Jitendra Narain, Suspended IAS Officer and Ex-Chief Secretary of Andaman and Nicobar Islands, Arrested ਪੁਲਸ ਨੇ ਵੀਰਵਾਰ ਨੂੰ ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ ਨੂੰ ਸਮੂਹਿਕ ਜ਼ਬਰ-ਜਨਾਹ ਦੇ ਇਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਪੀੜਤ ਦੇ ਵਕੀਲ ਫਾਟਿਕ ਚੰਦਰ ਦਾਸ ਨੇ ਕਿਹਾ ਕਿ ਸਥਾਨਕ ਅਦਾਲਤ ਨੇ ਨਰਾਇਣ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ।
ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਪੁਲਸ ਦੀ ਟੀਮ ਇੱਕ ਨਿੱਜੀ ਰਿਜ਼ੋਰਟ ਪਹੁੰਚੀ ਜਿੱਥੇ ਜਤਿੰਦਰ ਨਰਾਇਣ ਠਹਿਰੇ ਹੋਏ ਸੀ ਅਤੇ ਉਸ ਨੂੰ ਭਾਰੀ ਸੁਰੱਖਿਆ ਦੇ ਵਿਚਕਾਰ ਪੁਲਸ ਲਾਈਨ ਲਿਆਂਦਾ ਗਿਆ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ) ਦੇ ਸੀਨੀਅਰ ਅਧਿਕਾਰੀ ਨੂੰ ਗ੍ਰਿਫਤਾਰੀ ਤੋਂ ਬਾਅਦ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਇਸ ਮਾਮਲੇ ‘ਚ ਨਰਾਇਣ ਤੋਂ ਤਿੰਨ ਵਾਰ ਪੁੱਛਗਿੱਛ ਕਰ ਚੁੱਕੀ ਹੈ।
ਐੱਸ.ਆਈ.ਟੀ ਦਾ ਗਠਨ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕੀਤਾ ਗਿਆ ਸੀ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਇੱਕ 21 ਸਾਲਾ ਲੜਕੀ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਮੁੱਖ ਸਕੱਤਰ ਦੇ ਘਰ ਲਿਜਾਇਆ ਗਿਆ ਅਤੇ ਫਿਰ ਨਰਾਇਣ ਸਮੇਤ ਉੱਚ ਅਧਿਕਾਰੀਆਂ ਨੇ ਉਸ ਨਾਲ ਜ਼ਬਰ-ਜਨਾਹ ਕੀਤਾ।