ਪੰਜਾਬ ਦੇ ਕਈ ਜ਼ਿਲ੍ਹੇ ਨਸ਼ੇ ਦੀ ਲਪੇਟ ‘ਚ ਹਨ। ਬੇਸ਼ੱਕ ਪੰਜਾਬ ਸਰਕਾਰ (Punjab Government) ਦੇ ਸਖ਼ਤ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ (Punjab Police) ਨਸ਼ੇ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਸੂਬੇ ‘ਚ ਫੈਲਿਆਂ ਨਸ਼ੇ ਦੀਆਂ ਜੜ੍ਹਾਂ ਤਬਾਹ ਹੋਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਨਸ਼ੇ ਕਰਕੇ ਪਰਿਵਾਰਾਂ ਦੇ ਉਜੜਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਨਸ਼ੇ ਨੇ ਦੋ ਭਰਾਵਾਂ ਦੀ ਜਾਨ ਲੈ ਲਈ। ਇੱਕ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਅਤੇ ਜੇਲ੍ਹ ਗਿਆ। ਇਸ ਦੇ ਨਾਲ ਹੀ ਦੂਜੇ ਭਰਾ ਨੇ ਗਮ ‘ਚ ਨਸ਼ੇ ਦੀ ਓਵਰਡੋਜ਼ ਲੈ ਲਈ। ਦੋਵਾਂ ਭਰਾਵਾਂ ਦੀ ਮੌਤ ਕਰੀਬ 5 ਘੰਟੇ ਦੇ ਸਮੇਂ ਵਿੱਚ ਇੱਕੋ ਦਿਨ ਹੋਈ। ਦੋਵਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕ ਸੋਗ ਵਿਚ ਹਨ ਅਤੇ ਸਰਕਾਰ ਤੋਂ ਨਸ਼ੇ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।
ਇਹ ਘਟਨਾ ਮਾਈਲਡ ਈਸਟ ਅਧੀਨ ਪੈਂਦੇ ਕਟੜਾ ਬਘਿਆਂ ਦੀ ਹੈ। ਦੋਵੇਂ ਭਰਾ ਨਸ਼ੇ ਦੇ ਆਦੀ ਸੀ। ਵੱਡਾ ਭਰਾ ਹਰਗੁਣ ਵੀ ਨਸ਼ਾ ਵੇਚਣ ਦਾ ਕੰਮ ਕਰਦਾ ਸੀ। ਜਿਸ ਕਾਰਨ ਪੁਲਿਸ ਨੇ ਕੁਝ ਦਿਨ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰਕੇ NDPS ਕੇਸ ਵਿੱਚ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਵਿੱਚ ਉਸਦੀ ਹਾਲਤ ਵਿਗੜ ਗਈ। ਉਸ ਨੂੰ ਜੇਲ੍ਹ ਚੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।
5 ਘੰਟੇ ‘ਚ ਦੂਜੇ ਬੇਟੇ ਦੇ ਮੌਤ ਦੀ ਮਿਲੀ ਖ਼ਬਰ – ਪਰਿਵਾਰ ਅਜੇ ਵੀ ਵੱਡੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲ ਰਿਹਾ ਸੀ। ਫਿਰ ਛੋਟੇ ਬੇਟੇ ਕਾਲੂ ਦੀ ਮੌਤ ਦੀ ਖ਼ਬਰ ਵੀ ਘਰ ਪਹੁੰਚ ਗਈ। ਕਾਲੂ ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਬੇਚੈਨ ਹੋ ਗਿਆ ਅਤੇ ਉਸ ਨੇ ਓਵਰਡੋਜ਼ ਲੈ ਲਈ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।