ਇੰਸਟਾਗ੍ਰਾਮ ‘ਤੇ ਰੀਲਾਂ ਬਣਾਉਣ ਦੀ ਆਦੀ ਪਤਨੀ ਦਾ ਪਤੀ ਨੇ ਗਲਾ ਘੁੱਟ ਕੇ ਕੀਤਾ ਕਤਲ

ਤਿਰੁਪੁਰ: ਤਾਮਿਲਨਾਡੂ ਦੇ ਤਿਰੁਪੁਰ ਜ਼ਿਲ੍ਹੇ ‘ਚ ਇੰਸਟਾਗ੍ਰਾਮ ਅਤੇ ਟਿਕਟਾਕ ਦੀ ਆਦੀ ਇਕ ਔਰਤ ਨੂੰ ਉਸ ਦੇ ਪਤੀ ਨੇ ਗੁੱਸੇ ‘ਚ ਸ਼ਾਲ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਮੁਲਜ਼ਮ ਪਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮ੍ਰਿਤਕ ਚਿਤਰਾ ਨੂੰ ਇੰਸਟਾਗ੍ਰਾਮ ‘ਤੇ ਰੀਲਾਂ ਸ਼ੇਅਰ ਕਰਨ ਦੀ ਆਦਤ ਸੀ। ਉਹ ਇਸ ਸੋਸ਼ਲ ਪਲੇਟਫਾਰਮ ‘ਤੇ ਕਾਫੀ ਸਮਾਂ ਬਿਤਾਉਂਦੀ ਸੀ।

ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਤਾਮਿਲਨਾਡੂ ਦੇ ਡਿੰਡੁਗਲ ਦੇ 38 ਸਾਲਾ ਅਮ੍ਰਿਤਲਿੰਗਮ ਟੇਨਮਪਾਲਯਾਮ ਨੂੰ ਆਪਣੀ ਪਤਨੀ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਤਿਰੁਪੁਰ ਦੀ ਸਬਜ਼ੀ ਮੰਡੀ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਹੈ। ਉਸਦੀ ਪਤਨੀ ਚਿਤਰਾ ਇੱਕ ਟੈਕਸਟਾਈਲ ਫੈਕਟਰੀ ਵਿੱਚ ਕੰਮ ਕਰਦੀ ਸੀ। ਦੋਵੇਂ ਤਿਰੁਪੁਰ ਦੇ ਸਲੇਮ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।

ਪੁਲਿਸ ਮੁਤਾਬਕ ਚਿਤਰਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਤੇ ਟਿਕਟਾਕ ‘ਤੇ ਰੀਲਾਂ ਬਣਾਉਂਦੀ ਸੀ। ਇਸ ਗੱਲ ਨੂੰ ਲੈ ਕੇ ਪਤੀ ਅੰਮ੍ਰਿਤਾਲਿੰਗਮ ਦਾ ਚਿੱਤਰਾ ਨਾਲ ਕਈ ਵਾਰ ਝਗੜਾ ਹੋਇਆ ਸੀ। ਚਿਤਰਾ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਾਫੀ ਸਮਾਂ ਬਤੀਤ ਕਰਦੀ ਸੀ, ਇਸ ਲਈ ਪਤੀ ਉਸ ਤੋਂ ਪਰੇਸ਼ਾਨ ਰਹਿੰਦਾ ਸੀ। ਦੂਜੇ ਪਾਸੇ ਚਿਤਰਾ ਦੇ ਫੋਲੋਅਰਸ ਵੀ ਵਧ ਰਹੇ ਸਨ।

ਇਸ ਤੋਂ ਬਾਅਦ ਚਿਤਰਾ ਨੇ ਐਕਟਿੰਗ ਦੀ ਦੁਨੀਆ ‘ਚ ਕਦਮ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਉਹ ਦੋ ਮਹੀਨੇ ਪਹਿਲਾਂ ਚੇਨਈ ਆ ਗਈ। ਇਸ ਤੋਂ ਬਾਅਦ ਜਦੋਂ ਉਹ ਪਿਛਲੇ ਹਫਤੇ ਆਪਣੀ ਧੀ ਦੇ ਵਿਆਹ ਵੇਲੇ ਘਰ ਪਰਤੀ ਅਤੇ ਉਸ ਤੋਂ ਬਾਅਦ ਉਹ ਦੁਬਾਰਾ ਚੇਨੱਈ ਜਾਣ ਦੀ ਤਿਆਰੀ ਕਰ ਰਹੀ ਸੀ। ਚਿਤਰਾ ਦੇ ਚੇਨੱਈ ਪਰਤਣ ਦੀ ਜ਼ਿੱਦ ਕਰਨ ‘ਤੇ ਪਤੀ-ਪਤਨੀ ਵਿਚਕਾਰ ਤਕਰਾਰ ਹੋ ਗਈ।

ਇਸ ਦੌਰਾਨ ਉਸ ਦੇ ਪਤੀ ਅੰਮ੍ਰਿਤਾਲਿੰਗਮ ਨੇ ਸ਼ਾਲ ਨਾਲ ਚਿਤਰਾ ਦਾ ਗਲਾ ਘੁੱਟ ਦਿੱਤਾ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਹ ਘਰੋਂ ਭੱਜ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਨੂੰ ਬੁਲਾਇਆ। ਜਦੋਂ ਨਵ-ਵਿਆਹੀ ਧੀ ਪੇਕੇ ਘਰ ਪਹੁੰਚੀ ਤਾਂ ਉਸ ਨੇ ਘਰ ਵਿੱਚ ਮਾਂ ਚਿਤਰਾ ਨੂੰ ਮ੍ਰਿਤਕ ਪਾਇਆ। ਫਿਰ ਉਸ ਨੇ ਪਿਤਾ ਵੱਲੋਂ ਮਾਂ ਦੇ ਕਤਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।