After Fight On Bangkok-India Flight, Minister Announces Action- ਬੈਂਕਾਕ-ਕੋਲਕਾਤਾ ਉਡਾਣ ‘ਚ ਥੱਪੜੋ-ਥੱਪੜੀ ਹੋਏ ਯਾਤਰੀਆਂ ਦੀ ਵੀਡੀਓ ਵਾਇਰਲ, ਹੋ ਸਕਦੀ ਸਖ਼ਤ ਕਾਰਵਾਈ(Video)

ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ.) ਨੇ ਵੀਰਵਾਰ ਨੂੰ ਕਿਹਾ ਕਿ ਉਹ ਇਸ ਹਫਤੇ ਦੇ ਸ਼ੁਰੂ ਵਿਚ ਬੈਂਕਾਕ-ਕੋਲਕਾਤਾ ਉਡਾਣ ਵਿਚ ਸਵਾਰ ਯਾਤਰੀਆਂ ਵਿਚਾਲੇ ਝਗੜੇ ਦੀ ਵੀਡੀਓ ਕਲਿੱਪ ਦੀ ਜਾਂਚ ਕਰ ਰਿਹਾ ਹੈ। ਬੁੱਧਵਾਰ ਨੂੰ ਸੋਸ਼ਲ ਮੀਡੀਆ ‘ਤੇ ਜਹਾਜ਼ ਦੇ ਅੰਦਰ ਝੜਪ ਦਾ ਵੀਡੀਓ ਵਾਇਰਲ ਹੋਇਆ ਸੀ।

ਇਸ ‘ਚ ਕੁਝ ਯਾਤਰੀ ਇਕ ਵਿਅਕਤੀ ਨੂੰ ਵਾਰ-ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਬੀਸੀਏਐਸ ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਵੀਰਵਾਰ ਨੂੰ ਦੱਸਿਆ, ”ਬੀਸੀਏਐਸ ਨੇ ਉਕਤ ਵੀਡੀਓ ਦਾ ਨੋਟਿਸ ਲਿਆ ਹੈ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।” ਫਲਾਈਟ ‘ਚ ਸਵਾਰ ਇਕ ਯਾਤਰੀ ਮੁਤਾਬਕ ਇਹ ਘਟਨਾ 26 ਦਸੰਬਰ ਨੂੰ ਵਾਪਰੀ ਜਦੋਂ ਜਹਾਜ਼ ਰਨਵੇਅ ਤੋਂ ਉਡਾਣ ਭਰਨ ਹੀ ਵਾਲਾ ਸੀ। ਇਹ ਵਿਅਕਤੀ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ।

ਕੋਲਕਾਤਾ ਦੇ ਰਹਿਣ ਵਾਲੇ ਯਾਤਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਘਟਨਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਲੈ ਕੇ ਚਿੰਤਤ ਸੀ ਕਿਉਂਕਿ ਉਹ ਉਸ ਸੀਟ ਦੇ ਕੋਲ ਬੈਠੀ ਸੀ ਜਿੱਥੇ ਝਗੜਾ ਹੋਇਆ ਸੀ। ਬਾਅਦ ਵਿੱਚ ਹੋਰ ਯਾਤਰੀਆਂ ਅਤੇ ਫਲਾਈਟ ਅਟੈਂਡੈਂਟ ਨੇ ਝੜਪ ਵਿੱਚ ਸ਼ਾਮਲ ਲੋਕਾਂ ਨੂੰ ਸ਼ਾਂਤ ਕੀਤਾ। ਯਾਤਰੀ ਮੁਤਾਬਕ ਲੜਾਈ ਦਾ ਕਾਰਨ ਸਪੱਸ਼ਟ ਨਹੀਂ ਹੈ। ਜਹਾਜ਼ ਮੰਗਲਵਾਰ ਤੜਕੇ ਕੋਲਕਾਤਾ ਪਹੁੰਚਿਆ। ਹਾਲਾਂਕਿ, ਇਹ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ ਕਿ ਜਹਾਜ਼ ਦੇ ਉਤਰਨ ਤੋਂ ਬਾਅਦ ਕੋਲਕਾਤਾ ਦੇ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਸੀ ਜਾਂ ਨਹੀਂ।

ਵੀਡੀਓ ‘ਚ ਦੋ ਯਾਤਰੀ ਬਹਿਸ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ‘ਚੋਂ ਇਕ ਕਹਿੰਦਾ ਹੈ, ”ਆਪਣੇ ਹੱਥ ਹੇਠਾਂ ਰੱਖੋ” ਅਤੇ ਫਿਰ ਦੂਜੇ ਵਿਅਕਤੀ ਨੂੰ ਥੱਪੜ ਮਾਰਨ ਲੱਗ ਜਾਂਦਾ ਹੈ। ਇਸ ਤੋਂ ਬਾਅਦ ਕੁਝ ਹੋਰ ਯਾਤਰੀ ਵੀ ਲੜਾਈ ਵਿੱਚ ਸ਼ਾਮਲ ਹੋ ਗਏ। ਇਹ ਘਟਨਾ ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ਵਿੱਚ ਵਾਪਰੀ, ਹਾਲਾਂਕਿ ਵੇਰਵਿਆਂ ਲਈ ਏਅਰਲਾਈਨ ਨਾਲ ਅਜੇ ਸੰਪਰਕ ਨਹੀਂ ਕੀਤਾ ਜਾ ਸਕਿਆ ਹੈ।

ਇਸਤਾਂਬੁਲ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ‘ਚ ਯਾਤਰੀ ਅਤੇ ਫਲਾਈਟ ਅਟੈਂਡੈਂਟ ਵਿਚਾਲੇ ਝਗੜੇ ਦਾ ਵੀਡੀਓ ਵੀ ਪਿਛਲੇ ਹਫਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਜਹਾਜ਼ ‘ਚ ਖਾਣੇ ਦੀ ਚੋਣ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇਹ ਘਟਨਾ 16 ਦਸੰਬਰ ਦੀ ਹੈ। ਇੰਡੀਗੋ ਅਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।