ਬਰਮਿੰਘਮ ‘ਚ ਜਲੰਧਰ ਦੇ ਪਾਖੰਡੀ ਬਾਬੇ ਦਾ ਪਰਦਾਫਾਸ਼, ਫਿਰ ਸੰਗਤਾਂ ਤੋਂ ਮੰਗੀ ਮੁਆਫ਼ੀ

ਬਰਮਿੰਘਮ (ਸਰਬਜੀਤ ਸਿੰਘ ਬਨੂੜ) : ਸਥਾਨਕ ਸ਼ਹਿਰ ‘ਚ ਸਿੱਖੀ ਦੇ ਪ੍ਰਚਾਰ ਦਾ ਢੌਂਗ ਕਰ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਇਕ ਪਾਖੰਡੀ ਬਾਬੇ ਦਾ ਪਰਦਾਫਾਸ਼ ਹੋਇਆ ਹੈ, ਜਿਹੜਾ ਔਰਤਾਂ ਨਾਲ ਨਾਜਾਇਜ਼ ਸੰਬੰਧ ਬਣਾ ਕੇ ਅਸ਼ਲੀਲ ਫਿਲਮਾਂ ਬਣਾਉਂਦਾ ਸੀ। ਬਰਮਿੰਘਮ ‘ਚ ਗੁਰਦੁਆਰਾ ਅਕਾਲ ਬੂੰਗਾ ਸਮੈਦਿਕ ਵਿੱਚ ਪੰਥਕ ਜਥੇਬੰਦੀਆਂ ਦੀ ਹੋਈ ਇਕੱਤਰਤਾ ‘ਚ ਪਾਖੰਡੀ ਸਾਧ ਸੁਰਿੰਦਰ ਸਿੰਘ ਉਰਫ ਬਾਬਾ ਫੌਜਾ ਸਿੰਘ ਪੁੱਤਰ ਨਿਰਭੈਰ ਸਿੰਘ ਪਿੰਡ ਸਭਾਨਾ ਜ਼ਿਲ੍ਹਾ ਜਲੰਧਰ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੇਸ਼-ਵਿਦੇਸ਼ਾਂ ਵਿੱਚ ਖੁੱਲ੍ਹੇ ਆਪਣੇ ਡੇਰਿਆਂ ਦੀ ਮਲਕੀਅਤ ਅਕਾਲ ਤਖਤ ਸਾਹਿਬ ਦੇ ਨਾਂ ਕਰਨ ਤੇ ਵਿਦੇਸ਼ ਵਿੱਚ ਖੁੱਲ੍ਹੀਆਂ ਸੰਸਥਾਵਾਂ ਅਤੇ ਨਿੱਜੀ ਘਰਾਂ ਵਿੱਚ ਜਾ ਕੇ ਪ੍ਰਚਾਰ ਕਰਨ ਤੋਂ ਤੌਬਾ ਕੀਤੀ ਹੈ।

ਬਰਮਿੰਘਮ ਦੀਆਂ ਸਿੱਖ ਪੰਥਕ ਜਥੇਬੰਦੀਆਂ ਤੇ ਗੁਰੂਘਰ ਪ੍ਰਬੰਧਕਾਂ ਨੇ ਬਾਬਾ ਫੌਜਾ ਸਿੰਘ ਦੇ ਕੁਕਰਮਾਂ ਤੇ ਅਸ਼ਲੀਲ ਫਿਲਮਾਂ ਦਾ ਚਿੱਠਾ ਅਕਾਲ ਤਖਤ ਸਾਹਿਬ ‘ਤੇ ਭੇਜਣ ਅਤੇ ਪਾਖੰਡੀ ਬਾਬੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੇਸ਼-ਵਿਦੇਸ਼ਾਂ ਵਿੱਚ ਉਸ ਦੇ ਪ੍ਰਚਾਰ ਕਰਨ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪਿੰਡ ਸਭਾਨਾ ਵਿੱਚ ਵੀ ਸੰਸਥਾ ਗੁਰਦੁਆਰਾ ਅਕਾਲ ਬੂੰਗਾ ਵੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਜਾਵੇਗਾ।