ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਸੂਰੀ ਦਾ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਜਲੰਧਰ ਵਿਖੇ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੱਕ ਖ਼ਾਲਿਸਤਾਨੀ ਸਮਰਥਕ ਵੱਲੋਂ ਫੋਨ ‘ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

ਪੰਜਾਬ ਵਿੱਚ ਸ਼ਿਵ ਸੈਨਾ ਅਤੇ ਹਿੰਦੂ ਆਗੂਆਂ ਨੂੰ ਹਰ ਰੋਜ਼ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੂਬੇ ਦੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਹਨ। ਬੀਤੇ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਸੂਰੀ ਦਾ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਜਲੰਧਰ ਵਿਖੇ ਉਨ੍ਹਾਂ ਦੀ ਪਾਰਟੀ ਦੇ ਪੰਜਾਬ ਚੇਅਰਮੈਨ ਸੁਨੀਲ ਕੁਮਾਰ ਬੰਟੀ ਨੂੰ ਇੱਕ ਖ਼ਾਲਿਸਤਾਨੀ ਸਮਰਥਕ ਵੱਲੋਂ ਫੋਨ ‘ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ।

ਸੁਨੀਲ ਕੁਮਾਰ ਬੰਟੀ ਨੇ ਪੁਲਿਸ ‘ਤੇ ਲਗਾਏ ਗੰਭੀਰ ਇਲਜ਼ਾਮ

ਜਾਨ ਤੋਂ ਮਾਰਨ ਦੀਆਂ ਧਮਕੀਆਂ ਭਰਿਆ ਫੋਨ ਆਉਣ ਤੋਂ ਬਾਅਦ ਸੁਨੀਲ ਕੁਮਾਰ ਇਸ ਦੀ ਸ਼ਿਕਾਇਤ ਲੈ ਕੇ ਥਾਣਾ 6 ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਨਾਲ ਸ਼ਿਵ ਸੈਨਾ ਦੇ ਰਾਸ਼ਟਰੀ ਹਿੱਤ ਪ੍ਰਧਾਨ ਸੁਭਾਸ਼ ਗੋਰੀਆ,ਸ਼ਿਵ ਸੈਨਾ ਤਾਂਗੜੀ ਦੇ ਪੰਜਾਬ ਪ੍ਰਧਾਨ ਵਿਨੈ ਕਪੂਰ, ਜ਼ਿਲ੍ਹਾ ਪ੍ਰਧਾਨ ਮੁਨੀਸ਼ ਬਾਹਰੀ, ਸ਼ਿਵ ਸੈਨਾ ਟਕਸਾਲੀ ਦੇ ਉੱਤਰ ਭਾਰਤ ਦੇ ਮੁਖੀ ਐਸ.ਕੇ.ਸ਼ਰਮਾ ਸੰਨੀ ਵੀ ਮੌਜੂਦ ਰਹੇ।ਇਸ ਮੌਕੇ ਬੰਟੀ ਨੇ ਕਿਹਾ ਕਿ ਜੇ ਉਸ ‘ਤੇ ਜਾਂ ਉਸ ਦੇ ਪਰਿਵਾਰ ‘ਤੇ ਹਮਲਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਜਲੰਧਰ ਦੇ ਪੁਲਿਸ ਕਮਿਸ਼ਨਰ, ਏਸੀਪੀ ਅਤੇ ਐੱਸਐੱਚਓ ਦੀ ਹੋਵੇਗੀ ਕਿਉਂਕਿ ਹਿੰਦੂ ਨੇਤਾਵਾਂ ਨੂੰ ਲਗਾਤਾਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਬਾਵਜੂਦ ਪੁਲਿਸ ਕੋਈ ਖਾਸ ਕਦਮ ਨਹੀਂ ਚੁੱਕ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੌਮੀ ਪ੍ਰਧਾਨ ਸੁਧੀਰ ਸੂਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸਨ ਪਰ ਪੁਲਿਸ ਉਸ ਦੀ ਸੁਰੱਖਿਆ ਵੀ ਨਹੀਂ ਕਰ ਸਕੀ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦਾ ਕਤਲ ਹੋ ਗਿਆ।

4 ਨਵੰਬਰ ਨੂੰ ਕੀਤਾ ਗਿਆ ਸੀ ਸੁਧੀਰ ਸੂਰੀ ਦਾ ਕਤਲ

ਤੁਹਾਨੂੰ ਦੱਸ ਦਈਏ ਕਿ 4 ਨਵੰਬਰ ਨੂੰ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਸੁਧੀਰ ਸੂਰੀ ਦਾ ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਮੂਰਤੀਆਂ ਦੀ ਬੇਅਦਬੀ ਦੇ ਵਿਰੋਧ ਵਿੱਚ ਸੂਰੀ ਇੱਕ ਮੰਦਰ ਅੱਗੇ ਧਰਨਾ ਦੇ ਰਹੇ ਸਨ। ਇਸ ਦੌਰਾਨ ਕਾਰ ਵਿੱਚ ਆਏ ਸੰਦੀਪ ਸਿੰਘ ਉਰਫ਼ ਸੰਨੀ ਨਾਮ ਦੇ ਸਿੱਖ ਨੌਜਵਾਨ ਨੇ ਪਿਸਤੌਲ ਨਾਲ ਸੂਰੀ ਦੇ ਉੱਪਰ ਕਈ ਗੋਲ਼ੀਆਂ ਚਲਾਈਆਂ ਜਿਸ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।