ਮੇਰਠ : ਉੱਤਰ ਪ੍ਰਦੇਸ਼ ਦੇ ਮੇਰਠ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਜਿੱਥੇ ਇਕ ਧੀ ਨੇ ਆਪਣੇ ਹੀ ਪਿਤਾ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ 5 ਦਿਨਾਂ ਤੱਕ ਲੁਕੋ ਕੇ ਰੱਖਿਆ। ਇਸ ਸਬੰਧੀ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਪਿਤਾ ਦੀ ਲਾਸ਼ ਬਰਾਮਦ ਕਰ ਲਈ ਗਈ। ਇਸ ਦੇ ਨਾਲ ਹੀ ਜਦੋਂ ਪੁਲਸ ਨੇ ਇਸ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਤਾਂ ਸੱਚ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਮਾਮਲਾ ਮਵਾਨਾ ਦੇ ਬਹਿਸੂਮਾ ਥਾਣਾ ਖੇਤਰ ਦਾ ਹੈ। ਇੱਥੋਂ ਦਾ ਰਹਿਣ ਵਾਲਾ ਸਤਵੰਤ 5 ਦਿਨਾਂ ਤੋਂ ਲਾਪਤਾ ਸੀ। ਉਸ ਦੀ ਲਾਸ਼ ਟਿਊਬਵੈੱਲ ਨੇੜੇ ਮਿਲੀ। ਮੌਕੇ ‘ਤੇ ਖੂਨ ਦੇ ਨਿਸ਼ਾਨ ਵੀ ਮਿਲੇ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਕਤਲ ਦਾ ਰਾਜ਼ ਸਾਹਮਣੇ ਆਇਆ। ਲਾਸ਼ ਦੀ ਪਛਾਣ ਸਤਵੰਤ (45) ਵਾਸੀ ਬਹਿਸੂਮਾ ਵਜੋਂ ਹੋਈ ਹੈ। ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਮ੍ਰਿਤਕ ਦੀ ਬੇਟੀ ਅਤੇ ਨੌਕਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ। ਜਦੋਂ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਖੂਨ ਨਾਲ ਲੱਥਪਥ ਇਕ ਬਾਂਸ ਵੀ ਮਿਲਿਆ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਮ੍ਰਿਤਕ ਦੀ ਬੇਟੀ ਅਤੇ ਨੌਕਰ ਨੇ ਸੱਚ ਕਬੂਲ ਕਰਦਿਆਂ ਗੁਨਾਹ ਕਬੂਲ ਕਰ ਲਿਆ। ਬੇਟੀ ਨੇ ਦੱਸਿਆ ਕਿ ਉਸ ਨੇ ਨੌਕਰ ਨਾਲ ਮਿਲ ਕੇ ਪਿਤਾ ਦਾ ਕਤਲ ਕਰਕੇ ਲਾਸ਼ ਟਿਊਬਵੈੱਲ ‘ਤੇ ਛੁਪਾ ਦਿੱਤੀ ਸੀ।

ਇਸ ਮਾਮਲੇ ਦੀ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਮ੍ਰਿਤਕ ਦੀ ਬੇਟੀ ਦਾ ਨੌਕਰ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਸਤਵੰਤ ਦੋਵਾਂ ਦੇ ਇਸ ਰਿਸ਼ਤੇ ਦਾ ਵਿਰੋਧ ਕਰਦਾ ਸੀ। ਇਸ ਲਈ ਦੋਵਾਂ ਨੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ। ਮੌਕਾ ਮਿਲਦਿਆਂ ਹੀ ਦੋਵਾਂ ਨੇ ਸਤਵੰਤ ਦਾ ਕਤਲ ਕਰ ਦਿੱਤਾ। ਦਿਹਾਤ ਦੇ ਐੱਸਪੀ ਕੇਸ਼ਵ ਕੁਮਾਰ ਨੇ ਦੱਸਿਆ ਕਿ ਮਤਰੇਈ ਧੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਇਹ ਕਤਲ ਕੀਤਾ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਬਰਾਮਦ ਕਰ ਲਈ ਗਈ ਹੈ।