ਲੱਖਾਂ ਰੁਪਏ ਨਾਲ ਭਰਿਆ ਬੈਗ ਖੋਹ ਕੇ ਭੱਜਿਆ ਬਾਂਦਰ, ਕੁਝ ਖਾਣ ਲਈ ਨਹੀਂ ਮਿਲਿਆ ਤਾਂ ਪਹਾੜੀ ਤੋਂ ਹੇਠਾਂ ਸੁੱਟਿਆ, ਵੇਖੋ VIDEO

ਇੱਕ 55 ਸਾਲਾ ਔਰਤ ਨੇ ਦੱਸਿਆ ਕਿ ਉਸ ਦੇ ਬੈਗ ‘ਚ ਇੱਕ ਲੱਖ ਰੁਪਏ ਤੋਂ ਵੱਧ ਦੀ ਨਕਦੀ ਸੀ। ਬਾਂਦਰ ਬੈਗ ਖੋਹ ਕੇ ਦਰੱਖਤ ‘ਤੇ ਚੜ੍ਹ ਗਿਆ। ਤੇ ਫਿਰ ਪਹਾੜੀ ‘ਤੇ ਚੜ੍ਹ ਉਸ ਨੇ ਬੈਗ ਨੂੰ ਹੇਠਾਂ ਸੁੱਟ ਦਿੱਤਾ।

ਦੱਸ ਦਈਏ ਕਿ ਬੈਗ ਖੋਹਣ ਤੋਂ ਬਾਅਦ ਬਾਂਦਰ ਦਰੱਖਤ ‘ਤੇ ਚੜ੍ਹ ਗਿਆ ਤੇ ਲੱਖ ਮਿੰਨਤਾਂ ਕਰਨ ਤੋਂ ਬਾਅਦ ਵੀ ਹੇਠਾਂ ਨਾ ਆਇਆ। ਇੰਨਾ ਹੀ ਨਹੀਂ ਜਦੋਂ ਬਾਂਦਰ ਨੂੰ ਬੈਗ ‘ਚ ਖਾਣ ਲਈ ਕੁਝ ਨਾ ਮਿਲਿਆ ਤਾਂ ਉਹ ਇਕ ਪਹਾੜੀ ‘ਤੇ ਗਿਆ ਅਤੇ ਬੈਗ ਨੂੰ ਹੇਠਾਂ ਸੁੱਟ ਦਿੱਤਾ।

TheThaiger ਦੀ ਰਿਪੋਰਟ ਮੁਤਾਬਕ ਮਾਮਲਾ ਥਾਈਲੈਂਡ ਦੇ ਸਿਸਾਕੇਤ ਸੂਬੇ ‘ਚ ਸਥਿਤ ਖਾਓ ਫਰਾ ਵਿਹਾਨ ਨੈਸ਼ਨਲ ਪਾਰਕ ਹੈ, ਜਿੱਥੇ ਇਸ ਹਫ਼ਤੇ ਇੱਕ ਔਰਤ ਘੁੰਮਣ ਆਈ। ਇਧਰ-ਉਧਰ ਘੁੰਮਦੇ ਹੋਏ, ਸੈਲਾਨੀ ਔਰਤ ਬਾਂਦਰਾਂ ਦੇ ਸਾਹਮਣੇ ਪਹੁੰਚੀ। ਇਸ ਚੋਂ ਫਿਰ ਇੱਕ ਬਾਂਦਰ ਉਸ ਦਾ ਬੈਗ ਖੋਹ ਕੇ ਦਰੱਖਤ ‘ਤੇ ਬੈਠ ਗਿਆ। ਕੁਝ ਦੇਰ ਬਾਅਦ ਉਹ ਬੈਗ ਲੈ ਕੇ ਪਹਾੜੀ ‘ਤੇ ਚਲਾ ਗਿਆ।

ਪਹਾੜੀ ‘ਤੇ ਜਾ ਕੇ ਉਸ ਨੇ ਬੈਗ ਖੋਲ੍ਹਿਆ ਤਾਂ ਉਸ ‘ਚ ਖਾਣ-ਪੀਣ ਦਾ ਕੋਈ ਸਮਾਨ ਨਾ ਮਿਲਣ ‘ਤੇ ਉਸ ਨੇ ਬੈਗ ਨੂੰ ਡੂੰਘੀ ਖਾਈ ‘ਚ ਸੁੱਟ ਦਿੱਤਾ। ਇਹ ਦੇਖ ਕੇ ਔਰਤ ਪਰੇਸ਼ਾਨ ਹੋ ਗਈ ਤੇ ਉਸ ਪਾਰਕ ਦੇ ਰੇਂਜਰਾਂ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਰੇਂਜਰਾਂ ਨੇ ਬੈਗ ਵਾਪਸ ਲਿਆਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ, ਜਿਸ ਦੀ ਵੀਡੀਓ ਥਾਈ ਮੀਡੀਆ ‘ਚ ਸੁਰਖੀਆਂ ਬਟੋਰ ਰਹੀ ਹੈ।

ਔਰਤ ਨੇ ਦੱਸਿਆ ਕਿ ਬੈਗ ‘ਚ 50 ਹਜ਼ਾਰ ਬਾਠ (ਕਰੀਬ 1 ਲੱਖ 18 ਹਜ਼ਾਰ ਰੁਪਏ) ਦੀ ਨਕਦੀ ਤੋਂ ਇਲਾਵਾ ਕੁਝ ਜ਼ਰੂਰੀ ਦਸਤਾਵੇਜ਼ ਅਤੇ ਪਛਾਣ ਪੱਤਰ ਵੀ ਸੀ। ਪਰ ਸ਼ਰਾਰਤੀ ਬਾਂਦਰ ਨੇ ਉਸ ਦੇ ਹੱਥੋਂ ਬੈਗ ਖੋਹ ਕੇ ਸੁੱਟ ਦਿੱਤਾ।

ਔਰਤ ਦਾ ਬੈਗ ਵਾਪਸ ਲਿਆਉਣ ਲਈ ਰੇਂਜਰਾਂ ਨੇ ਰੱਸੀ ਦੀ ਮਦਦ ਨਾਲ ਡੂੰਘੀ ਖਾਈ ਵਿਚ ਉਤਰਿਆ। ਇਹ ਕੰਮ ਉਨ੍ਹਾਂ ਨੇ ਫੇਸਬੁੱਕ ‘ਤੇ ਲਾਈਵ ਕੀਤਾ। 100 ਮੀਟਰ ਤੋਂ ਵੱਧ ਹੇਠਾਂ ਉਤਰਨ ਤੋਂ ਬਾਅਦ ਰੇਂਜਰਾਂ ਨੂੰ ਔਰਤ ਦਾ ਬੈਗ ਮਿਲਿਆ। ਇਸ ਵਿਚ ਰੱਖੀ ਨਕਦੀ ਸੁਰੱਖਿਅਤ ਸੀ। ਬੈਗ ਵਾਪਸ ਮਿਲਣ ਤੋਂ ਬਾਅਦ ਔਰਤ ਨੇ ਖੁਸ਼ੀ ਨਾਲ ਛਾਲ ਮਾਰ ਦਿੱਤੀ ਅਤੇ ਰੇਂਜਰਾਂ ਦਾ ਧੰਨਵਾਦ ਕੀਤਾ।