ਅਮਰੀਕਾ ਸਥਿਤ ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਟੇਸਲਾ ਦੇ ਸੰਸਥਾਪਕ ਅਤੇ ਸੀਈਓ ਏਲੋਨ ਮਸਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੂੰ ਭਾਰਤ ਵਿੱਚ ਉਤਪਾਦ ਲਾਂਚ ਕਰਨ ਲਈ ਸਰਕਾਰੀ ਪੱਧਰ ‘ਤੇ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ ਵਿੱਚ ਆਪਣੇ ਉਤਪਾਦਾਂ ਨੂੰ ਲਾਂਚ ਕਰਨ ਦੀ ਕੰਪਨੀ ਦੀ ਯੋਜਨਾ ਬਾਰੇ ਇੱਕ ਟਵੀਟ ਦੇ ਜਵਾਬ ਵਿੱਚ, ਮਸਕ ਨੇ ਟਵੀਟ ਕੀਤਾ, “ਸਰਕਾਰੀ ਪੱਧਰ ‘ਤੇ ਅਜੇ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਬਾਕੀ ਹੈ।” ਟੇਸਲਾ ਨੇ ਪਿਛਲੇ ਸਾਲ ਭਾਰਤ ‘ਚ ਇਲੈਕਟ੍ਰਿਕ ਵਾਹਨਾਂ ‘ਤੇ ਇੰਪੋਰਟ ਡਿਊਟੀ ‘ਚ ਕਟੌਤੀ ਦੀ ਮੰਗ ਕੀਤੀ ਸੀ।

ਹੈਵੀ ਇੰਡਸਟਰੀਜ਼ ਮੰਤਰਾਲੇ ਨੇ ਟੇਸਲਾ ਨੂੰ ਕਿਹਾ ਸੀ ਕਿ ਉਹ ਭਾਰਤ ‘ਚ ਸਭ ਤੋਂ ਪਹਿਲਾਂ ਆਪਣੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਸ਼ੁਰੂ ਕਰੇ, ਉਸ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਟੈਕਸ ਛੋਟ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

ਸਰਕਾਰ ਦੇ ਸੂਤਰਾਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਵਾਹਨ ਨਿਰਮਾਤਾ ਨੂੰ ਇੰਨੀ ਛੋਟ ਨਹੀਂ ਦੇ ਰਹੇ ਹਨ ਅਤੇ ਟੇਸਲਾ ਨੂੰ ਟੈਕਸ ਲਾਭ ਦੇਣ ਨਾਲ ਭਾਰਤ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕਰਨ ਵਾਲੀਆਂ ਹੋਰ ਕੰਪਨੀਆਂ ਨੂੰ ਚੰਗਾ ਸੁਨੇਹਾ ਨਹੀਂ ਜਾਵੇਗਾ।