ ਕਿ ਰਸੀਦਾਂ ਪੂਨਮ ਰਾਜਨ ਦੇ ਨਾਂ ‘ਤੇ ਹਨ ਅਤੇ ਉਨ੍ਹਾਂ ਦੇ ਕੁਰੂਕਸ਼ੇਤਰ ਸਥਿਤ ਘਰ ਦਾ ਪਤਾ ਹੈ। ਅਦਾਲਤ ਨੇ ਏ. ਆਈ. ਜੀ. ਆਸ਼ੀਸ਼ ਕਪੂਰ ਦਾ ਪੁਲਸ ਰਿਮਾਂਡ 17 ਅਕਤੂਬਰ ਤੱਕ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਏ. ਆਈ. ਜੀ. ਆਸ਼ੀਸ਼ ਕਪੂਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਲਾਕਰ ਵਿਚਲੇ ਗਹਿਣੇ ਉਸ ਦੇ ਸੈਲਰੀ ਖ਼ਾਤੇ ਤੋਂ ਉਸ ਦੇ ਡੈਬਿਟ ਕਾਰਡ ’ਤੇ ਖ਼ਰੀਦੇ ਗਏ ਸਨ। ਇੱਥੇ ਵਿਜੀਲੈਂਸ ਨੇ 400.14 ਗ੍ਰਾਮ ਵਜ਼ਨ ਦੇ 13 ਲੱਖ ਰੁਪਏ ਦੇ ਗਹਿਣਿਆਂ ਦੀਆਂ ਰਸੀਦਾਂ ਸਬੂਤ ਵਜੋਂ ਪੇਸ਼ ਕੀਤੀਆਂ ਹਨ। ਵਿਜੀਲੈਂਸ ਨੇ ਅਦਾਲਤ ਵਿਚ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪੂਨਮ ਵਲੋਂ ਗਹਿਣੇ ਖ਼ਰੀਦੇ ਗਏ ਹਨ, ਜੋ ਆਸ਼ੀਸ਼ ਕਪੂਰ ਦੇ ਲਾਕਰ ਵਿਚੋਂ ਮਿਲੇ ਹਨ।

ਨਾਲ ਹੀ ਵਿਜੀਲੈਂਸ ਨੇ ਅਦਾਲਤ ਵਿਚ ਦੋਸ਼ ਲਾਇਆ ਕਿ ਬਿਊਰੋ ਨੇ ਆਸ਼ੀਸ਼ ਕਪੂਰ ਦੇ ਘਰ ਦਾ ਪਹਿਲਾਂ ਹੀ ਮਾਪ ਕਰ ਲਿਆ ਹੈ, ਜੋ ਕਿ ਸ਼ੱਕੀ ਪੈਸਿਆਂ ਦੀ ਵਰਤੋਂ ਕਰ ਕੇ ਉਸਾਰਿਆ ਗਿਆ ਸੀ। ਦੂਜੇ ਪਾਸ ਏ. ਆਈ. ਜੀ. ਆਸ਼ੀਸ਼ ਕਪੂਰ ਨੇ ਅਦਾਲਤ ਵਿਚ ਪਹਿਲਾਂ ਹੀ ਪੇਸ਼ ਕੀਤਾ ਸੀ ਕਿ ਸੈਕਟਰ-22 ਚੰਡੀਗੜ੍ਹ ਵਿਚ ਇਕ ਬੈਂਕ ਦੇ ਉਸ ਦੇ ਲਾਕਰ ਵਿਚ ਖ਼ਰੀਦੇ ਗਏ ਗਹਿਣੇ ਡੈਬਿਟ ਕਾਰਡ ਦੀ ਵਰਤੋਂ ਕਰਕੇ ਉਸ ਦੇ ਸੈਲਰੀ ਖ਼ਾਤੇ ਵਿਚੋਂ ਹਨ ਅਤੇ ਉਸ ਨੇ ਕਿਹਾ ਕਿ ਉਸ ਦੇ ਖ਼ੁਲਾਸੇ ’ਤੇ ਉਸ ਦੇ ਲਾਕਰ ਦੀ ਤਲਾਸ਼ੀ ਲਈ ਤਾਂ ਉਸ ਦੇ ਖ਼ੁਲਾਸੇ ਅਨੁਸਾਰ ਲਾਕਰ ਵਿਚੋਂ ਗਹਿਣੇ ਮਿਲੇ। ਵਿਜੀਲੈਂਸ ਦੇ ਸੂਤਰਾਂ ਨੇ ਦੱਸਿਆ ਕਿ ਪੂਨਮ ਰਾਜਨ ਦੇ ਨਾਂ ’ਤੇ ਗਹਿਣਿਆਂ ਦੀਆਂ ਰਸੀਦਾਂ ਸਿੱਧੇ ਤੌਰ ’ਤੇ ਏ. ਆਈ. ਜੀ. ਆਸ਼ੀਸ਼ ਦੇ ਅਪਰਾਧ ਨਾਲ ਸਿੱਧੇ ਸਬੰਧ ਨੂੰ ਦਰਸਾਉਂਦੀਆਂ ਹਨ। ਇਕ ਸੀਨੀਅਰ ਵਿਜੀਲੈਂਸ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਗਹਿਣਿਆਂ ਦੀਆਂ ਰਸੀਦਾਂ ਦੇ ਰੂਪ ’ਚ ਪੂਨਮ ਦੇ ਨਾਂ ਦੇ ਆਸ਼ੀਸ਼ ਕਪੂਰ ਦੇ ਖ਼ਿਲਾਫ਼ ਸਿੱਧੇ ਸਬੂਤ ਹਨ।

ਇਸ ਨਾਲ ਪੂਨਮ ਵਲੋਂ ਏ. ਆਈ. ਜੀ. ’ਤੇ ਲੱਗੇ ਦੋਸ਼ ਵੀ ਸਾਬਤ ਹੁੰਦੇ ਹਨ। ਜੌਹਰੀ ਨੇ ਆਪਣੀ ਦੁਕਾਨ ਤੋਂ ਗਹਿਣਿਆਂ ਦੀ ਖ਼ਰੀਦ ਦੀਆਂ ਰਸੀਦਾਂ ਪੇਸ਼ ਕੀਤੀਆਂ ਸਨ। ਹਾਲ ਹੀ ਵਿਚ ਵਿਜੀਲੈਂਸ ਨੇ ਅਦਾਲਤ ਵਿਚ 11 ਗਵਾਹਾਂ ਦੇ ਬਿਆਨ ਪੇਸ਼ ਕੀਤੇ ਸਨ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਆਸ਼ੀਸ਼ ਕਪੂਰ ਵਲੋਂ ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਅਤੇ ਉਸ ਦੀ ਮਾਂ ਪ੍ਰੇਮ ਲਤਾ ਤੋਂ ਕਥਿਤ ਤੌਰ ’ਤੇ ਆਪਣੇ ਖ਼ਿਲਾਫ਼ ਦੋਸ਼ਾਂ ਨੂੰ ਰੱਦ ਕਰਨ ਲਈ ਲਏ ਗਏ ਚੈੱਕ ਪ੍ਰਾਪਤ ਹੋਏ ਹਨ। ਵਿਜੀਲੈਂਸ ਨੇ ਇਕ ਜ਼ੌਹਰੀ ਦੀ ਵੀਡੀਓ ਰਿਕਾਰਡਿੰਗ ਵੀ ਤਿਆਰ ਕੀਤੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਆਸ਼ੀਸ਼ ਕਪੂਰ ਨੇ 15 ਲੱਖ ਰੁਪਏ ਦੇ ਗਹਿਣੇ ਵੇਚੇ ਸਨ, ਜਿਸ ਲਈ ਜ਼ੌਹਰੀ ਨੇ ਆਸ਼ੀਸ਼ ਕਪੂਰ ਦੇ ਸਹਿਯੋਗੀ ਨੂੰ ਨਕਦ ਭੁਗਤਾਨ ਕੀਤਾ ਸੀ।

ਵਿਜੀਲੈਂਸ ਨੇ ਇਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ‘ਚ ਏ. ਆਈ. ਜੀ. ਆਸ਼ੀਸ਼ ਕਪੂਰ ਦੀ ਗਿ੍ਫ਼ਤਾਰੀ ਪਾਉਣ ਤੋਂ ਬਾਅਦ ਹੁਣ ਸਿੰਚਾਈ ਵਿਭਾਗ ਦੇ ਬਹੁ-ਕਰੋੜੀ ਘੁਟਾਲੇ ਦੀਆਂ ਫਾਈਲਾਂ ਵੀ ਖੋਲ੍ਹ ਲਈਆਂ ਹਨ | ਸੂਤਰਾਂ ਅਨੁਸਾਰ ਏ.ਆਈ.ਜੀ. ਆਸ਼ੀਸ਼ ਕਪੂਰ ਵਲੋਂ ਵੱਡੇ ਅਹੁਦਿਆਂ ‘ਤੇ ਰਹਿ ਕੇ ਕੀਤੇ ਗਏ ਕੰਮ ਵੀ ਸ਼ੱਕ ਦੇ ਘੇਰੇ ‘ਚ ਹਨ | ਹੁਣ ਵਿਜੀਲੈਂਸ ਵਲੋਂ ਅਕਾਲੀ-ਭਾਜਪਾ ਸਰਕਾਰ ਸਮੇਂ ਹੋਏ 1000 ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਅਕਾਲੀ-ਭਾਜਪਾ ਸਰਕਾਰ ਸਮੇਂ ਵੱਖ-ਵੱਖ ਨਹਿਰਾਂ ਦੀ ਸਫ਼ਾਈ ਹੋਣੀ ਸੀ ਪਰ ਕਈ ਠੇਕੇਦਾਰਾਂ ਨੇ ਅਧਿਕਾਰੀਆਂ, ਕਰਮਚਾਰੀਆਂ ਅਤੇ ਮੰਤਰੀਆਂ ਨਾਲ ਮਿਲੀਭੁਗਤ ਕਰਕੇ ਬਹੁ-ਕਰੋੜੀ ਘੁਟਾਲਾ ਕੀਤਾ ਸੀ ਅਤੇ ਇਸ ਘੁਟਾਲੇ ਦੀ ਜਾਂਚ ਦੀ ਜ਼ਿੰਮੇਵਾਰੀ ਉਸ ਸਮੇਂ ਆਸ਼ੀਸ਼ ਕਪੂਰ ਨੂੰ ਸੌਂਪੀ ਗਈ ਸੀ | ਆਸ਼ੀਸ਼ ਕਪੂਰ ਦੇ ਰਿਸ਼ਵਤਖੋਰੀ ਦੇ ਮਾਮਲੇ ‘ਚ ਨਾਮਜ਼ਦ ਹੋਣ ਤੋਂ ਬਾਅਦ ਵਿਜੀਲੈਂਸ ਨੂੰ ਸ਼ੱਕ ਹੈ ਕਿ ਸਿੰਚਾਈ ਘੁਟਾਲੇ ਦੀ ਜਾਂਚ ਦੌਰਾਨ ਵੀ ਆਸ਼ੀਸ਼ ਕਪੂਰ ਨੇ ਮੁਲਜ਼ਮਾਂ ਤੋਂ ਮੋਟੀ ਰਕਮ ਲੈ ਕੇ ਕਾਰਵਾਈ ਨਹੀਂ ਕੀਤੀ ਹੋਵੇਗੀ, ਲਿਹਾਜ਼ਾ ਹੁਣ ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰੇਗੀ |

ਇਹ ਘੁਟਾਲਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੋਇਆ ਸੀ, ਜਿਸ ‘ਚ ਪੰਜਾਬ ਦੀਆਂ ਵੱਖ-ਵੱਖ ਨਹਿਰਾਂ ਦੀ ਸਫ਼ਾਈ ਦੇ ਕੰਮ ਦੌਰਾਨ ਕਰੀਬ 1000 ਕਰੋੜ ਰੁਪਏ ਦਾ ਘਪਲਾ ਹੋਇਆ ਸੀ | ਇਸ ਘਪਲੇ ਦਾ ਪਰਦਾਫਾਸ਼ ਉਦੋਂ ਹੋਇਆ ਸੀ, ਜਦੋਂ ਪੰਜਾਬ ਵਿਜੀਲੈਂਸ ਵਿਭਾਗ ਨੂੰ 17 ਅਗਸਤ 2017 ਨੂੰ ਗਿ੍ਫ਼ਤਾਰ ਕੀਤੇ ਗਏ ਠੇਕੇਦਾਰ ਗੁਰਿੰਦਰ ਸਿੰਘ ਤੋਂ ਪੁੱਛਗਿੱਛ ਦੌਰਾਨ ਦੋ ਸਾਬਕਾ ਮੰਤਰੀਆਂ, ਤਿੰਨ ਸਾਬਕਾ ਆਈ.