ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਲੰਬੀ ਬੀਮਾਰੀ ਤੋਂ ਬਾਅਦ ਵੀਰਵਾਰ ਅੱਧੀ ਰਾਤ ਨੂੰ ਦਿਹਾਂਤ ਹੋ ਗਿਆ। ਪੇਲੇ ਨੇ 82 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਹ 29 ਨਵੰਬਰ ਤੋਂ ਸਾਓ ਪਾਉਲੋ ਦੇ ਅਲਬਰਟ ਆਈਨਸਟਾਈਨ ਇਜ਼ਰਾਈਲੀ ਹਸਪਤਾਲ ਵਿੱਚ ਦਾਖਲ ਸਨ। ਮਹਾਨ ਫੁੱਟਬਾਲਰ ਕਿਡਨੀ ਅਤੇ ਦਿਲ ਦੇ ਰੋਗ ਨਾਲ ਜੂਝ ਰਹੇ ਸਨ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਪੇਲੇ ਦੀ ਮੌਤ ਦੀ ਅਧਿਕਾਰਤ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ।

ਪੇਲੇ ਨੇ 1958, 1962 ਅਤੇ 1970 ਵਿਸ਼ਵ ਕੱਪ ਵਿੱਚ ਬ੍ਰਾਜ਼ੀਲ ਨੂੰ ਜਿੱਤ ਦਿਵਾਈ ਸੀ। ਉਹ 77 ਗੋਲਾਂ ਦੇ ਨਾਲ ਟੀਮ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ‘ਚੋਂ ਇਕ ਸਨ। ਹਾਲ ਹੀ ‘ਚ ਖਤਮ ਹੋਏ ਫੀਫਾ ਵਿਸ਼ਵ ਕੱਪ ‘ਚ ਨੇਮਾਰ ਨੇ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ।


ਪੇਲੇ ਦੇ ਨਾਂ ਨਾਲ ਮਸ਼ਹੂਰ ਐਡਸਨ ਅਰਾਂਤੇਸ ਡੋ ਨੇਸਿਮੈਂਟੋ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਸਤੰਬਰ 2021 ਵਿੱਚ ਉਨ੍ਹਾਂ ਦੀਆਂ ਅੰਤੜੀਆਂ ਦੇ ਟਿਊਮਰ ਨੂੰ ਹਟਾਉਣ ਲਈ ਆਪ੍ਰੇਸ਼ਨ ਹੋਇਆ ਸੀ। ਨਾ ਤਾਂ ਹਸਪਤਾਲ ਤੇ ਨਾ ਹੀ ਉਸ ਦੇ ਪਰਿਵਾਰ ਨੇ ਕੋਈ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੇ ਹੋਰ ਅੰਗ ਪ੍ਰਭਾਵਿਤ ਹੋਏ ਹਨ ਜਾਂ ਨਹੀਂ। ਪੇਲੇ ਦੀ ਧੀ ਕੈਲੀ ਨੇਸੀਮੇਂਟੋ ਨੇ ਕਿਹਾ ਸੀ ਕਿ ਮਹਾਨ ਫੁੱਟਬਾਲਰ ਕ੍ਰਿਸਮਸ ਦੌਰਾਨ ਹਸਪਤਾਲ ਵਿੱਚ ਹੀ ਰਹਿਣਗੇ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਅਸੀਂ ਡਾਕਟਰਾਂ ਨਾਲ ਮਿਲ ਕੇ ਫ਼ੈਸਲਾ ਕੀਤਾ ਹੈ ਕਿ ਉਨ੍ਹਾਂ ਨੂੰ ਹਸਪਤਾਲ ‘ਚ ਰੱਖਣਾ ਸਹੀ ਹੋਵੇਗਾ।’

ਪੇਲੇ ਉਨ੍ਹਾਂ ਦਾ ਜਨਮ 1940 ਵਿੱਚ ਹੋਇਆ ਸੀ। ਉਹ ਫੁੱਟਬਾਲ ਦੀ ਲੋਕਪ੍ਰਿਯਤਾ ਨੂੰ ਸਿਖਰ ‘ਤੇ ਲਿਜਾਣ ਅਤੇ ਇਸ ਦੇ ਲਈ ਇਕ ਵਿਸ਼ਾਲ ਬਾਜ਼ਾਰ ਤਿਆਰ ਕਰਨ ਵਾਲਿਆਂ ‘ਚੋਂ ਇਕ ਰਹੇ। ਭ੍ਰਿਸ਼ਟਾਚਾਰ, ਫੌਜੀ ਤਖਤਾਪਲਟ, ਸੈਂਸਰਸ਼ਿਪ ਅਤੇ ਦਮਨਕਾਰੀ ਸਰਕਾਰਾਂ ਨਾਲ ਘਿਰੇ ਦੇਸ਼ ‘ਚ ਉਹ ਪੈਦਾ ਹੋਏ ਸਨ। ਹਾਲਾਂਕਿ 17 ਸਾਲ ਦੀ ਉਮਰ ‘ਚ ਪੇਲੇ ਨੇ 1958 ਵਿੱਚ ਆਪਣੇ ਪਹਿਲੇ ਵਿਸ਼ਵ ਕੱਪ ‘ਚ ਬ੍ਰਾਜ਼ੀਲ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਸੀ।