2015 ਦੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀ ਅਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਪੈਰੋਕਾਰ ਪ੍ਰਦੀਪ ਸਿੰਘ ਰਾਜੂ ਦੇ ਕਤਲ ਮਾਮਲੇ ਵਿੱਚ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਗੋਲਡੀ ਬਰਾੜ ਤੋਂ ਇਲਾਵਾ ਸੋਸਾਇਟੀ ਨਗਰ ਫਰੀਦਕੋਟ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮੁਨਾਵਾ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਰਾਜੂ ਦੇ ਨਾਂ ਸ਼ਾਮਲ ਹਨ। ਘਟਨਾ ਵਾਲੇ ਦਿਨ ਪੁਲੀਸ ਨੂੰ ਦੋਵੇਂ ਨੌਜਵਾਨਾਂ ਫਰੀਦਕੋਟ ਦੇ ਰਹਿਣ ਵਾਲੇ ਹੋਣ ਬਾਰੇ ਸੁਰਾਗ ਮਿਲ ਗਿਆ ਅਤੇ ਪੁਲੀਸ ਨੇ ਦੋਵਾਂ ਦੇ ਘਰਾਂ ’ਤੇ ਛਾਪੇਮਾਰੀ ਵੀ ਕੀਤੀ।

ਜਾਣਕਾਰੀ ਅਨੁਸਾਰ ਘਟਨਾ ਤੋਂ ਬਾਅਦ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੇ ਮ੍ਰਿਤਕ ਪ੍ਰਦੀਪ ਸਿੰਘ ਰਾਜੂ ਦੀ ਪਤਨੀ ਸਿਮਰਨ ਦੇ ਬਿਆਨਾਂ ‘ਤੇ 6 ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਅਤੇ ਜਾਂਚ ਦੇ ਆਧਾਰ ‘ਤੇ ਗੈਂਗਸਟਰ ਗੋਲਡੀ ਬਰਾੜ ਸਮੇਤ 4 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਉਕਤ ਮਾਮਲੇ ਵਿੱਚ ਘਟਨਾ ਤੋਂ ਕੁਝ ਦੇਰ ਬਾਅਦ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਅਤੇ ਦਿੱਲੀ ਦੇ ਸਪੈਸ਼ਲ ਸੈੱਲ ਦੀ ਹਿਰਾਸਤ ‘ਚ ਰੱਖੇ ਤਿੰਨ ਦੋਸ਼ੀਆਂ ਨੇ ਵੀ ਮੁੱਢਲੀ ਪੁੱਛਗਿੱਛ ‘ਚ ਖੁਲਾਸਾ ਕੀਤਾ ਹੈ ਕਿ ਵਾਰਦਾਤ ਨੂੰ ਗੋਲਡੀ ਦੇ ਕਹਿਣ ‘ਤੇ ਕੀਤਾ ਗਿਆ ਸੀ।

ਸੂਤਰਾਂ ਅਨੁਸਾਰ ਡੇਰਾ ਪੈਰੋਕਾਰ ਦੇ ਕਤਲ ਕੇਸ ਵਿੱਚ ਨਾਮਜ਼ਦ ਚਾਰ ਮੁਲਜ਼ਮਾਂ ਵਿੱਚੋਂ ਫਰੀਦਕੋਟ ਦੇ ਦੋਵੇਂ ਨੌਜਵਾਨਾਂ ’ਤੇ ਇਸ ਘਟਨਾ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ, ਜਦਕਿ ਗੋਲਡੀ ਬਰਾੜ ਅਤੇ ਹਰਜਿੰਦਰ ਸਿੰਘ ਰਾਜੂ ’ਤੇ ਸਾਜ਼ਿਸ਼ ਰਚਣ ਦੇ ਦੋਸ਼ ਹਨ। ਨਾਮਜ਼ਦ ਮੁਲਜ਼ਮਾਂ ਵਿੱਚੋਂ ਗੋਲਡੀ ਬਰਾੜ ਕੈਨੇਡਾ ਵਿੱਚ ਬੈਠਾ ਹੈ ਅਤੇ ਮੋਗਾ ਵਾਸੀ ਹਰਜਿੰਦਰ ਸਿੰਘ ਰਾਜੂ ਵੀ ਇਨ੍ਹਾਂ ਦਿਨਾਂ ਮੋਗਾ ਪੁਲੀਸ ਕੋਲ ਰਿਮਾਂਡ ’ਤੇ ਹੈ। ਉਹ ਫਰੀਦਕੋਟ ਜੇਲ ‘ਚ ਬੰਦ ਸੀ ਅਤੇ ਕੁਝ ਸਮਾਂ ਪਹਿਲਾਂ ਮੋਗਾ ਪੁਲਸ ਉਸ ਨੂੰ ਵਾਰੰਟ ‘ਤੇ ਲੈ ਗਈ ਸੀ, ਹੁਣ ਉਸ ਨੂੰ ਫਰੀਦਕੋਟ ਪੁਲਸ ਜਲਦ ਹੀ ਲੈ ਕੇ ਆਵੇਗੀ। ਇਸ ਤੋਂ ਇਲਾਵਾ ਫਰੀਦਕੋਟ ਦੇ ਰਹਿਣ ਵਾਲੇ ਦੋਵੇਂ ਮੁਲਜ਼ਮਾਂ ਦੀ ਭਾਲ ‘ਚ ਪੁਲਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਰਚੀ ਗਈ ਸਾਜ਼ਿਸ਼ – ਜ਼ਿਲ੍ਹਾ ਪੁਲੀਸ ਦੀ ਜਾਂਚ ਦੌਰਾਨ ਕਈ ਪਹਿਲੂ ਸਾਹਮਣੇ ਆਏ ਹਨ। ਸੂਤਰਾਂ ਅਨੁਸਾਰ ਡੇਰਾ ਸਮਰਥਕ ਨੂੰ ਮਾਰਨ ਦੀ ਸਾਜ਼ਿਸ਼ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਤੋਂ ਸ਼ੁਰੂ ਹੋਈ ਸੀ। ਮੋਗਾ ਜ਼ਿਲ੍ਹੇ ਦੇ ਪਿੰਡ ਮੁਨਾਵਾ ਦੇ ਵਸਨੀਕ ਹਰਜਿੰਦਰ ਸਿੰਘ ਰਾਜੂ ਨੇ ਫ਼ਰੀਦਕੋਟ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗੋਲਡੀ ਬਰਾੜ ਨਾਲ ਮਿਲਾਇਆ ਸੀ। ਇਨ੍ਹਾਂ ਦੋਵਾਂ ਵਿੱਚੋਂ ਮਨਪ੍ਰੀਤ ਸਿੰਘ ਮਨੀ ਦਾ ਨਜ਼ਦੀਕੀ ਰਿਸ਼ਤੇਦਾਰ ਭੋਲਾ ਸਿੰਘ ਖਾਲਸਾ ਵੀ ਇੱਕ ਕਤਲ ਕੇਸ ਵਿੱਚ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਪੁਲਿਸ ਨੂੰ ਸ਼ੱਕ ਹੈ ਕਿ ਭੋਲਾ ਸਿੰਘ ਖਾਲਸਾ ਨੇ ਮਨੀ ਅਤੇ ਉਸ ਦੇ ਸਾਥੀ ਹਰਜਿੰਦਰ ਸਿੰਘ ਦੇ ਸੰਪਰਕ ਵਿੱਚ ਹੋ ਸਕਦਾ ਹੈ, ਜਿਸ ਨੇ ਬਾਅਦ ਵਿੱਚ ਗੋਲਡੀ ਬਰਾੜ ਦੇ ਸੰਪਰਕ ਵਿੱਚ ਲਿਆ।

ਰਿਟਜ਼ ਕਾਰ ‘ਚ ਕੀਤੀ ਰੇਕੀ, 8 ਨੂੰ ਕੋਟਕਪੂਰਾ ਪਹੁੰਚ ਗਏ ਸੀ ਸ਼ੂਟਰ – ਦੂਜੇ ਪਾਸੇ ਸੂਤਰਾਂ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਰਿਆਣਾ ਤੋਂ ਆਏ ਸ਼ੂਟਰ 8 ਨਵੰਬਰ ਨੂੰ ਕੋਟਕਪੂਰਾ ਪੁੱਜੇ ਸਨ ਅਤੇ ਉਸ ਦਿਨ ਰਾਤ ਨੂੰ ਕਿਸੇ ਥਾਂ ਖੇਤਾਂ ਵਿੱਚ ਮੋਟਰ ਵਾਲੇ ਕਮਰੇ ਵਿੱਚ ਰੁਕੇ ਸਨ। ਇਸ ਤੋਂ ਇਲਾਵਾ ਵਾਰਦਾਤ ਤੋਂ ਪਹਿਲਾਂ ਰਿਟਜ਼ ਕਾਰ ਰਾਹੀਂ ਵੀ ਰੇਕੀ ਕੀਤੀ ਗਈ ਸੀ ਅਤੇ ਪੁਲਿਸ ਉਸ ਕਾਰ ਦੀ ਵੀ ਭਾਲ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਪੁਲਿਸ ਜਾਂਚ ਵਿੱਚ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਵਾਰਦਾਤ ਪਿੱਛੇ ਕਿੰਨੇ ਮੁਲਜ਼ਮ ਹਨ। ਵਾਰਦਾਤ ਨੂੰ 6 ਮੁਲਜ਼ਮਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਪਰ ਮੁਲਜ਼ਮਾਂ ਨੂੰ ਹਥਿਆਰ ਮੁਹੱਈਆ ਕਰਵਾਉਣ, ਰੇਕੀ ਕਰਨ, ਭਜਾਉਣ ਸਮੇਤ ਹੋਰ ਭੂਮਿਕਾਵਾਂ ਨਿਭਾਉਣ ਵਾਲੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਹੁਣ ਤੱਕ ਪੁਲੀਸ ਨੇ ਇਸ ਘਟਨਾ ਵਿੱਚ ਸ਼ਾਮਲ ਕੇਵਲ ਦੋ ਨੌਜਵਾਨਾਂ ਗੋਲਡੀ ਬਰਾੜ ਅਤੇ ਹਰਜਿੰਦਰ ਸਿੰਘ ਰਾਜੂ ਨੂੰ ਸਾਜ਼ਿਸ਼ ਰਚਣ ਲਈ ਨਾਮਜ਼ਦ ਕੀਤਾ ਹੈ।