ਇਸ਼ਕ ‘ਚ ਅੰਨ੍ਹੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤੀ ਪਤੀ ਦੀ ਹੱਤਿਆ, ਦੋਵੇਂ ਗ੍ਰਿਫ਼ਤਾਰ

ਅਜਨਾਲਾ : ਪਿੰਡ ਸਹਿੰਸਰਾ ਕਲਾਂ ਵਿਖੇ ਇਕ ਵਿਅਕਤੀ ਮੰਗਲ ਸਿੰਘ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ ਦਾ ਮਾਮਲਾ ਅਜਨਾਲਾ ਸਬ-ਡਿਵੀਜਨ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾ ਕੇ ਇਸ ਹੱਤਿਆ ਦੇ ਦੋਸ਼ ਵਿਚ ਮੰਗਲ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਤੇ ਉਸ ਦੇ ਪ੍ਰੇਮੀ ਰੋਸ਼ਨ ਲਾਲ ਵਾਸੀ ਸਹਿੰਸਰਾ ਖੁਰਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਅੱਜ ਇਥੇ ਡੀਐੱਸਪੀ ਅਜਨਾਲਾ ਸੰਜੀਵ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਮੰਗਲ ਸਿੰਘ ਹੱਤਿਆਕਾਂਡ ‘ਚ ਗ੍ਰਿਫ਼ਤਾਰ ਕੀਤੇ ਗਏ ਲੋੜੀਂਦੇ ਮੁਲਜ਼ਮਾਂ ਮਨਪ੍ਰੀਤ ਕੌਰ ਤੇ ਰੋਸ਼ਨ ਲਾਲ ਦੀ ਮੌਜੂਦਗੀ ‘ਚ ਪੁਲਿਸ ਥਾਣਾ ਝੰਡੇਰ ‘ਚ ਦਰਜ ਧਾਰਾ 302, 34 ਪਰਚੇ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਨੇ ਆਪਣੇ ਆਸ਼ਕ ਰੋਸ਼ਨ ਪੁੱਤਰ ਰਾਜੂ ਵਾਸੀ ਸਹਿੰਸਰਾ ਖੁਰਦ ਦੀ ਮਿਲੀਭੁਗਤ ਨਾਲ ਮੰਗਲ ਸਿੰਘ ਆਪਣੇ ਪਤੀ ਦੀ ਇਸ ਕਰਕੇ ਹੱਤਿਆ ਕੀਤੀ ਕਿਉਂਕਿ ਮੰਗਲ ਸਿੰਘ ਹੁਣ ਮਨਪ੍ਰੀਤ ਕੌਰ ਤੇ ਰੋਸ਼ਨ ਦੇ ਇਸ਼ਕ ਵਿਚ ਅੜਿੱਕਾ ਬਣ ਰਿਹਾ ਸੀ | ਡੀਐੱਸਪੀ ਨੇ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਥਾਣਾ ਝੰਡੇਰ ਕੋਲ ਆਪਣੀ ਸ਼ਿਕਾਇਤ ਦਰਜ ਕਰਾਉਂਦਿਆਂ ਮਨਪ੍ਰੀਤ ਕੌਰ ਨੇ ਦੱਸਿਆ ਸੀ ਕਿ ਬੀਤੀ ਰਾਤ ਮੰਗਲ ਸਿੰਘ ਆਪਣੇ ਇਲਾਜ ਲਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਲਈ ਆਪਣੇ ਮੋਟਰਸਾਈਕਲ ‘ਤੇ ਰਾਤ ਕਰੀਬ 9 ਵਜੇ ਨੇੜਲੇ ਅੱਡਾ ਗੁਰੂ ਕਾ ਬਾਗ ਵਿਖੇ ਗਿਆ ਸੀ ਅਤੇ ਰਾਤ 11 ਵਜੇ ਜਦੋਂ ਮੰਗਲ ਸਿੰਘ ਵਾਪਸ ਘਰ ਪਰਤਿਆ ਤਾਂ ਉਸ ਵੱਲੋਂ ਦੱਸਿਆ ਗਿਆ ਸੀ ਕਿ ਰਸਤੇ ਵਿਚ ਉਸ ਨੂੰ ਲੁੱਟਣ ਲਈ ਬੰਦੇ ਪੈ ਗਏ ਸਨ, ਜਿਨ੍ਹਾਂ ਨੇ ਉਸ ਨੂੰ ਸੱਟਾਂ ਵੀ ਮਾਰ ਦਿੱਤੀਆਂ ਹਨ ਪਰ ਸਵੇਰੇ ਜਦੋਂ ਮੰਗਲ ਸਿੰਘ ਨੂੰ ਵੇਖਿਆ ਤਾਂ ਉਹ ਦਮ ਤੋੜ ਚੁੱਕਾ ਸੀ |

ਡੀਐੱਸਪੀ ਨੇ ਦੱਸਿਆ ਕਿ ਮਿ੍ਤਕ ਮੰਗਲ ਸਿੰਘ ਦੀ ਲਾਸ਼ ਦੀ ਥਾਣਾ ਝੰਡੇਰ ਦੇ ਐੱਸਐੱਚਓ ਸਤਨਾਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਜਾਂਚ ਕੀਤੀ ਤਾਂ ਸਿਰ ਉੱਤੇ ਲੱਗੀ ਵੱਡੀ ਸੱਟ ਤੋਂ ਪੁਲਿਸ ਨੂੰ ਹੱਤਿਆ ਕੀਤੇ ਜਾਣ ਦਾ ਸ਼ੱਕ ਪੈ ਗਿਆ | ਜਦੋਂ ਮਨਪ੍ਰੀਤ ਕੌਰ ਨੂੰ ਹਿਰਾਸਤ ਵਿਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਕਥਿਤ ਦੋਸ਼ਣ ਮਨਪ੍ਰੀਤ ਕੌਰ ਨੇ ਆਪਣੇ ਪਤੀ ਮੰਗਲ ਸਿੰਘ ਦੀ ਹੱਤਿਆ ਲਈ ਆਪਣੇ ਆਸ਼ਿਕ ਰੋਸ਼ਨ ਲਾਲ ਨਾਲ ਮਿਲ ਕੇ ਘੜੀ ਸਾਜਿਸ਼ ਦਾ ਕੱਚਾ ਚਿੱਠਾ ਬਿਆਨ ਕਰ ਦਿੱਤਾ | ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਮਨਪ੍ਰੀਤ ਕੌਰ ਪਿੰਡ ਸਹਿੰਸਰਾ ਖੁਰਦ ਵਿਖੇ ਬੁਟੀਕ ਦੀ ਦੁਕਾਨ ਚਲਾਉਂਦੀ ਸੀ ਅਤੇ 2 ਬੱਚਿਆਂ ਦੀ ਮਾਂ ਸੀ, ਜਦੋਂਕਿ ਇਸ ਦੀ ਦੁਕਾਨ ਦੇ ਨਾਲ ਹੀ ਰੋਸ਼ਨ ਨਾਮੀ ਵਿਅਕਤੀ ਦਰਜੀ ਦਾ ਕੰਮ ਕਰਦਾ ਸੀ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਦੋਹਾਂ ਵਿਚ ਨਾਜਾਇਜ਼ ਸੰਬੰਧ ਬਣ ਗਏ ਸਨ।