ਕੈਨੇਡਾ ਵਿੱਚ ਕਣਕ ਦੀ ਖੜ੍ਹੀ ਫਸਲ ਉੱਤੇ ਰਾਉਂਡ ਅੱਪ ਦਾ ਛਿੜਕਾਅ ਕੀਤਾ ਜਾਂਦਾ ਹੈ! ਇਹੀ ਹਾਲ ਅਮਰੀਕਾ ਦਾ ਹੈ। ਇਹ ਦੇਖਣ ਤੇ ਵਿਸ਼ਵਾਸ ਕਰਨਾ ਔਖਾ ਸੀ । ਰਾਉਂਡ ਅੱਪ ਵਿੱਚ ਗਲਾਈਫੋਸੇਟ ਜ਼ਹਿਰ ਹੈ – ਇਹ non-selective ਜ਼ਹਿਰ ਹੈ , ਭਾਵ ਕਿ ਫ਼ਸਲ ਅਤੇ ਨਦੀਨ ਦੇ ਵਿੱਚ ਫ਼ਰਕ ਨਹੀਂ ਕਰਦਾ ਅਤੇ ਅਤੇ ਹਰ ਹਰੇ ਪੌਦੇ ਨੂੰ ਮਾਰਦਾ ਹੈ। ਕਣਕ ਉੱਤੇ ਸਪਰੇਅ ਵੀ ਇੱਕ ਤਰਾਂ ਕਣਕ ਨੂੰ ਮਾਰਨ ਲਈ ਹੀ ਕੀਤੀ ਜਾਂਦੀ ਹੈ। ਇਸਨੂੰ ਕਣਕ ਦੀ ਫਸਲ ‘ਤੇ ‘ਡੈਸਿਕੈਂਟ’ (desiccant) ਵਜੋਂ ਵਰਤਿਆ ਜਾਂਦਾ ਹੈ- ਭਾਵ ਕੇ ਫ਼ਸਲ ਨੂੰ ਸਕਾਉਣ ਲਈ। ਵਧੇਰੇ ਠੰਡ ਹੋਣ ਕਰਕੇ ਅਤੇ ਬਰਫ਼ਬਾਰੀ ਤੋਂ ਪਹਿਲਾਂ ਵਾਢੀ ਨਬੇੜਨ ਲਈ ਰਾਉਂਡ ਅੱਪ ਦੀ ਸਪਰੇਅ ਕਰਕੇ ਕਣਕ ਨੂੰ ਸੁਕਾਇਆ ਜਾਂਦਾ ਹੈ। ਇਹ systemic ਜ਼ਹਿਰ ਹੈ , ਮਤਲਬ ਕਿ ਪੌਦੇ ਦੇ ਵਿੱਚ ਰਚ ਕੇ ਹਰ ਭਾਗ ਤੱਕ ਜਾਂਦਾ ਹੈ। ਜਾਹਿਰ ਹੈ, ਦਾਣਿਆਂ ਵਿੱਚ ਵੀ ਜਾਂਦਾ ਹੈ, ਸੋ ਖਾਣ ਵਾਲਿਆਂ ਵਿੱਚ ਵੀ !

ਰਾਉਂਡ ਅੱਪ/ ਗਲਾਈਫੋਸੇਟ ਸਭ ਤੋਂ ਵਿਵਾਦਪੂਰਨ ਜ਼ਹਿਰਾਂ ਵਿੱਚੋਂ ਇੱਕ ਹੈ ਅਤੇ ਬਹੁਤ ਸਾਰੀਆਂ ਸਟੱਡੀਜ਼ ਨੇ ਸਾਬਤ ਕੀਤਾ ਹੈ ਕਿ ਇਹ ਕੈਂਸਰ ਦਾ ਕਾਰਨ ਬਣਦਾ ਹੈ।
WHO ਗਲਾਈਫੋਸੇਟ ਨੂੰ ‘Probable carcinogenic’- “ਸੰਭਾਵੀ ਕੈਂਸਰ ਦਾ ਕਾਰਣ ” ਵਜੋਂ ਸ਼੍ਰੇਣੀਬੱਧ ਕਰਦਾ ਹੈ।

