ਪੰਜਾਬ ਪੁਲਿਸ ਦਾ ਬਰਖਾਸਤ ASI ਹੀ ਨਿਕਲਿਆ ਕਾਤਲ, ਗਲਾ ਘੁੱਟ ਕੇ ਕੀਤੀ ਸੀ ਨਰਸ ਦੀ ਹੱਤਿਆ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਸੋਹਾਣਾ ਵਿੱਚ ਇੱਕ ਸ਼ੈੱਡ ਨੇੜੇ ਮਿਲੀ ਨਰਸ ਨਸੀਬ ਕੌਰ (23) ਦੇ ਕਤਲ ਵਿੱਚ ਪੰਜਾਬ ਪੁਲੀਸ ਦੇ ਬਰਖਾਸਤ ਏਐਸਆਈ ਰਸ਼ਪ੍ਰੀਤ ਸਿੰਘ ਦਾ ਨਾਂ ਸਾਹਮਣੇ ਆਇਆ ਹੈ। ਉਸ ਦਾ ਨਰਸ ਨਾਲ ਅਫੇਅਰ ਚੱਲ ਰਿਹਾ ਸੀ। ਨਸੀਬ ਕੌਰ ਦੀ 13 ਨਵੰਬਰ ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਵਿਚ ਉਸ ਦੀ ਗਰਦਨ ਦੀ ਹੱਡੀ ਵੀ ਟੁੱਟ ਗਈ। ਮੁਲਜ਼ਮ ਏਐਸਆਈ ਰਸ਼ਪ੍ਰੀਤ ਸਿੰਘ ਮੁਹਾਲੀ ਦੇ ਫੇਜ਼ 8 ਥਾਣੇ ਵਿੱਚ ਤਾਇਨਾਤ ਸੀ। ਡਕੈਤੀ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਤੋਂ ਉਹ ਫਰਾਰ ਹੈ। ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਹੁਣ ਰਸ਼ਪ੍ਰੀਤ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਦੋਸ਼ੀ ਦਾ ਨਰਸ ਨਾਲ ਅਫੇਅਰ ਚੱਲ ਰਿਹਾ ਸੀ। ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਨਸੀਬ ਕੌਰ ਨੂੰ ਇਸ ਦਾ ਪਤਾ ਨਹੀਂ ਸੀ। ਪੁਲਿਸ ਨੂੰ ਮ੍ਰਿਤਕ ਦੇ ਮੋਬਾਈਲ ਫੋਨ ‘ਚ ਰਸ਼ਪ੍ਰੀਤ ਨਾਲ ਗੱਲਬਾਤ ਵੀ ਮਿਲੀ ਹੈ। ਇਸ ਦੇ ਆਧਾਰ ‘ਤੇ ਪੁਲਿਸ ਦਾ ਸ਼ੱਕ ਫਰਾਰ ਰਸ਼ਪ੍ਰੀਤ ‘ਤੇ ਪੈ ਗਿਆ।

ਜਾਣਕਾਰੀ ਅਨੁਸਾਰ ਨਸੀਬ ਕੌਰ ਦੀ ਲਾਸ਼ ਨੂੰ ਰਸ਼ਪ੍ਰੀਤ ਨੇ ਛੱਪੜ ਨੇੜੇ ਐਕਟਿਵਾ ‘ਤੇ ਸੁੱਟ ਦਿੱਤਾ ਸੀ। ਪੁਲਿਸ ਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ। ਮ੍ਰਿਤਕ ਪੰਚਕੂਲਾ ਸੈਕਟਰ 5 ਦੇ ਇੱਕ ਨਿੱਜੀ ਹਸਪਤਾਲ ਵਿੱਚ ਸਟਾਫ਼ ਨਰਸ ਸੀ ਅਤੇ ਮੂਲ ਰੂਪ ਵਿੱਚ ਪੰਜਾਬ ਦੇ ਅਬੋਹਰ ਦੀ ਵਸਨੀਕ ਸੀ। ਉਹ ਮੋਹਾਲੀ ਵਿਖੇ ਪੀ.ਜੀ. ਵਿਚ ਰਹਿ ਰਹੀ ਸੀ। ਉਸ ਦੀ ਮ੍ਰਿਤਕ ਦੇਹ ਕੋਲ ਹੀ ਉਸ ਦਾ ਮੋਬਾਈਲ ਨੇੜੇ ਮਿਲਿਆ ਸੀ।