ਮੈਲਬੌਰਨ ਤੋਂ ਆਈ ਦੁਖਦਾਇਕ ਖ਼ਬਰ, ਅਮਲੋਹ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰ ਕੇ ਹੋਈ ਮੌਤ #Australia

ਕਰੀਬ 14 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ। – ਮੈਲਬੌਰਨ- ਆਸਟ੍ਰੇਲੀਆ ਵਿਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋ ਮੈਲਬੌਰਨ ਦੇ ਉੱਤਰੀ ਇਲਾਕੇ ਕਰੇਗੀਬਰਨ ਦੇ ਵਸਨੀਕ ਰਣਦੀਪ ਸਿੰਘ ਮਾਂਗਟ ਰਿੱਕੀ (40) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹਾਲਾਂਕਿ ਡਾਕਟਰਾਂ ਵਲੋਂ ਰਣਦੀਪ ਨੂੰ ਬਚਾਉਣ ਦੀਆਂ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਪਰ ਅਫਸੋਸ ਉਸ ਨੂੰ ਬਚਾਇਆ ਨਾ ਜਾ ਸਕਿਆ।

ਰਣਦੀਪ ਆਪਣੇ ਪਿੱਛੇ ਪਤਨੀ ਅਮਨਦੀਪ ਕੌਰ ਮਾਂਗਟ, ਦੋ ਬੇਟੀਆਂ- ਰੁਹਾਣੀ (12) ਤੇ ਰੌਣਕ (8) ਤੇ ਬੇਟਾ ਰਣਫਤਿਹ (5) ਨੂੰ ਛੱਡ ਗਿਆ ਹੈ। ਰਣਦੀਪ ਪੰਜਾਬ ਦੀ ਅਮਲੋਹ ਤਹਿਸੀਲ ਦੇ ਪਿੰਡ ਲਾਡਪੁਰ ਦਾ ਜੰਮਪਲ ਸੀ ਤੇ ਕਰੀਬ 14 ਸਾਲ ਪਹਿਲਾਂ ਹੀ ਆਸਟ੍ਰੇਲੀਆ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਆਇਆ ਸੀ।

ਰਣਦੀਪ ਪੰਜਾਬੀ ਭਾਈਚਾਰੇ ਦਾ ਜਾਣਿਆ ਪਛਾਣਿਆ ਚਿਹਰਾ ਸੀ। ਰਣਦੀਪ ਪੇਸ਼ੇ ਵਜੋਂ ਟਰੱਕਾਂ ਦੇ ਕਾਰੋਬਾਰ ਨਾਲ ਸਬੰਧਤ ਸੀ। ਜਾਣਕਾਰੀ ਮੁਤਾਬਕ ਉਹ ਬਹੁਤ ਮਿਲਾਪੜੇ ਸੁਭਾਅ ਵਾਲਾ ਇਨਸਾਨ ਸੀ। ਦੁੱਖ ਦੀ ਇਸ ਘੜੀ ਵਿੱਚ ਰਣਦੀਪ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਗੋਫੰਡ ‘ਤੇ ਇੱਕ ਮੁਹਿੰਮ ਵੀ ਚਲਾਈ ਗਈ ਹੈ ਤਾਂ ਜੋ ਉਸ ਦੇ ਪਰਿਵਾਰ ਨੂੰ ਆਰਥਿਕ ਪੱਖੋਂ ਕੁਝ ਸਹਾਇਤਾ ਮਿਲ ਸਕੇ। ਰਣਦੀਪ ਦੀ ਬੇਵਕਤੀ ਮੌਤ ‘ਤੇ ਪੰਜਾਬੀ ਭਾਈਚਾਰੇ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।