ਪਤਨੀ ਨੇ ਪੁੱਤਰ ਨੂੰ ਨਾਲ ਮਿਲਾ ਕੇ ਕੀਤਾ ਪਤੀ ਦਾ ਕਤਲ, ਲਾਸ਼ ਘਰ ‘ਚ ਹੀ ਦੱਬ ਕੇ ਉੱਤੇ ਲਗਵਾ ਦਿੱਤਾ ਫ਼ਰਸ਼

ਅਬੋਹਰ – ਇੱਥੋਂ ਨੇੜਲੇ ਪਿੰਡ ਬਹਾਵਲਬਾਸੀ ਪਿੰਡ ਤੋਂ ਇੱਕ ਬਹੁਤ ਹੈਰਾਨ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ਬਰ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਔਰਤ ਨੇ ਆਪਣੇ ਲੜਕੇ ਨਾਲ ਮਿਲ ਕੇ ਆਪਣੇ ਪਤੀ ਦਾ ਪਹਿਲਾਂ ਕਤਲ ਕਰ ਦਿੱਤਾ, ਅਤੇ ਉਸ ਦੀ ਲਾਸ਼ ਨੂੰ ਘਰ ਦੇ ਵਿੱਚ ਦੱਬ ਕੇ, ਉਸ ਥਾਂ ਤੇ ਫ਼ਰਸ਼ ਪੁਆ ਦਿੱਤਾ।

ਚਲਾਕੀ ਕਰਦੇ ਹੋਏ ਔਰਤ ਨੇ ਪੁਲਿਸ ਕੋਲ ਆਪਣੇ ਪਤੀ ਦੀ ਗੁਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪਿੱਛੋਂ ਇਸ ਸਾਰੀ ਘਟਨਾ ਦਾ ਸੱਚ ਬਾਹਰ ਆਇਆ। ਮਾਂ-ਪੁੱਤ ਦੋਵੋਂ ਪੁਲਿਸ ਹਿਰਾਸਤ ‘ਚ ਲੈ ਲਏ ਗਏ ਹਨ, ਅਤੇ ਪੁਲਿਸ ਅਧਿਕਾਰੀਆਂ ਦੀ ਟੀਮ ਵੱਲੋਂ ਲਾਸ਼ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਿੰਡ ਬਹਾਵਲਬਾਸੀ ਦੇ ਵਸਨੀਕ 50 ਸਾਲਾ ਮੱਖਣ ਸਿੰਘ ਪੁੱਤਰ ਹਰਨੇਕ ਸਿੰਘ ਨੂੰ ਆਪਣੀ ਪਤਨੀ ਤੇ ਕਿਸੇ ਹੋਰ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਇਸ ਗੱਲ ਨੂੰ ਲੈ ਕੇ ਉਸ ਦਾ ਅਕਸਰ ਆਪਣੀ ਪਤਨੀ ਚਰਨਜੀਤ ਕੌਰ ਨਾਲ ਝਗੜਾ ਰਹਿੰਦਾ ਸੀ। ਕਰੀਬ 1 ਮਹੀਨੇ ਪਹਿਲਾਂ ਜਦ ਦੋਵਾਂ ‘ਚ ਝਗੜਾ ਹੋਇਆ ਤਾਂ ਚਰਨਜੀਤ ਕੌਰ ਨੇ ਆਪਣੇ ਲੜਕੇ ਜਸ਼ਨ ਉਰਫ਼ ਪ੍ਰਦੀਪ ਨਾਲ ਮਿਲ ਕੇ ਮੱਖਣ ਸਿੰਘ ਦਾ ਕਤਲ ਕਰ ਦਿੱਤਾ, ਅਤੇ ਲਾਸ਼ ਨੂੰ ਘਰ ਵਿੱਚ ਹੀ ਦੱਬ ਦਿੱਤਾ।

18 ਅਕਤੂਬਰ ਨੂੰ ਚਰਨਜੀਤ ਕੌਰ ਨੇ ਪੁਲਿਸ ਕੋਲ ਆਪਣੇ ਪਤੀ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਦੂਜੇ ਪਾਸੇ, ਮੱਖਣ ਸਿੰਘ ਦੇ ਗਾਇਬ ਹੋਣ ਬਾਅਦ ਪਿੰਡ ਵਿੱਚ ਸ਼ੁਰੂ ਹੋਈ ਚਰਚਾ ਹੌਲੀ-ਹੌਲੀ ਪੁਲਿਸ ਤੱਕ ਜਾ ਪਹੁੰਚੀ, ਅਤੇ ਜਦੋਂ ਪੁਲਿਸ ਅਧਿਕਾਰੀਆਂ ਨੇ ਮੱਖਣ ਦੀ ਪਤਨੀ ਅਤੇ ਲੜਕੇ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਲਿਆ।

ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ‘ਤੇ ਘਰ ਵਿੱਚ ਦੱਬੀ ਲਾਸ਼ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਅਤੇ ਚਰਨਜੀਤ ਕੌਰ ਅਤੇ ਉਸ ਦੇ ਮੁੰਡੇ ਪ੍ਰਦੀਪ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਮੱਖਣ ਸਿੰਘ ਦੇ ਭਰਾ ਸੁਰਜੀਤ ਸਿੰਘ ਨੇ ਸ਼ੱਕ ਜਤਾਇਆ ਕਿ ਇਸ ਮਾਮਲੇ ‘ਚ ਹੋਰ ਵੀ ਲੋਕਾਂ ਦਾ ਹੱਥ ਹੈ, ਜਿਸ ਤਹਿਤ ਦੋਸ਼ੀ ਮਾਂ-ਪੁੱਤ ਕੋਲੋਂ ਹੋਰ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।