ਹੁਸ਼ਿਆਰਪੁਰ ਦੇ 2 ਸਕੇ ਭਰਾਵਾਂ ਦੀਆਂ ਹਰਿਆਣੇ ‘ਚ ਮਿਲੀਆਂ ਟੋਟੇ-ਟੋਟੇ ਹੋਈਆਂ ਲਾਸ਼ਾਂ, ਹੱਤਿਆ ਤੋਂ ਬਾਅਦ ਰੇਲਵੇ ਟ੍ਰੈਕ ‘ਤੇ ਸੁੱਟੀਆਂ ਲਾਸ਼ਾਂ !

ਪਹਿਲਾਂ ਦੋਵਾਂ ਭਰਾਵਾਂ ਦਾ ਕਤਲ ਕੀਤਾ ਗਿਆ ਤੇ ਫ਼ੇਰ ਉਸ ਨੂੰ ਆਤਮਹੱਤਿਆ ਦਾ ਰੰਗ ਦੇਣ ਲਈ ਲਾਸ਼ਾਂ ਰੇਲਵੇ ਟਰੈਕ ‘ਤੇ ਪਾ ਦਿੱਤੀਆਂ ਗਈਆਂ। ਜਿੱਥੇ ਟਰੇਨਾਂ ਦੀ ਆਵਾਜਾਈ ਕਾਰਨ ਲਾਸ਼ਾਂ ਦੇ ਟੋਟੇ ਹੋ ਗਏ।

ਤਲਵਾੜਾ : ਰੋਹਤਕ (ਹਰਿਆਣਾ) ਨੇੜਿਓਂ ਰੇਲਵੇ ਪੁਲਿਸ ਨੇ ਥਾਣਾ ਤਲਵਾੜਾ ਦੇ ਅਧੀਨ ਪੈਂਦੇ ਪਿੰਡ ਮੰਹਤ ਮੁਹੱਲਾ ਦੇਪੁਰ ਦੇ ਚੰਡੋਲੀ ਮੁਹੱਲੇ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀਆਂ ਟੋਟੇ-ਟੋਟੇ ਹੋਈਆਂ ਲਾਸ਼ਾ ਨੂੰ ਭੇਤਭਰੇ ਹਾਲਾਤ ‘ਚ ਬਰਾਮਦ ਕੀਤਾ ਹੈ। ਰੋਹਤਕ ਦੇ ਐਫ਼ਐੱਸਐੱਲ ਇੰਚਾਰਜ ਡਾ. ਸਰੋਜ ਦਹੀਆ ਮਲਿਕ ਅਤੇ ਜੀਆਰਪੀ ਨੇ ਮੌਕੇ ‘ਤੇ ਪੁੱਜ ਕੇ ਸਬੂਤ ਇੱਕਠੇ ਕੀਤੇ। ਜਾਂਚ ਦੌਰਾਨ ਲਾਸ਼ਾ ਤੋਂ 25 ਫੁੱਟ ਦੂਰ ਸ਼ਰਾਬ ਦੀ ਖਾਲੀ ਬੋਤਲ, ਕੋਲਡ ਡਰਿੰਕ, ਖ਼ੂਨ ਦੇ ਨਿਸ਼ਾਨ ਮਿਲਣ ਅਤੇ ਰੇਲਵੇ ਲਾਈਨ ਨੇੜੇ ਘਸੀਟਣ ਦੇ ਨਿਸ਼ਾਨ ਮਿਲੇ ਹਨ। ਇਸ ਤੋਂ ਇਹ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਪਹਿਲਾਂ ਦੋਵਾਂ ਭਰਾਵਾਂ ਦਾ ਕਤਲ ਕੀਤਾ ਗਿਆ ਤੇ ਫ਼ੇਰ ਉਸ ਨੂੰ ਆਤਮਹੱਤਿਆ ਦਾ ਰੰਗ ਦੇਣ ਲਈ ਲਾਸ਼ਾਂ ਰੇਲਵੇ ਟਰੈਕ ‘ਤੇ ਪਾ ਦਿੱਤੀਆਂ ਗਈਆਂ। ਜਿੱਥੇ ਟਰੇਨਾਂ ਦੀ ਆਵਾਜਾਈ ਕਾਰਨ ਲਾਸ਼ਾਂ ਦੇ ਟੋਟੇ ਹੋ ਗਏ। ਉਸ ਵੇਲੇ ਅਧਿਕਾਰੀ ਦੋਵਾਂ ਲਾਸ਼ਾਂ ਦੀ ਪਛਾਣ ਕਰਨ ਵਿੱਚ ਅਸਮਰਥ ਰਹੇ।


ਸ਼ਨਿੱਚਰਵਾਰ ਦੁਪਿਹਰ ਨੂੰ ਜਦੋਂ ਪਿੰਡ ਮੰਹਤ ਮੁਹੱਲਾ ਦੇਪੁਰ ‘ਚ ਗੱਲ ਫੈਲੀ ਤਾਂ ਮ੍ਰਿਤਕਾਂ ਦੇ ਇਕ ਗੁਆਂਢੀ ਨੇ ਇਸ ਗੱਲ ਦੀ ਤਸਦੀਕ ਕੀਤੀ ਕਿ ਸੁਖਜਿੰਦਰ ਸਿੰਘ ਉਰਫ਼ ਪਿੰਕਾ (36) ਅਤੇ ਉਸ ਦਾ ਛੋਟਾ ਭਰਾ ਸਤਿੰਦਰ ਸਿੰਘ ਉਰਫ਼ ਮੰਨੀ (27) ਦੋਵੇਂ ਪੁੱਤਰ ਰਿਟਾਇਰਡ ਸੂਬੇਦਾਰ ਗਿਰਧਾਰੀ ਲਾਲ ਰੋਹਤਕ ‘ਚ ਜੇਸੀਬੀ ਚਲਾਉਣ ਦਾ ਕੰਮ ਕਰਦੇ ਸਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਇਕ ਗੱਡੀ ਪਲਟ ਗਈ ਹੈ ਤੇ ਜੇਸੀਬੀ ਦੀ ਜ਼ਰੂਰਤ ਹੈ। ਦੋਵੇਂ ਭਰਾ ਆਪਣੀ ਜੇਸੀਬੀ ਮਸ਼ੀਨ ਲੈ ਕੇ ਰੋਹਤਕ ਨੇੜੇ ਸਿੰਘ ਪੁਰਾ ਪਿੰਡ ਨਾਲ ਪੈਂਦੀ ਰੇਲਵੇ ਲਾਈਨ ਕੋਲ ਪੁੱਜ ਗਏ। ਤੜਕਸਾਰ ਰੇਲਵੇ ਪੁਲਿਸ ਨੂੰ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ ਤੋਂ ਟੁਕੜਿਆਂ ‘ਚ ਮਿਲੀਆਂ। ਉਨ੍ਹਾਂ ਦੀ ਪਛਾਣ ਰੇਲਵੇ ਟਰੈਕ ਨੇੜੇ ਖੜ੍ਹੀ ਜੇਸੀਬੀ ਮਸ਼ੀਨ ਤੋਂ ਹੋਈ।

ਇਸ ਸੰਬੰਧੀ ਜਦੋਂ ਥਾਣਾ ਮੁਖੀ ਤਲਵਾੜਾ ਹਰ ਗੁਰਦੇਵ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਥਾਣਾ ਤਲਵਾੜਾ ਨੂੰ ਹੁਣ ਤਕ ਇਸ ਘਟਨਾ ਦੀ ਸੂਚਨਾ ਨਹੀਂ ਪ੍ਰਾਪਤ ਹੋਈ ਹੈ।