ਇੱਕ ਪੜਿਆ ਲਿਖਿਆ ਥਾਣੇਦਾਰ..ਪਹਿਲੇ ਦਿਨ ਚਾਰਜ ਲੈਂਦਿਆਂ ਹੀ ਆਖਣ ਲੱਗਾ ਇਸ ਠਾਣੇ ਨੂੰ ਮਾਡਲ ਥਾਣਾ ਬਣਾਉਣਾ..!ਗੇਟ ਲਾਗੇ ਇੱਕ ਤਖਤਪੋਸ਼ ਰਖਵਾ ਦਿੱਤਾ..ਕੋਲ ਹੀ ਚਾਹ ਦਾ ਪੱਕਾ ਬੰਦੋਬਸਤ ਕਰ ਦਿੱਤਾ..ਅੰਦਰ ਇੱਕ ਕਮਰੇ ਵਿਚ ਕੂਲਰ ਤੇ ਟੈਲੀਵਿਜਨ ਵੀ ਲਵਾ ਦਿੱਤੇ..!

ਹੁਣ ਪਿੰਡ ਦੇ ਸਾਰੇ ਅਮਲੀ ਦਸ ਨੰਬਰੀਏ ਸੁਵੇਰੇ ਸੁਵੇਰੇ ਠਾਣੇ ਆ ਜਾਇਆ ਕਰਨ..ਪਹਿਲੋਂ ਟੌਰ ਨਾਲ ਚਾਹ ਪਕੌੜਿਆਂ ਦਾ ਲੰਗਰ ਛਕਿਆ ਕਰਨ..ਫੇਰ ਤਖਤਪੋਸ਼ ਤੇ ਬੈਠ ਤਾਸ਼ ਦੀ ਬਾਜੀ ਤੇ ਫੇਰ ਥੱਕ ਟੁੱਟ ਕੇ ਅੰਦਰ ਕੂਲਰ ਅੱਗੇ ਪੈ ਜਾਇਆ ਕਰਨ!

ਕੁਦਰਤੀ ਮਹੀਨੇ ਬਾਅਦ ਥਾਣੇਦਾਰ ਬਦਲ ਗਿਆ ਤੇ ਇੱਕ ਸਖਤ ਹੰਢੇ ਵਰਤੇ ਪੂਰਾਣੇ ਖੁੰਘ ਨੇ ਚਾਰਜ ਸੰਭਾਲ ਲਿਆ..!

ਪਹਿਲੇ ਦਿਨ ਹੀ ਪਿੰਡ ਦੇ ਸਾਰੇ ਨਾਮੀਂ ਦਸ ਨੰਬਰੀਏ ਪਕੌੜਿਆਂ ਦੀ ਰੇਹੜੀ,ਤਖਤਪੋਸ਼ ਅਤੇ ਅੰਦਰ ਘੂਕ ਸੁੱਤੇ ਪਏ ਵੇਖ ਅੱਗ ਬੁਗੁਲਾ ਹੋ ਗਿਆ..ਡਾਂਗ ਚੁੱਕ ਲਈ..ਅੰਨੇਵਾਹ ਕੁੱਟਣਾ ਸ਼ੁਰੂ ਕਰ ਦਿੱਤਾ..ਠੰਡੀ ਹਵਾ ਅੱਗੇ ਘੂਕ ਸੁੱਤੇ ਅੱਬੜਵਾਹੇ ਉੱਠੇ ਤੇ ਨੰਗੇ ਪੈਰੀ ਹੀ ਨਾਲ ਲੱਗਦੇ ਵਾਹਣਾ ਥਾਣੀਂ ਭੱਜ ਤੁਰੇ..ਪਿੱਛੋਂ ਅੰਨੇਵਾਹ ਡਾਂਗਾਂ ਅਤੇ ਗਾਹਲਾਂ..ਤੇ ਥੱਲੇ ਤਾਜੀ ਵਗੀ ਪੈਲੀ ਦੀਆਂ ਤਿੱਖੀਆਂ ਢੀਮਾਂ!

ਨਾਲੇ ਭੱਜੀ ਜਾਣ ਤੇ ਨਾਲ-ਨਾਲ ਆਖੀ ਜਾਵਣ..ਪਹਿਲਾ ਥਾਣੇਦਾਰ ਤੇ ਹੋਇਆ ਨਾ ਹੋਇਆ ਬੱਸ ਇੱਕ ਬਰੋਬਰ ਹੀ ਸੀ..ਢਿੱਲੇ ਜਿਹੇ ਦਾ ਨਾ ਆਏ ਦਾ ਪਤਾ ਲੱਗਦਾ ਸੀ ਤੇ ਨਾ ਗਏ ਦਾ..ਅਸਲ ਠਾਣੇਦਾਰੀ ਤੇ ਆਹ ਹੁੰਦੀ..ਪਿਓ ਦੇ ਪੁੱਤ ਨੇ ਪਹਿਲੇ ਦਿਨ ਹੀ ਗੜਗੱਜ ਪਵਾ ਦਿੱਤੇ..ਵਾਹ ਬੀ ਥਾਣੇਦਾਰਾ ਨਹੀਂ ਰੀਸਾਂ ਤੇਰੀਆਂ..ਜਿਉਂਦਾ ਵੱਸਦਾ ਰਹਿ!

ਇਹਨਾਂ ਵੀ ਓਸੇ ਦਿਨ ਸੁਧਰਨਾ ਜਿਸ ਦਿਨ ਨਵਾਂ ਥਾਣੇਦਾਰ ਆਇਆ!
ਹਰਪ੍ਰੀਤ ਸਿੰਘ ਜਵੰਦਾ