ਇਸ ਦੀ ਜਾਣਕਾਰੀ ਖੁਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਦਿੱਤੀ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਅੰਦਰ ਤਾਇਨਾਤ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਆਪਣੇ ਜੇਲ੍ਹ ਸਟਾਫ਼ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਡੇ ਪੱਧਰ ’ਤੇ ਨਸ਼ਾ ਅਤੇ ਮੋਬਾਈਲ ਫ਼ੋਨ ਮੁਹੱਈਆ ਕਰਵਾਉਂਦਾ ਹੈ।

ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿਚ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ਾ ਤੇ ਮੋਬਾਈਲ ਫ਼ੋਨ ਸਪਲਾਈ ਕਰਨ ਦੇ ਦੋਸ਼ ਹੇਠ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਉਸ ਖ਼ਿਲਾਫ਼ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਖੁਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰ ਦਿੱਤੀ ਹੈ। ਪੁਲਿਸ ਨੂੰ ਸੂਹ ਮਿਲੀ ਸੀ ਕਿ ਕੇਂਦਰੀ ਜੇਲ੍ਹ ਅੰਦਰ ਤਾਇਨਾਤ ਡਿਪਟੀ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਆਪਣੇ ਜੇਲ੍ਹ ਸਟਾਫ਼ ਨਾਲ ਮਿਲ ਕੇ ਕੈਦੀਆਂ ਤੇ ਹਵਾਲਾਤੀਆਂ ਨੂੰ ਵੱਡੇ ਪੱਧਰ ’ਤੇ ਨਸ਼ਾ ਅਤੇ ਮੋਬਾਈਲ ਫ਼ੋਨ ਮੁਹੱਈਆ ਕਰਵਾਉਂਦਾ ਹੈ।

ਉਹ ਬਾਹਰੋਂ ਨਸ਼ਾ ਤਸਕਰਾਂ ਤੋਂ ਨਸ਼ਾ ਲੈ ਕੇ ਖ਼ੁਦ ਜੇਲ੍ਹ ਅੰਦਰ ਸਪਲਾਈ ਕਰਦਾ ਹੈ। ਮੁਖ਼ਬਰ ਨੇ ਪੁਲਿਸ ਨੂੰ ਦੋ ਮੋਬਾਈਲ ਨੰਬਰ ਵੀ ਦੱਸੇ, ਜੋ ਉਸ ਵਕਤ ਜੇਲ੍ਹ ਅੰਦਰ ਐਕਟਿਵ ਸਨ। ਇਹ ਵੀ ਪਤਾ ਲੱਗਾ ਕਿ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਕਥਿਤ ਤੌਰ ’ਤੇ ਮੋਟੀ ਰਕਮ ਲੈ ਕੇ ਪੰਜ ਮੋਬਾਈਲ ਫ਼ੋਨ ਇਸ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਅਤੇ ਅਤਿਵਾਦੀਆਂ ਨੂੰ ਮੁਹੱਈਆ ਕਰਵਾਏ ਸਨ।

ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਪੁਲਿਸ ਨੇ ਇਸ ਜੇਲ੍ਹ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।