ਜਰਮਨ ਕੰਪਨੀ ਬਾਅਰ ਜੋ ਹੁਣ ਰਾਊਂਡ-ਅੱਪ ਵੇਚਦੀ ਹੈ (ਮੌਨਸੈਂਟੋ ਨੂੰ ਖਰੀਦਣ ਤੋਂ ਬਾਅਦ), ਨੂੰ ਰਾਉਂਡਅੱਪ ਨਾਲ ਜੁੜੇ ਹਜ਼ਾਰਾਂ ਕੈਂਸਰ ਦੇ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਨ ਲਈ $10.9 ਬਿਲੀਅਨ ਦਾ ਭੁਗਤਾਨ ਕਰਨ ਲਈ ਹਾਮੀ ਭਰਨੀ ਪਈ ਹੈ। ਇਹ ਅਮਰੀਕਾ ਦੀ ਅਦਾਲਤੀ ਨਿਪਟਾਰਿਆਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਮਝੌਤਾ ਰਾਸ਼ੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਵਕੀਲ ਰੱਖਣ ਦੇ ਬਾਵਜ਼ੂਦ ਬਾਯਰ ਦਾ ਐਨੀ ਵੱਡੀ ਰਕਮ ਹਾਰਜ਼ਾਨੇ ਵਜੋਂ ਦੇਣਾ , ਆਪਣੇ ਆਪ ਵਿੱਚ ਹੀ ਸਬੂਤ ਹੈ ਕਿ ਗਲਾਈਫੋਸੇਟ carcinogenic ਹੈ।

ਜਰਮਨੀ ਸਮੇਤ ਦੁਨੀਆ ਦੇ 10 ਦੇਸ਼ਾਂ ਨੇ ਗਲਾਈਫੋਸੇਟ ‘ਤੇ ਪਾਬੰਦੀ ਲਗਾਈ ਹੋਈ ਹੈ ਅਤੇ 15 ਦੇਸ਼ਾਂ ਨੇ ਇਸ ਦੀ ਵਰਤੋਂ ਨੂੰ restrict ਕੀਤਾ ਹੋਇਆ ਹੈ । ਭਾਰਤ ਵਰਗੇ ਦੇਸ਼ ਵਿੱਚ ਵੀ , ਇਸ ਦੀ ਵਿਕਰੀ ਦੀ ਇਜ਼ਾਜ਼ਤ ਕੇਵਲ ਖਾਲਾਂ ਵੱਟਾਂ ਲਈ ਹੀ ਹੈ । ਪੰਜਾਬ ਨੇ 2018 ਵਿੱਚ ਇਸਤੇ ਪਾਬੰਦੀ ਲਗਾ ਦਿੱਤੀ ਸੀ।

