ਸਿੱਧੂ ਮੂਸੇਵਾਲਾ ਕਤਲਕਾਂਡ ’ਚ ਲੁਧਿਆਣਾ ਪੁਲਸ ਵੱਲੋਂ ਇਕ ਹੋਰ ਨਵਾਂ ਖ਼ੁਲਾਸਾ ਕੀਤਾ ਗਿਆ ਹੈ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਸਾਬਕਾ ਜੈਵਲਿਨ ਖਿਡਾਰੀ ਨੂੰ ਲੈ ਕੇ ਲੁਧਿਆਣਾ ਪੁਲਸ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਹੈ ਕਿ ਉਹ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਗੈਂਗਸਟਰਾਂ ਵੱਲੋਂ ਇਕ ਹੋਰ ਨਵੀਂ ਯੋਜਨਾ ਬਣਾਈ ਗਈ ਸੀ, ਜਿਸ ਨੂੰ ਅੰਜਾਮ ਦੇਣ ਲਈ ਸਾਬਕਾ ਜੈਵਲਿਨ ਖਿਡਾਰੀ ਗੁਰਮੀਤ ਮੀਤੇ ਨੂੰ ਹਾਇਰ ਕੀਤਾ ਗਿਆ ਸੀ।

ਦੋਸ਼ੀ ਜੋ ਕਿ ਬਟਾਲਾ ਦਾ ਰਹਿਣ ਵਾਲਾ ਹੈ, ਪਹਿਲਾਂ ਪੰਜਾਬ ਪੁਲਸ ’ਚ ਸਿਪਾਹੀ ਵੀ ਰਿਹਾ ਹੈ, ਜਿਸ ਨੂੰ 2020 ’ਚ ਬਰਖ਼ਾਸਤ ਕਰ ਦਿੱਤਾ ਗਿਆ ਸੀ, ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਵੀ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਸ ਨੇ ਦੱਸਿਆ ਹੈ ਕਿ ਗੈਂਗਸਟਰ ਲਾਰੈਂਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਇਕ ਹੋਰ ਪਲਾਨ ਬਣਾਇਆ ਹੋਇਆ ਸੀ, ਜਿਸ ਤਹਿਤ ਉਹ ਨਕਲੀ ਪੁਲਸ ਮੁਲਾਜ਼ਮਾਂ ਦੀ ਮਦਦ ਦਾ ਸਹਾਰਾ ਲੈ ਕੇ ਸਿੱਧੂ ਮੂਸੇਵਾਲਾ ਦੇ ਘਰ ਛਾਪਾ ਮਾਰ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਨ ਪਰ ਗੋਲਡੀ ਬਰਾੜ ਵੱਲੋਂ ਇਸ ਪਲਾਨ ਨੂੰ ਬਦਲ ਦਿੱਤਾ ਗਿਆ ਸੀ। ਦੱਸ ਦੇਈਏ ਕਿ ਗੁਰਮੀਤ ਮੀਤਾ ਫਾਰਚੂਨਰ ਗੱਡੀ ’ਚ ਪੁਲਸ ਦੀ ਵਰਦੀ ਵੀ ਲੈ ਕੇ ਜਾ ਰਿਹਾ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿਚ ਰੇਕੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਗੁਰਮੀਤ ਸਿੰਘ ਉਰਫ਼ ਮੀਤਾ ਕੋਲੋਂ ਸਥਾਨਕ ਪੁਲੀਸ ਨੇ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ।

ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਅਪਰਾਧ ਸ਼ਾਖਾ ਵੱਲੋਂ ਅੱਜ ਗੁਰਮੀਤ ਸਿੰਘ ਮੀਤਾ ਨੂੰ ਬਟਾਲਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਪਰਾਧ ਸ਼ਾਖਾ ਦੇ ਇੰਸਪੈਕਟਰ ਬੇਅੰਤ ਜੁਨੇਜਾ ਦੀ ਅਗਵਾਈ ਹੇਠ ਇਹ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਜਿਸ ਫਾਰਚੂਨਰ ਗੱਡੀ ਦੀ ਡੱਬਵਾਲੀ ਪੈਟਰੋਲ ਪੰਪ ’ਤੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਉਸ ਵਿੱਚ ਸਤਵੀਰ ਸਿੰਘ ਵਾਸੀ ਅਜਨਾਲਾ ਗੱਡੀ ਚਲਾ ਰਿਹਾ ਸੀ ਜਦਕਿ ਮਨਪ੍ਰੀਤ ਸਿੰਘ ਮਨੀ ਵਾਸੀ ਰਈਆ, ਮਨਦੀਪ ਸਿੰਘ ਉਰਫ਼ ਤੂਫ਼ਾਨ ਅਤੇ ਇੱਕ ਹੋਰ ਨਾਮਲੂਮ ਵਿਅਕਤੀ ਬੈਠਾ ਹੋਇਆ ਸੀ, ਜਿਸ ਨੂੰ ਬਾਅਦ ਵਿੱਚ ਬਟਾਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਸ ਦੀ ਪਛਾਣ ਗੁਰਮੀਤ ਸਿੰਘ ਉਰਫ਼ ਮੀਤਾ ਵਜੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਅਸਲਾ ਐਕਟ ਅਧੀਨ ਸਲੇਮ ਟਾਬਰੀ ਥਾਣੇ ਵਿੱਚ ਦਰਜ ਕੇਸ ਸਬੰਧੀ ਉਸ ਨੂੰ ਅੱਜ ਇੱਥੇ ਲਿਆ ਕੇ ਉਸ ਕੋਲੋਂ ਸਖ਼ਤੀ ਨਾਲ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੀ ਨਿਸ਼ਾਨਦੇਹੀ ’ਤੇ ਇੱਕ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਮੀਤ ਸਿੰਘ ਕੌਮੀ ਪੱਧਰ ਦਾ ਜੈਵਲਿਨ ਥ੍ਰੋਅ ਦਾ ਖਿਡਾਰੀ ਹੈ ਅਤੇ ਉਹ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਸੀ, ਜਿਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਵੀ ਦਰਜ ਹਨ। ਪੁਲੀਸ ਉਸ ਕੋਲੋਂ ਹੋਰ ਪੁੱਛ ਪੜਤਾਲ ਕਰ ਰਹੀ ਹੈ।

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੇ ਕਤਲ ਦੇ ਮਾਮਲੇ ਵਿੱਚ ਇਨਸਾਫ਼ ਦੀ ਆਸ ਛੱਡ ਦਿੱਤੀ ਹੈ। ਮਰਹੂਮ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘‘ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਸਾਨੂੰ ਕਿਸੇ ਸਰਕਾਰ, ਪੁਲੀਸ ਤੋਂ ਇਨਸਾਫ਼ ਮਿਲਣ ਦੀ ਉਮੀਦ ਨਹੀਂ ਰਹੀ ਹੈ ਅਤੇ ਇਸ ਉੱਤੇ ਸਿਰਫ ਲਿੱਪਾ-ਪੋਚੀ ਕੀਤੀ ਜਾ ਰਹੀ ਹੈ। ਪੰਜਾਬ ਪੁਲੀਸ ਗੈਂਗਸਟਰਾਂ ਦੇ ਫ਼ਰਜ਼ੀ ਪੁਲੀਸ ਰਿਮਾਂਡ ਲੈ ਕੇ ਦਿਖਾਵਾ ਕਰਨ ਵਿੱਚ ਲੱਗੀ ਹੋਈ ਹੈ, ਨਹੀਂ ਤਾਂ ਪੁਲੀਸ ਰਿਮਾਂਡ ਤੋਂ ਬਾਅਦ ਮੁਲਜ਼ਮ ਤੁਰਨ-ਫਿਰਨ ਜੋਗਾ ਨਹੀਂ ਰਹਿੰਦਾ, ਪਰ ਸਾਰੇ ਗੈਂਗਸਟਰ ਹੱਸਦੇ-ਖੇਡਦੇ ਦੇਖੇ ਜਾ ਰਹੇ ਹਨ। ਇਨਸਾਫ ਲੈਣ ਲਈ ਸੜਕਾਂ ’ਤੇ ਉਤਰਨਾ ਹੀ ਪਵੇਗਾ, ਕਿਉਂਕਿ ਚਾਰੋਂ ਪਾਸਿਓਂ ਸਾਰੀ ਉਮੀਦ ਖ਼ਤਮ ਹੋ ਚੁੱਕੀ ਹੈ।’’ ਉਹ ਅੱਜ ਪਿੰਡ ਮੂਸਾ ਵਿੱਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਹੁਣ ਪੰਜਾਬ ਪੁਲੀਸ ਦੇ ਕੁਝ ਅਧਿਕਾਰੀ ਗੈਂਗਸਟਰਾਂ ਦੇ ਜੇਲ੍ਹਾਂ ਵਿੱਚੋਂ ਮੌਜ-ਮਸਤੀ ਕਰਵਾਉਣ ਲਈ ਫਾਲਤੂ ਪੁਲੀਸ ਰਿਮਾਂਡ ਲੈਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਕਤਲ ਕਾਂਡ ਲਈ ਦੀਪਕ ਟੀਨੂ ਦੇ ਰਿਮਾਂਡ ਦੀ ਵਿਸ਼ੇਸ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਦੀ ਹਿਰਾਸਤ ਵਿੱਚੋਂ ਗੈਂਗਸਟਰ ਦਾ ਫਰਾਰ ਹੋਣਾ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਗੈਂਗਸਟਰਾਂ ਨਾਲ ਜੱਫੀਆਂ ਪਾ ਕੇ ਫੋਟੋ ਖਿਚਵਾਉਣਾ ਸਾਬਿਤ ਕਰਦਾ ਹੈ ਕਿ ਪੁੁੁਲੀਸ ਦੀ ਸਿੱਧੂ ਕਤਲ ਕਾਂਡ ਵਿੱਚ ਵੀ ਲਾਪ੍ਰਵਾਹੀ ਰਹੀ ਹੈ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਮੂਸਾ ਪਿੰਡ ਦੀ ਸਰਪੰਚ ਚਰਨ ਕੌਰ ਨੇ ਪੰਜਾਬ ਸਰਕਾਰ ਦੇ ਅਧਿਕਾਰੀ ਬਲਤੇਜ ਪੰਨੂ ’ਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਏ ਜਾਣ ਸਬੰਧੀ ਖਬਰ ਲੀਕ ਕਰਨ ਦੇ ਦੋਸ਼ ਲਾਉਂਦਿਆਂ ਪੰਨੂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਦੇ ਰਾਜ ਵਿੱਚ ਆਮ ਆਦਮੀ ਦੀ ਸੁਰੱਖਿਆ ਗੁਆਚ ਗਈ ਹੈ ਅਤੇ ਆਮ ਆਦਮੀ ਵੀ ਹੁਣ ਸੁਰੱਖਿਅਤ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ‘ਆਪ’ ਦੇ 92 ਵਿਧਾਇਕਾਂ ਵਿੱਚੋਂ ਕਿਸੇ ਨੇ ਵੀ ਸਿੱਧੂ ਕਤਲ ਕਾਂਡ ਬਾਰੇ ਮੁੜ ਮੂੰਹ ਨਹੀਂ ਖੋਲ੍ਹਿਆ, ਕਿਉਂਕਿ ਸਰਕਾਰਾਂ ਨੂੰ ਕੁਰਸੀਆਂ ਪਿਆਰੀਆਂ ਹਨ।