ਏ.ਐੱਸ. ਅਧਿਕਾਰੀਆਂ ਅਤੇ ਕੁਝ ਇੰਜੀਨੀਅਰਾਂ ਦੀ ਇਸ ‘ਚ ਸ਼ਮੂਲੀਅਤ ਬਾਰੇ ਪਤਾ ਚੱਲਿਆ ਸੀ | ਉਸ ਸਮੇਂ ਠੇਕੇਦਾਰ ਨੇ ਪੁੱਛਗਿੱਛ ਕਰਨ ਵਾਲਿਆਂ ਨੂੰ ਦੱਸਿਆ ਸੀ ਕਿ ਉਕਤ ਮੰਤਰੀਆਂ, ਅਧਿਕਾਰੀਆਂ ਅਤੇ ਇੰਜੀਨੀਅਰਾਂ ਨੇ ਉਸ ਤੋਂ ਕੰਮ ਦੇਣ ਬਦਲੇ, ਬਿੱਲ ਪਾਸ ਕਰਨ ਅਤੇ ਟੈਂਡਰ ਦੀਆਂ ਸ਼ਰਤਾਂ ਨੂੰ ਆਪਣੇ ਹਿਸਾਬ ਨਾਲ ਬਣਾਉਣ ਲਈ ਵੱਡੀ ਰਕਮ ਹਾਸਲ ਕੀਤੀ ਸੀ | ਗੁਰਿੰਦਰ ਸਿੰਘ ਨੇ ਵਿਜੀਲੈਂਸ ਨੂੰ ਇਹ ਵੀ ਦੱਸਿਆ ਸੀ ਕਿ ਉਸ ਨੇ ਤਿੰਨ ਆਈ.ਏ.ਐਸ. ਅਧਿਕਾਰੀਆਂ ਸਰਵੇਸ਼ ਕੌਸ਼ਲ, ਕਾਹਨ ਸਿੰਘ ਪੰਨੂ ਤੇ ਕੇ.ਬੀ.ਐੱਸ. ਸਿੱਧੂ ਨੂੰ ਕੁੱਲ 21 ਕਰੋੜ ਰੁਪਏ ਦਿੱਤੇ ਸਨ, ਜਦਕਿ 10 ਕਰੋੜ ਰੁਪਏ ਦੋ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਦਿੱਤੇ ਗਏ ਸਨ | ਵਿਜੀਲੈਂਸ ਸੂਤਰਾਂ ਅਨੁਸਾਰ ਠੇਕੇਦਾਰ ਗੁਰਿੰਦਰ ਸਿੰਘ ਨੂੰ 2007 ਤੋਂ ਲੈ ਕੇ 2016 ਤੱਕ 1000 ਕਰੋੜ ਰੁਪਏ ਤੋਂ ਵੱਧ ਦੇ ਕੰਮ ਅਲਾਟ ਕੀਤੇ ਗਏ ਸਨ | ਇਸ ਦੇ ਲਈ ਉਸ ਨੇ ਇਨ੍ਹਾਂ ਅਧਿਕਾਰੀਆਂ ਤੇ ਸਾਬਕਾ ਮੰਤਰੀਆਂ ਨੂੰ ਮੋਟੀਆਂ ਰਕਮਾਂ ਦਿੱਤੀਆਂ ਸਨ | ਗੁਰਿੰਦਰ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਸ ਸਮੇਂ ਸਿੰਚਾਈ ਵਿਭਾਗ ‘ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੇ ਅਧਿਕਾਰੀ ਵੀ ਉਸ ਦੀ ਮਰਜ਼ੀ ਦੇ ਲਗਾਏ ਜਾਂਦੇ ਸਨ | ਸਾਲ 2006 ‘ਚ ਗੁਰਿੰਦਰ ਸਿੰਘ ਦੀ ਕੰਪਨੀ 4.75 ਕਰੋੜ ਰੁਪਏ ਦੀ ਸੀ, ਜੋ 10 ਸਾਲਾਂ ‘ਚ 300 ਕਰੋੜ ਰੁਪਏ ਦੀ ਬਣ ਗਈ ਸੀ |