ਇਸ ਸਭ ਦੇ ਮੱਦੇਨਜ਼ਰ, ਇਹ ਜਾਣਨਾ ਸੱਚਮੁੱਚ ਹੈਰਾਨ ਕਰਨ ਵਾਲਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਕਣਕ ਦੀ ਖੜ੍ਹੀ ਫਸਲ ‘ਤੇ ਗਲਾਈਫੋਸੇਟ ਦੀ ਵਰਤੋਂ ਦੀ ਆਗਿਆ ਹੈ।
ਅਤੇ ਕਨੋਲਾ ਦੇ ਮਾਮਲੇ ਵਿੱਚ ਸਥਿਤੀ ਹੋਰ ਵੀ ਖ਼ਰਾਬ ਹੈ। ਕਨੋਲਾ ਇੱਕ ਸਰੋਂ ਵਰਗੀ ਫ਼ਸਲ ਹੈ- ਦੇਖ ਕੇ ਸਰੋਂ ਅਤੇ ਕਨੋਲਾ ਦੇ ਪੌਦਿਆਂ ਦਾ ਫਰਕ ਕਰ ਪਾਉਣਾ ਵੀ ਔਖਾ ਹੈ। ਕੈਨੇਡਾ ਵਿੱਚ GM (Genetically modified) ਕਨੋਲਾ ਦੀ ਖੇਤੀ ਹੁੰਦੀ ਹੈ – ਭਾਵ ਕੇ ਕਨੋਲਾ ਨੂੰ ਗਲਾਈਫੋਸੇਟ ਦੀ ਵਰਤੋਂ ਲਈ ਜੈਨੇਟਿਕ ਤੌਰ ‘ਤੇ ਸੋਧਿਆ ਗਿਆ ਹੈ। ਗਲਾਈਫੋਸੇਟ ਫਸਲ ਅਤੇ ਨਦੀਨ, ਦੋਵਾਂ ਨੂੰ ਮਾਰਦਾ ਹੈ, ਪਰ ਕਨੋਲਾ ਦੇ ਬੀਜਾਂ ਵਿੱਚ ਇੱਕ ਜੀਨ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਕਨੋਲਾ ਦੇ ਪੌਦੇ ਗਲਾਈਫੋਸੇਟ ਦੀ ਸਪਰੇਅ ਹੋਣ ਤੇ ਮਰਦੇ ਨਹੀਂ ਹਨ। ਇਸਦੇ ਨਤੀਜਤਨ ਕਨੋਲਾ ਦੀ ਫਸਲ ‘ਤੇ ਗਲਾਈਫੋਸੇਟ ਦੀ ਅੰਨੇਵਾਹ ਵਰਤੋਂ ਹੁੰਦੀ ਹੈ। ਕਨੋਲਾ ਦੀ ਇਸੇ ਫ਼ਸਲ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕਨੇਡਾ ਵਿੱਚ ਖਾਣਾ ਪਕਾਉਣ ਲਈ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ।
ਇੰਡੀਆ ਰਹਿੰਦਿਆਂ ਇਹ ਤੇ ਪਤਾ ਸੀ ਕਿ ਗਲਾਈਫੋਸੇਟ ਦੀ ਵਰਤੋਂ ਅਮਰੀਕਾ ਅਤੇ ਕੈਨੇਡਾ ਵਿੱਚ ਕਨੋਲਾ ਅਤੇ ਸੋਇਆਬੀਨ ਵਰਗੀਆਂ ਖਾਣ ਵਾਲੀਆਂ GM ਫਸਲਾਂ ‘ਤੇ ਕੀਤੀ ਜਾਂਦੀ ਹੈ, ਪਰ ਇਹ ਅੰਦਾਜ਼ਾ ਨਹੀਂ ਸੀ ਕਿ ਇਸ ਹੱਦ ਤੱਕ ਹੁੰਦੀ ਹੋਵੇਗੀ ! ਹਰ ਦਸਾਂ ਦਿਨਾਂ ਬਾਅਦ ਕਿਸਾਨ ਗਲਾਈਫੋਸੇਟ ਦੀ ਸਪਰੇਅ ਕਰਦੇ ਹਨ। ਇਕੱਲੀ ਰਾਉਂਡ ਅੱਪ ਨਾਲ ਹੁਣ ਨਦੀਨ ਨਹੀਂ ਮਰਦੇ , ਦੂਜੇ ਨਦੀਨਨਾਸ਼ਕ ਮਿਲਾ ਕੇ ਸਪਰੇਅ ਕਰਨੇ ਪੈਂਦੇ ਹਨ। ਇਹ ਸਭ ਦੇਖਣ ਤੋਂ ਬਾਅਦ ਮੈਂ ਕਨੋਲਾ ਤੇਲ ਦੀ ਵਰਤੋਂ ਬਿਲਕੁੱਲ ਬੰਦ ਕਰ ਦਿੱਤੀ ਹੈ , ਦੋਸਤਾਂ ਨੂੰ ਵੀ ਨਾ ਵਰਤਣ ਦੀ ਸਲਾਹ ਹੈ!


ਵਿਡੰਬਨਾ ਇਹ ਹੈ ਕਿ ਏਸ਼ੀਆਈ ਬਾਸਮਤੀ ਚੌਲਾਂ ਦੇ ਮਾਮਲੇ ਵਿੱਚ, ਮਾਪਦੰਡ ਬਿਲਕੁਲ ਵੱਖਰੇ ਹਨ। ਲਗਭਗ 40 ਕੀਟਨਾਸ਼ਕਾਂ ਲਈ, ਜੋ ਕਿ ਗਲਾਈਫੋਸੇਟ ਨਾਲੋਂ ਕਿਤੇ ਘੱਟ ਖਤਰਨਾਕ ਹਨ, ਲਈ ਅਮਰੀਕਾ ਅਤੇ EU ਵੱਲੋਂ ਬਹੁਤ ਸਖਤ residue limit ਦੇ ਸਟੈਂਡਰਡ ਦੀ ਪਾਲਣਾ ਕਾਰਵਾਈ ਜਾਂਦੀ ਹੈ । ਜਦੋਂ ਬਾਸਮਤੀ ਚੌਲਾਂ ਨੂੰ ਪੱਛਮੀ ਦੇਸ਼ਾਂ ਨੂੰ ਨਿਰਯਾਤ ਕੀਤਾ ਜਾਂਦਾ ਹੈ, ਤਾਂ ਜਹਾਜ਼ ਪਹੁੰਚਣ ਤੇ ਇਸ residue limit ਦੇ ਸਟੈਂਡਰਡ ਨੂੰ ਚੈੱਕ ਕਰਨ ਲਈ ਸੈਂਪਲ ਲਏ ਜਾਂਦੇ ਹਨ ਅਤੇ ਟੈਸਟ ਵਿੱਚ ਜੇ ਸੈਂਪਲ ਅਸਫਲ ਹੋ ਜਾਂਦਾ ਹੈ, ਤਾਂ ਬਰਾਮਦਕਾਰਾਂ ਨੂੰ ਅਕਸਰ ਚਾਵਲ ਉੱਥੇ ਹੀ ਨਸ਼ਟ ਕਰਨੇ ਪੈਂਦੇ ਹਨ । ਅਤੇ ਨਸ਼ਟ ਕਰਨ ਦਾ ਖਰਚਾ ਹੋਰ ਦੇਣਾ ਪੈਂਦਾ ਹੈ!

ਮਨੁੱਖਾਂ ਦੁਆਰਾ GM ਫਸਲਾਂ ਦੀ ਖਪਤ ਆਪਣੇ ਆਪ ਵਿੱਚ ਹੀ ਬਹੁਤ ਸਾਰੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇੱਥੇ ਅਸੀਂ – ਗਲਾਈਫੋਸੇਟ ਦੀਆਂ ਕਈ ਸਪਰੇਆਂ ਕੀਤੀਆਂ GM ਫਸਲਾਂ ਸਿਧੇ ਰੂਪ ਵਿੱਚ ਖਾ ਰਹੇ ਹਾਂ !

ਕੈਨੇਡਾ ਅਤੇ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿੱਚ ਗਲਾਈਫੋਸੇਟ ਦੀ ਖੁੱਲੀ ਵਰਤੋਂ ਦੀ ਆਗਿਆ ਦਾ ਕੀ ਕਾਰਣ ਹੈ?

ਜਵਾਬ ਇਹ ਹੈ ਕਿ ਕੈਨੇਡਾ ਅਤੇ ਅਮਰੀਕਾ ਦੀ ਖੇਤੀ ਗਲਾਈਫੋਸੇਟ ‘ਤੇ ਇੰਨੀ ਨਿਰਭਰ ਹੋ ਗਈ ਹੈ ਕਿ ਕੋਈ ਵੀ ਸਰਕਾਰ ਇਸ ਨਦੀਨ ਨਾਸ਼ਕ ‘ਤੇ ਪਾਬੰਦੀ ਲਗਾਉਣ ਦੀ ਹਿੰਮਤ ਨਹੀਂ ਕਰ ਸਕਦੀ। ਕਨੌਲਾ ਦੀ ਖੇਤੀ ਤਾਂ ਇਸ ਜ਼ਹਿਰ ਤੋਂ ਬਿਨਾ ਕਰਨ ਦੀ ਹੁਣ ਕੋਈ ਕਲਪਨਾ ਵੀ ਨੀ ਕਰ ਸਕਦਾ। ਲੱਗਭੱਗ 100% GM ਫ਼ਸਲ ਹੋਣ ਕਾਰਣ ਕਿਸਾਨਾਂ ਵਿੱਚ ਹਾਹਾਕਾਰ ਮੱਚ ਜਾਵੇਗੀ।

ਹੁਣ ਤੱਕ, ਅਮਰੀਕਾ ਅਤੇ ਕੈਨੇਡਾ ਵਿੱਚ GM ਕਣਕ ਦੀ ਕਾਸ਼ਤ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਜੇ GM ਕਣਕ ਦੀ ਖੇਤੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਤਾਂ ਇਸ ਜ਼ਹਿਰ ਦੀ ਵਰਤੋਂ ਕਈ ਗੁਣਾ ਹੋਰ ਵੱਧ ਜਾਵੇਗੀ। -ਮਨਿੰਦਰ ਕੰਗ