ਗਰਲਜ਼ ਹੋਸਟਲ ਦੀਆਂ ਕੁਝ ਕੁੜੀਆਂ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈਆਂ, ਜਿਹੜਾ ਉਨ੍ਹਾਂ ਦੇ ਵਾਸ਼ਰੂਮ ਵਿੱਚ ਝਾਤ ਮਾਰਦਾ ਸੀ।

ਇੰਦੌਰ – ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ, ਹੋਸਟਲ ਵਾਰਡਨ ਅਤੇ ਹੋਸਟਲ ‘ਚ ਰਹਿਣ ਵਾਲੀਆਂ ਕੁੜੀਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਬਾਅਦ, ਪੁਲਿਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਹੋਸਟਲ ਵਿੱਚ ਇੱਕ ਲੜਕੀ ਦੇ ਵਾਸ਼ਰੂਮ ਵਿੱਚ ਕਥਿਤ ਤੌਰ ‘ਤੇ ਲੁਕ ਕੇ ਝਾਤੀ ਮਾਰਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਦੋਸ਼ੀ ਦੀ ਪਛਾਣ ਨਿਤੇਸ਼ ਕਰੋਸੀਆ ਵਜੋਂ ਹੋਈ ਹੈ।

ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੀਨੀਅਰ ਗਰਲਜ਼ ਹੋਸਟਲ ਦੀਆਂ ਕੁਝ ਕੁੜੀਆਂ ਇੱਕ ਵਿਅਕਤੀ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਲਈ ਥਾਣੇ ਆਈਆਂ, ਜਿਹੜਾ ਉਨ੍ਹਾਂ ਦੇ ਵਾਸ਼ਰੂਮ ਵਿੱਚ ਝਾਤ ਮਾਰਦਾ ਸੀ। ਪੁਲਿਸ ਨੇ ਮਾਮਲੇ ਦੀ ਤਸਦੀਕ ਕੀਤੀ ਅਤੇ ਦੋਸ਼ੀ ਨਿਤੇਸ਼ ਕਰੋਸੀਆ ਵਿਰੁੱਧ ਧਾਰਾ 354 ਸੀ ਦੇ ਤਹਿਤ ਐਫ਼ਆਈਆਰ ਦਰਜ ਕੀਤੀ। ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਇੱਕ ਵਾਇਰਲ ਵੀਡੀਓ, ਜੋ ਇਸ ਘਟਨਾਕ੍ਰਮ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਉਸ ‘ਚ ਇੱਕ ਦਰਜਨ ਦੇ ਕਰੀਬ ਕੁੜੀਆਂ ਨੂੰ ਇੱਕ ਵਿਅਕਤੀ ਨੂੰ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਉਸ ਵਿਅਕਤੀ ‘ਤੇ ਬਦਸਲੂਕੀ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਖ਼ਬਰਾਂ ਮੁਤਾਬਿਕ ਕੁੜੀਆਂ ਛਤਰਪੁਰ ਸਥਿਤ ਹੋਮ ਗਾਰਡ ਦੇ ਦਫ਼ਤਰ ਪਹੁੰਚ ਗਈਆਂ, ਜਿੱਥੇ ਕਿ ਉਕਤ ਵਿਅਕਤੀ ਤਾਇਨਾਤ ਹੈ, ਅਤੇ ਪੁਲਿਸ ਦੇ ਆਉਣ ਤੋਂ ਪਹਿਲਾਂ ਲੜਕੀਆਂ ਨੇ ਉਸ ਦੀ ਕੁੱਟਮਾਰ ਕੀਤੀ।

ਕਿਹਾ ਜਾ ਰਿਹਾ ਹੈ ਕਿ ਕੁੜੀਆਂ ਨੂੰ ਸ਼ੱਕ ਸੀ ਕਿ ਕੋਈ ਵਿਅਕਤੀ ਪਿਛਲੇ ਪਾਸੇ ਤੋਂ ਦੀਵਾਰ ਟੱਪ ਕੇ ਅੰਦਰ ਆਉਂਦਾ ਹੈ ਅਤੇ ਹੋਸਟਲ ਵਿੱਚ ਝਾਤੀ ਮਾਰਦਾ ਹੈ। ਇੱਕ ਨੇੜਲੀ ਦੁਕਾਨ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ‘ਤੇ ਉਸ ਵਿਅਕਤੀ ਦੀ ਪਛਾਣ ਹੋਈ ਜਿਸ ‘ਚ ਉਹ ਛਾਲ ਮਾਰ ਕੇ ਦਾਖਲ ਹੁੰਦਾ ਦਿਖਾਈ ਦਿੱਤਾ ਅਤੇ ਹਰਕਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਜਾਂਦਾ ਦਿਖਾਈ ਦਿੱਤਾ।