ਕੈਪਟਨ ਤੋਂ ਬਾਅਦ ਸਭ ਤੋਂ ਵੱਧ ਵਿਧਾਇਕਾਂ ਨੇ ਮੁੱਖ ਮੰਤਰੀ ਵਜੋਂ ਮੇਰਾ ਸਮਰਥਨ ਕੀਤਾ ਸੀ, ਚੰਨੀ ਦੇ ਹੱਕ ’ਚ ਤਾਂ ਸਿਰਫ਼ ਦੋ ਸਨ: ਜਾਖੜ

254

ਕਾਂਗਰਸ ਵੱਲੋਂ ਜਦੋਂ ਪੰਜਾਬ ਲਈ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾਣਾ ਹੈ, ਉਸ ਤੋਂ ਐਨ ਪਹਿਲਾਂ ਪਾਰਟੀ ਨੇਤਾ ਸੁਨੀਲ ਜਾਖੜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ ਵਿਧਾਇਕਾਂ ਦੀ ਪਹਿਲੀ ਪਸੰਦ ਸਨ। ਉਨ੍ਹਾਂ ਦਾ ਕਿਹਾ ਕਿ ਉਨ੍ਹਾਂ ਨੂੰ 79 ਵਿੱਚੋਂ 42 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚੰਨੀ ਨੂੰ 2 ਵਿਧਾਇਕਾਂ ਦੀ ਹਮਾਇਤ, ਜਦਕਿ ਸੁਖਜਿੰਦਰ ਰੰਧਾਵਾ ਨੂੰ 16 ਤੇ ਪ੍ਰਨੀਤ ਕੌਰ ਨੂੰ 12 ਵਿਧਾਇਕਾਂ ਦੀ ਹਮਾਇਤ ਮਿਲੀ ਸੀ| ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ 6 ਵਿਧਾਇਕਾਂ ਦਾ ਸਮਰਥਨ ਮਿਲਿਆ ਸੀ|

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਪੰਜ ਕੋਣੀ ਮੁਕਾਬਲੇ ਹੋਣ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ’ਚ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਕੈਪਟਨ, ਢੀਂਡਸਾ ਗਠਜੋੜ ਅਤੇ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ। ਇਹ ਪੰਜੇ ਧਿਰਾਂ ਦਾਅਵਾ ਕਰ ਰਹੀਆਂ ਹਨ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦੀ ਹੀ ਜਿੱਤ ਹੋਵੇਗੀ ਅਤੇ ਉਨ੍ਹਾਂ ਦੀ ਹੀ ਸਰਕਾਰ ਬਣੇਗੀ।

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਾਂਗਰਸ ਦੇ ਸੀ.ਐੱਮ. ਚਿਹਰੇ ਦੀ ਦੌੜ ‘ਚ ਸ਼ਾਮਲ ਸਿੱਧੂ ਵਿਰੁੱਧ ਸੁਪਰੀਮ ਕੋਰਟ ‘ਚ ਰੋਡ ਰੇਜ ਮਾਮਲੇ ਦੀ ਮੁੜ ਪਟੀਸ਼ਨ ਦਾਖਲ ਹੋ ਗਈ ਹੈ ਜਿਸ ਦੀ ਸੁਣਵਾਈ ਭਲਕੇ ਸੁਪਰੀਮ ਕੋਰਟ ‘ਚ ਹੋਵੇਗੀ। ਇਹ ਘਟਨਾ ਕਰੀਬ 34 ਸਾਲ ਪੁਰਾਣੀ ਹੈ ਜਿਸ ‘ਚ ਝਗੜੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਹਾਈ ਕੋਰਟ ਤੋਂ ਸਜ਼ਾ ਹੋਣ ਤੋਂ ਬਾਅਦ ਸਿੱਧੂ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਦੀ ਸੀਟ ਛੱਡਣੀ ਪੈ ਗਈ ਸੀ। ਪੰਜਾਬ ‘ਚ ਕਾਂਗਰਸ ਲਈ ਇਹ ਵੱਡਾ ਝਟਕਾ ਹੈ। ਇਸ ਤੋਂ ਪਹਿਲਾਂ ਸੀ.ਐੱਮ. ਚਰਨਜੀਤ ਸਿੰਘ ਦੇ ਭਤੀਜੇ ਭੁਪਿੰਦਰ ਹਨੀ ‘ਤੇ ਗੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲੇ ‘ਚ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ।