ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤ ਦਾ ਕਤਲ ਕਰਨ ਤੋਂ ਪਹਿਲਾਂ ਮੁਲਜ਼ਮ ਇਕ ਮਹੀਨਾ ਉਸ ਦੇ ਪਿੰਡ ਦੇ ਆਸ-ਪਾਸ ਰਹੇ ਸਨ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ, ਉਨ੍ਹਾਂ ਨੂੰ ਸੀ.ਆਈ.ਏ. ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਨੇ ਪੁੱਛਗਿੱਛ ਦੌਰਾਨ ਪੈਸੇ ਲੈ ਕੇ ਛੱਡ ਦਿੱਤਾ ਸੀ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪੰਜ ਮਹੀਨੇ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਪੁਲਿਸ ਦੇ ਰਵੱਈਏ ਨੂੰ ਲੈ ਕੇ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਦੇ ਦੋਸ਼ ਵਿਚ ਬਰਖਾਸਤ ਸੀ.ਆਈ.ਏ ਇੰਚਾਰਜ ਪ੍ਰਿਤਪਾਲ ਉਤੇ ਪੈਸੇ ਲੈ ਕੇ ਗੈਂਗਸਟਰ ਨੂੰ ਛੱਡਣ ਦਾ ਦੋਸ਼ ਲਗਾਇਆ ਹੈ। ਪ੍ਰਿਤਪਾਲ ਗੈਂਗਸਟਰ ਟੀਨੂੰ ਨੂੰ ਭਜਾਉਣ ਦੇ ਦੋਸ਼ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪੁੱਤ ਦਾ ਕਤਲ ਕਰਨ ਤੋਂ ਪਹਿਲਾਂ ਮੁਲਜ਼ਮ ਇਕ ਮਹੀਨਾ ਉਸ ਦੇ ਪਿੰਡ ਦੇ ਆਸ-ਪਾਸ ਰਹੇ ਸਨ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ, ਉਨ੍ਹਾਂ ਨੂੰ ਸੀ.ਆਈ.ਏ. ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਨੇ ਪੁੱਛਗਿੱਛ ਦੌਰਾਨ ਪੈਸੇ ਲੈ ਕੇ ਛੱਡ ਦਿੱਤਾ ਸੀ।
ਉਨ੍ਹਾਂ ਨੇ ਪਨਾਹ ਦੇਣ ਵਾਲੇ ਮੁਲਜ਼ਮਾਂ ਤੋਂ ਮੁੜ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਇਹ ਵੀ ਕਿਹਾ ਕਿ ਐਨਆਈਏ ਨੇ ਹੁਣ ਤੱਕ ਚੰਡੀਗੜ੍ਹ ਵਿੱਚ ਰਹਿਣ ਵਾਲੇ ਲਾਰੈਂਸ ਦੇ ਖਾਸ ਗੁਰਗੇ ਤੋਂ ਪੁੱਛਗਿੱਛ ਵੀ ਨਹੀਂ ਕੀਤੀ ਹੈ।
ਬਲਕੌਰ ਸਿੰਘ ਨੇ ਪੰਜਾਬ ਪੁਲਿਸ ਨੂੰ ਇਨਸਾਫ਼ ਲਈ 25 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਐਫਆਈਆਰ (FIR) ਵਾਪਸ ਲੈ ਲੈਣਗੇ ਅਤੇ ਉਸ ਤੋਂ ਬਾਅਦ ਹੀ ਦੇਸ਼ ਛੱਡਣਗੇ। ਉਨ੍ਹਾਂ ਨੇ ਇਕ ਵਾਰ ਫਿਰ ਮਾਨ ਸਰਕਾਰ ਦੇ ਕੰਮਕਾਜ ‘ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਐਨਆਈਏ (NIA) ਦੀ ਕਾਰਵਾਈ ’ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਏਜੰਸੀ ਸਿੱਧੂ ਦੇ ਕਰੀਬੀ ਸਾਥੀਆਂ ਨੂੰ ਸੰਮਨ ਭੇਜ ਕੇ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਾਇਕ ਜੈਨੀ ਜੌਹਲ ਨੂੰ ਸੰਮਨ ਕੀਤਾ ਗਿਆ ਸੀ, ਜਿਸ ਦਾ ਸਿੱਧੂ ਦੇ ਕਤਲ ਨਾਲ ਕੋਈ ਸਬੰਧ ਨਹੀਂ ਸੀ।
ਸਿੱਧੂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਗੈਂਗ ਵਾਰ ਦਾ ਨਤੀਜਾ ਨਹੀਂ ਸੀ ਅਤੇ ਨਾ ਹੀ ਬੇਟੇ ਦਾ ਗੈਂਗਸਟਰਾਂ ਨਾਲ ਕੋਈ ਸਬੰਧ ਸੀ। ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦਾ ਪਿਸਤੌਲ, ਕਾਰ ਅਤੇ ਫ਼ੋਨ ਸਭ ਪੁਲਿਸ ਕੋਲ ਹੈ।
ਪੁਲਿਸ ਨੇ ਸਾਰੇ ਕਾਲ ਰਿਕਾਰਡ ਦੀ ਜਾਂਚ ਕੀਤੀ, ਕੀ ਸਿੱਧੂ ਨੇ ਇੱਕ ਸਾਲ ਵਿੱਚ ਕਿਸੇ ਗੈਂਗਸਟਰ ਨਾਲ ਗੱਲ ਕੀਤੀ ਹੈ? ਉਨ੍ਹਾਂ ਕਿਹਾ ਕਿ ਪੁਲੀਸ ਇਸ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਸਾਬਤ ਕਰਨ ’ਤੇ ਤੁਲੀ ਹੋਈ ਹੈ। ਪਰ ਮੈਂ ਅਜਿਹਾ ਨਹੀਂ ਹੋਣ ਦਿਆਂਗਾ।
ਉਨ੍ਹਾਂ ਦੱਸਿਆ ਕਿ ਕਤਲ ਕਰਨ ਤੋਂ ਪਹਿਲਾਂ ਗੈਂਗਸਟਰ ਪਿੰਡ ਵਿੱਚ ਘੁੰਮਦੇ ਰਹੇ ਅਤੇ ਕਈ ਲੋਕਾਂ ਦੇ ਘਰਾਂ ਵਿੱਚ ਵੀ ਰਹੇ। ਉਸ ਦੇ ਪੁੱਤਰ ਦਾ ਕਤਲ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸੀ। ਬਲਕੌਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਡੀਜੀਪੀ ਤੋਂ ਸਮਾਂ ਲੈ ਕੇ ਸਪਸ਼ਟ ਗੱਲ ਕਰਨਗੇ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਮਿਲਦਾ ਹੈ ਤਾਂ ਠੀਕ ਹੈ ਅਤੇ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਆਪਣੀ ਐਫਆਈਆਰ ਵਾਪਸ ਲੈ ਲਵਾਂਗਾ।