ਮੁਹਾਲੀ ਦੇ ਮਟੌਰ ਪਿੰਡ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲਾੜਾ ਜੰਜ ਲੈ ਕੇ ਲਾੜੀ ਦੇ ਘਰੇ ਪਹੁੰਚਿਆ ਸੀ ਪਰ ਪਿੱਛੋਂ ਦੀ ਲਾੜੇ ਦੀ ਪ੍ਰੇਮਿਕਾ ਨੇ ਸ਼ਗਨਾਂ ਵਾਲੇ ਘਰ ਆ ਛਾਪਾ ਮਾਰ ਦਿੱਤਾ। ਹੋਣਾ ਕੀ ਸੀ, ਜਿਸ ਘਰੇ ਸ਼ਗਨਾਂ ਦੇ ਗੀਤ ਗਾਉਣੇ ਹੋਣੇ ਸਨ ਉੱਥੇ ਹੀ ਮੁੰਡੇ ਵਾਲੇ ਤੇ ਕੁੜੀ ਵਾਲੇ ਆਹਮੋ-ਸਾਹਮਣੇ ਹੋ ਗਏ। ਕੁੜੀ ਵਾਲਿਆਂ ਨੇ ਤੁਰੰਤ ਪੁਲਿਸ ਸੱਦ ਲਈ ਤੇ ਮੁਹਾਲੀ ਪੁਲਿਸ ਡੋਲੀ ਵਾਲੀ ਗੱਡੀ ਸਮੇਤ ਹੀ ਲਾੜਾ ਤੇ ਬਰਾਤੀਆਂ ਨੂੰ ਥਾਣੇ ਲੈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਬੇਅੰਤ ਸਿੰਘ ਅੱਜ ਮੁਹਾਲੀ ਦੇ ਮਟੌਰ ਵਿਖੇ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਕੁੜੀ ਵਾਲਿਆਂ ਦੇ ਵਿਹੜੇ ਪਹੁੰਚਿਆ ਤਾਂ ਉਸ ਦਾ ਪਿੱਛਾ ਕਰਦੀ ਹੋਈ ਉਸ ਦੀ ਕਥਿਤ ਪ੍ਰੇਮਿਕਾ ਰੇਨੂੰ ਵੀ ਮੌਕੇ ‘ਤੇ ਪਹੁੰਚ ਗਈ ਅਤੇ ਵਿਆਹ ਵਾਲੀ ਥਾਂ ‘ਤੇ ਭੜਥੂ ਪਾ ਵਿਆਹ ਰੁਕਵਾ ਦਿੱਤਾ। ਪਟਿਆਲਾ ਦੀ ਰਹਿਣ ਵਾਲੀ ਰੇਨੂੰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਬੇਅੰਤ ਸਿੰਘ ਨਾਲ ਲਿਵਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਪ੍ਰੇਮਿਕਾ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਬੇਅੰਤ ਸਿੰਘ ਉਸ ਨੂੰ ਅਣਦੇਖਿਆ ਕਰ ਰਿਹਾ ਸੀ। ਉਸਨੂੰ ਸ਼ੱਕ ਹੋਇਆ ਤਾਂ ਕੁੜੀ ਵੱਲੋਂ ਪੜਤਾਲ ਕਰਵਾਈ ਗਈ ਅਤੇ ਉਹ ਲਾੜੇ ਦੀ ਬਰਾਤ ਦਾ ਪਿੱਛਾ ਕਰਦੀ ਵਿਆਹ ਵਾਲੀ ਥਾਂ ‘ਤੇ ਪਹੁੰਚ ਗਈ।

ਦੂਜੇ ਪਾਸੇ ਲਾੜਾ ਬੇਅੰਤ ਸਿੰਘ ਦੀ ਮੰਨੀਏ ਤਾਂ ਉਹਦਾ ਕਹਿਣਾ ਕਿ ਰੇਨੂੰ ਪਿਛਲੇ 4 ਸਾਲਾਂ ਤੋਂ ਉਸ ਨਾਲ ਲਿਵਇਨ ਰਿਲੇਸ਼ਨ ਵਿਚ ਰਹਿ ਰਿਹਾ ਸੀ। ਪ੍ਰੰਤੂ ਜਦੋਂ ਉਸ ਨੂੰ ਰੇਨੂ ਦੇ ਪਿਛਲੇ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਰੇਨੂੰ ਦਾ ਉਸ ਵਕਤ ਤੱਕ ਆਪਣੇ ਪਤੀ ਨਾਲ ਤਲਾਕ ਨਹੀਂ ਹੋਇਆ ਸੀ, ਇਸ ਦੇ ਬਾਵਜੂਦ ਉਹ ਉਸਦੇ ਨਾਲ ਸੀ, ਜਿਸ ਮਗਰੋਂ ਬੇਅੰਤ ਇਸ ਰਿਸ਼ਤੇ ਨੂੰ ਖ਼ਤਮ ਕਰਨ ਲਈ ਅਲੱਗ ਹੋ ਗਿਆ। ਬੇਅੰਤ ਨੇ ਇਲਜ਼ਾਮ ਲਾਇਆ ਕਿ ਰੇਨੂੰ ਨੇ ਤਲਾਕ ਦੀ ਗੱਲ ਉਸ ਤੋਂ ਛੁਪਾਈ ਹੋਈ ਸੀ।

ਉੱਥੇ ਹੀ ਬੇਅੰਤ ਵੱਲੋਂ ਜਿਸ ਲੜਕੀ ਨਾਲ ਵਿਆਹ ਕਰਨ ਲਈ ਉਹ ਬਰਾਤ ਲੈ ਕੇ ਮੁਹਾਲੀ ਪਹੁੰਚਿਆ ਸੀ ਜਦੋਂ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵਿਆਹ ਕਰਣ ਤੋਂ ਇਨਕਾਰ ਕਰ ਦਿੱਤਾ। ਹੁਣ ਲਾੜੀ ਦੇ ਪਰਿਵਾਰ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਉਹ ਇਸ ਸਬੰਧੀ ਮੁੰਡੇ ਵਾਲਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।