ਸੰਗਰੂਰ ਪੁਲਿਸ ਨੇ ਬਣਵਾਈ ‘ਪੁਲਿਸ ਕਿਚਨ ਵੈਨ’, ਡਿਊਟੀ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਸਮੇਂ ਸਿਰ ਮਿਲੇਗਾ ਚਾਹ-ਪਾਣੀ ਤੇ ਖਾਣਾ #Punjab #PunjabiNews Sangrur Police #PoliceKitchenVan

ਸੰਗਰੂਰ – ਇੱਕ ਨਿਵੇਕਲੀ ਪਹਿਲ ਕਰਦਿਆਂ ਸੰਗਰੂਰ ਪੁਲਿਸ ਨੇ, ਆਪਣੇ ਸਟਾਫ਼ ਲਈ ‘ਪੁਲਿਸ ਕਿਚਨ ਵੈਨ’ ਸੁਵਿਧਾ ਸ਼ੁਰੂ ਕੀਤੀ ਹੈ। ਇਸ ਵਾਸਤੇ ਪੁਲਿਸ ਨੇ ਇੱਕ ਵਿਸ਼ੇਸ਼ ਫ਼ੂਡ ਵੈਨ ਤਿਆਰ ਕਰਵਾਈ ਹੈ, ਜਿਸ ਰਾਹੀਂ ਵਿਸ਼ੇਸ਼ ਡਿਊਟੀਆਂ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਭੋਜਨ ਪਹੁੰਚਾਇਆ ਜਾਵੇਗਾ।

‘ਪੁਲਿਸ ਕਿਚਨ ਵੈਨ’ ਰਾਹੀਂ ਵੀ.ਆਈ.ਪੀ. ਡਿਊਟੀਆਂ ਤੇ ਧਰਨਿਆਂ ਵਾਲੀਆਂ ਥਾਵਾਂ ਸਮੇਤ ਵੱਖੋ-ਵੱਖ ਮੌਕਿਆਂ ਦੇ ਡਿਊਟੀਆਂ ਨਿਭਾਉਣ ਸੈਂਕੜੇ ਪੁਲਿਸ ਕਰਮਚਾਰੀਆਂ ਤੇ ਸੀਨੀਅਰ ਅਧਿਕਾਰੀਆਂ ਨੂੰ ਲਾਭ ਮਿਲੇਗਾ। ਇਸ ਤੋਂ ਪਹਿਲਾਂ, ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਨੂੰ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਅਜਿਹੀ ਡਿਊਟੀ ਦੌਰਾਨ ਉਨ੍ਹਾਂ ਨੂੰ ਨਾ ਤਾਂ ਡਿਊਟੀ ਤੋਂ ਬ੍ਰੇਕ ਲੈਣ ਦੀ ਆਗਿਆ ਹੁੰਦੀ ਹੈ, ਨਾ ਦੁਪਹਿਰ ਦੇ ਖਾਣੇ ਲਈ ਜਾਣ ਦਾ ਸਮਾਂ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਤੱਕ ਖਾਣਾ ਪਹੁੰਚਾਉਣ ਦੀ ਕੋਈ ਹੋਰ ਸਹੂਲਤ ਹੁੰਦੀ ਹੈ।

“ਇਹ ਸਾਡੀ ਬਹੁਤ ਮਦਦ ਕਰੇਗਾ। ਅਸੀਂ ਆਪਣੇ ਸੀਨੀਅਰਜ਼ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਬਾਰੇ ਸੋਚਿਆ। ਜਦੋਂ ਮੁਲਾਜ਼ਮਾਂ ਨੂੰ ਸਮੇਂ ਸਿਰ ਭੋਜਨ ਮਿਲੇਗਾ, ਤਾਂ ਉਹ ਸੌਂਪੇ ਖੇਤਰਾਂ ‘ਚ ਨਿਸ਼ਚਤ ਤੌਰ ‘ਤੇ ਕਨੂੰਨ ਵਿਵਸਥਾ ਬਣਾਈ ਰੱਖਣ ਲਈ ਹੋਰ ਮਿਹਨਤ ਕਰਨਗੇ,” ਇੱਕ ਸਿਪਾਹੀ ਨੇ ਕਿਹਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਹੋਣ ਦੇ ਨਾਤੇ, ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਸੰਗਰੂਰ-ਪਟਿਆਲਾ ਰੋਡ ‘ਤੇ ਮੁੱਖ ਮੰਤਰੀ ਦੀ ਸਥਾਨਕ ਰਿਹਾਇਸ਼ ਨੇੜੇ ਵਾਰ-ਵਾਰ ਧਰਨੇ-ਮੁਜ਼ਾਹਰੇ ਹੁੰਦੇ ਆ ਰਹੇ ਹਨ। ਪੰਜਾਬ ਭਰ ਤੋਂ ਪ੍ਰਦਰਸ਼ਨਕਾਰੀ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਇੱਥੇ ਪਹੁੰਚ ਰਹੇ ਹਨ।

ਹਾਲ ਹੀ ਵਿੱਚ, ਕਿਸਾਨਾਂ ਦਾ ਅਣਮਿੱਥੇ ਸਮੇਂ ਦਾ ਵਿਰੋਧ ਇੱਥੇ 21 ਦਿਨਾਂ ਤੱਕ ਜਾਰੀ ਰਿਹਾ ਅਤੇ ਸੀਨੀਅਰ ਅਧਿਕਾਰੀਆਂ ਵੱਲੋਂ ਸਮੇਂ ਸਿਰ ਭੋਜਨ ਮੁਹੱਈਆ ਕਰਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਜ਼ਿਆਦਾਤਰ ਪੁਲਿਸ ਮੁਲਾਜ਼ਮਾਂ ਨੂੰ ਖਾਣੇ ਸੰਬੰਧੀ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸੰਗਰੂਰ ਤੋਂ ਇਲਾਵਾ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੇ ਗ੍ਰਹਿ ਹਲਕੇ ਧੂਰੀ ਵਿਖੇ ਵੀ ਪਹੁੰਚ ਰਹੇ ਹਨ।

“ਇਹ ਪੰਜਾਬ ਵਿੱਚ ਆਪਣੀ ਕਿਸਮ ਦੀ ਪਹਿਲੀ ਪਹਿਲਕਦਮੀ ਹੈ ਅਤੇ ਅਸੀਂ ਇਸ ਨੂੰ ਦੂਜੇ ਜ਼ਿਲ੍ਹਿਆਂ ਨਾਲ ਵੀ ਸਾਂਝਾ ਕਰਾਂਗੇ, ਤਾਂ ਜੋ ਉਹ ਵੀ ਆਪਣੀ ਪੁਲਿਸ ਫ਼ੋਰਸ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਅਜਿਹੇ ਕਦਮ ਚੁੱਕ ਸਕਣ,” ਐਸ.ਐਸ.ਪੀ ਸੰਗਰੂਰ, ਮਨਦੀਪ ਸਿੱਧੂ ਨੇ ਕਿਹਾ। ਕਿਚਨ ਵੈਨ ਦੀ ਇਹ ਪਹਿਲਕਦਮੀ ਸਿੱਧੂ ਨੇ ਆਪਣੇ ਅਫ਼ਸਰਾਂ ਦੀ ਇੱਕ ਟੀਮ ਨਾਲ ਮਿਲ ਕੇ ਅਮਲ ਹੇਠ ਲਿਆਂਦੀ ਹੈ। ਮੁਲਾਜ਼ਮਾਂ ਲਈ ਚਾਹ ਅਤੇ ਪਾਣੀ ਦੇ ਇੰਤਜ਼ਾਮ ਦੇ ਨਾਲ-ਨਾਲ, ਇਸ ਵੈਨ ‘ਚ ਹੋਰ ਵੀ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ।