ਮੌਰਗੇਜ ਕਰਜ਼ਾ 2 ਟ੍ਰਿਲੀਅਨ ਡਾਲਰ ਤੋਂ ਵੱਧ, ਗ਼ੈਰ-ਮੌਰਗੇਜ ਕਰਜ਼ਾ ਵੀ 722 ਬਿਲੀਅਨ ਡਾਲਰ

ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਾਲ ਦੀ ਤੀਸਰੀ ਤਿਮਾਹੀ ਵਿਚ ਕੈਨੇਡੀਅਨਜ਼ ਦੀ ਖ਼ਰਚਣ ਯੋਗ ਆਮਦਨ ਦੇ ਮੁਕਾਬਲੇ ਉਹਨਾਂ ਦੀ ਦੇਣਦਾਰੀ ਵਿਚ ਵਾਧਾ ਹੋਇਆ ਹੈ। ਕਰਜ਼ੇ ਦਾ ਪੱਧਰ ਲੋਕਾਂ ਦੀ ਕਮਾਈ ਨਾਲੋਂ ਤੇਜ਼ੀ ਨਾਲ ਉੱਪਰ ਗਿਆ ਹੈ।

ਏਜੰਸੀ ਅਨੁਸਾਰ ਤੀਸਰੀ ਤਿਮਾਹੀ ਦੌਰਾਨ ਘਰੇਲੂ ਆਮਦਨ (household disposable income) ਤੇ ਘਰੇਲੂ ਕਰਜ਼ ਦਾ ਅਨੁਪਾਤ ਵਧਕੇ 183.3 % ਹੋ ਗਿਆ ਹੈ। ਦੂਸਰੀ ਤਿਮਾਹੀ ਦੌਰਾਨ ਇਹ 182.6 % ਸੀ।


ਯਾਨੀ ਸਟੈਟਿਸਟਿਕਸ ਕੈਨੇਡਾ ਅਨੁਸਾਰ ਹਰੇਕ 1 ਡਾਲਰ ਪਿੱਛੇ 1.83 ਡਾਲਰ ਦੀ ਦੇਣਦਾਰੀ ਹੈ।

ਤਿਮਾਹੀ ਦੌਰਾਨ ਆਮਦਨ ਵਿਚ 0.8 ਫ਼ੀਸਦੀ ਵਾਧਾ ਹੋਇਆ ਜਦਕਿ ਘਰੇਲੂ ਕਰਜ਼ ਵਿਚ 1.2 % ਇਜ਼ਾਫ਼ਾ ਦਰਜ ਹੋਇਆ ਹੈ।

ਬੈਂਕ ਔਫ਼ ਮੌਂਟਰੀਅਲ ਦੀ ਅਰਥਸ਼ਾਸਤਰੀ ਸ਼ੈਲੀ ਕੌਸ਼ਿਕ ਨੇ ਕਿਹਾ ਕਿ ਉੱਚੀਆਂ ਵਿਆਜ ਦਰਾਂ ਦੇ ਬਾਵਜੂਦ ਮੌਰਗੇਜ ਅਤੇ ਗ਼ੈਰ-ਮੌਰਗੇਜ ਲੋਨਾਂ ਵਿਚ ਵਾਧਾ ਹੋਇਆ ਹੈ। ਮੌਰਗੇਜ ਕਰਜ਼ਾ 2.07 ਟ੍ਰਿਲੀਅਨ ਅਤੇ ਹੋਰ ਕਰਜ਼ੇ 722.6 ਬਿਲੀਅਨ ਡਾਲਰ ਦਰਜ ਕੀਤੇ ਗਏ ਹਨ।

ਸੀਬੀਸੀ ਨਿਊਜ਼