ਚੰਡੀਗੜ੍ਹ, 14 ਫ਼ਰਵਰੀ, 2022:ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੋਮਵਾਰ ਦੀ ਪੰਜਾਬ ਫ਼ੇਰੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਦੋ ਵਾਰ ਉੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਨਾਰਾਜ਼ ਹੋਏ ਮੁੱਖ ਮੰਤਰੀ ਸ: ਚੰਨੀ ਨੇ ਕਿਹਾ ਹੈ ਕਿ ਉਹ ਇਕ ਸੂਬੇ ਦੇ ਮੁੱਖ ਮੰਤਰੀ ਹਨ, ਕੋਈ ਅੱਤਵਾਦੀ ਨਹੀਂ ਹਨ।

ਜ਼ਿਕਰਯੋਗ ਹੈ ਕਿ ਇਕ ਬੰਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਜਲੰਧਰ ਵਿਖ਼ੇ ਚੋਣ ਰੈਲੀ ਸੀ ਜਦਕਿ ਸ੍ਰੀ ਰਾਹੁਲ ਗਾਂਧੀ ਦੀ ਪਹਿਲਾਂ ਹੁਸ਼ਿਆਰਪੁਰ ਵਿੱਚ ਅਤੇ ਬਾਅਦ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸੁਜਰਾਨਪੁਰ ਵਿਖ਼ੇ ਚੋਣ ਰੈਲੀ ਸੀ।

ਪਹਿਲਾਂ ਸ: ਚੰਨੀ ਨੂੰ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਲਈ ਉੱਡਣ ਲੱਗਿਆਂ ‘ਕਲੀਅਰੈਂਸ’ ਨਹੀਂ ਦਿੱਤੀ ਗਈ ਜਦਕਿ ਮੁੱਖ ਮੰਤਰੀ ‘ਪਰਮਿਸ਼ਨ’ ਪ੍ਰਾਪਤ ਹੋਣ ਦੇ ਚੱਲਦਿਆਂ ਆਪਣੇ ਨਿਵਾਸ ਤੋਂ ਹੈਲੀਪੈਡ ਪੁੱਜ ਕੇ ਹੈਲੀਕਾਪਟਰ ਵਿੱਚ ਬੈਠ ਕੇ ਇੰਤਜ਼ਾਰ ਕਰਦੇ ਰਹੇ ਅਤੇ ਕੋਸ਼ਿਸ਼ ਕੀਤੀ ਜਾਂਦੀ ਰਹੀ ਕਿ ‘ਕਲੀਅਰੈਂਸ’ ਮਿਲ ਜਾਵੇ, ਪਰ ਇੰਜ ਨਹੀਂ ਹੋਇਆ। ਇਸ ਤਰ੍ਹਾਂ ਹੁਸ਼ਿਆਰਪੁਰ ਰੈਲੀ ਦਾ ਸਮਾਂ ਲੰਘ ਜਾਣ ’ਤੇ ਮੁੱਖ ਮੰਤਰੀ ਆਪਣੇ ਨਿਵਾਸ ਪਰਤ ਗਏ ਪਰ ਬਾਅਦ ਵਿੱਚ ਉਨ੍ਹਾਂ ਨੂੰ ਗੁਰਦਾਸਪੁਰ ਵਿੱਚ ਸੁਜਾਨਪੁਰ ਜਾਣ ਲਈ ਇਜਾਜ਼ਤ ਮਿਲ ਗਈ ਪਰ ਦਰਅਸਲ ਸ:ਚੰਨੀ ਅੱਜ ਸ੍ਰੀ ਰਾਹੁਲ ਗਾਂਧੀ ਦੀਆਂ ਦੋਵਾਂ ਰੈਲੀਆਂ ਵਿੱਚੋਂ ਕਿਸੇ ਇਕ ਵਿੱਚ ਵੀ ਸ਼ਮੂਲੀਅਤ ਨਹੀਂ ਕਰ ਸਕੇ।

ਇਸ ਮਗਰੋਂ ਗੁਰਦਾਸਪੁਰ ਤੋਂ ਜਲੰਧਰ ਸਥਿਤ ਆਪਣੇ ਪ੍ਰੋਗਰਾਮਾਂ ਲਈ ਸ:ਚੰਨੀ ਦੇ ਹੈਲੀਕਾਪਟਰ ਨੂੰ ਮੁੜ ਕਲੀਅਰੈਂਸ ਦੇਣ ਤੋਂ ਨਾਂਹ ਕਰ ਦਿੱਤੀ ਗਈ ਅਤੇ ਕਹਿ ਦਿੱਤਾ ਗਿਆ ਕਿ 6 ਵਜੇ ਤੋਂ ਪਹਿਲਾਂ ਕਲੀਅਰੈਂਸ ਨਹੀਂ ਮਿਲ ਸਕੇਗੀ।

ਸ:ਚੰਨੀ ਨੇ ਉਕਤ ਦਾਅਵਾ ਕਰਦਿਆਂ ਕਿਹਾ ਕਿ ਉਹ ਹੁਣ ਸੜਕੀ ਰਸਤੇ ਜਲੰਧਰ ਲਈ ਰਵਾਨਾ ਹੋ ਗਏ ਹਨ ਪਰ ਨਾਲ ਹੀ ਉਨ੍ਹਾਂ ਨੇ ਇਸ ਘਟਨਾਕ੍ਰਮ ’ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫ਼ੇਰੀ ਦੇ ਮੱਦੇਨਜ਼ਰ ‘ਨੋ ਫ਼ਲਾਈ ਜ਼ੋਨ’ ਦਾ ਹਵਾਲਾ ਦੇ ਕੇ ਉਹਨਾਂ ਨੂੰ ਇਕ ਦਿਨ ਵਿੱਚ ਦੋ ਵਾਰ ਹੈਲੀਕਾਪਟਰ ਰਾਹੀਂ ਉਡਾਣ ਭਰਨ ਤੋਂ ਰੋਕ ਦਿੱਤਾ ਗਿਆ ਹੈ।

ਉਹਨਾਂ ਕਿਹਾ ਕਿ ‘ਇਹ ਕਿਹੜਾ ਸ਼ਡਯੰਤਰ ਹੈ, ਇਹ ਕਿਹੜੀ ਰਾਜਨੀਤੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਹੀ ਸਾਨੂੰ ਰੋਕਿਆ ਜਾ ਰਿਹਾ ਹੈ, ਇਹ ਕਿਸ ਤਰ੍ਹਾਂ ਚੱਲੇਗਾ। ਬੜੀ ਗ਼ਲਤ ਰਾਜਨੀਤੀ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਲਈ ਰਵਾਨਾ ਨਾ ਹੋ ਸਕਣ ’ਤੇ ਆਪਣੇ ਪਹਿਲੇ ਪ੍ਰਤੀਕਰਮ ਵਿੱਚ ਸ: ਚੰਨੀ ਨੇ ਚੰਡੀਗੜ੍ਹ ਵਿਖ਼ੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖ਼ਿਆ ਸੀ ਕਿ ਉਹ ਇਸ ਮਸਲੇ ’ਤੇ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁਣਗੇ ਕਿਉਂਕਿ ਲੋਕ ਆਪ ਹੀ ਸਭ ਸਮਝਦੇ ਹਨ। ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਨਾਲ ਖੜ੍ਹੇ ਹਨ ਅਤੇ ਪੰਜਾਬ ਲਈ ਹੀ ਲੜਨਗੇ ਅਤੇ ਮਰਨਗੇ।