ਮਨਪ੍ਰੀਤ ਬਾਦਲ ਦੀ ਨਵੀਂ ਬਣ ਰਹੀ ਕੋਠੀ ’ਚ ਚੋਰੀ, ਠੇਕੇਦਾਰ ਦੇ ਬਿਆਨ ’ਤੇ ਮਾਮਲਾ ਦਰਜ

158

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਵੜੇ ਚੋਰ, ਬਠਿੰਡਾ ‘ਚ ਨਵੇਂ ਬਣ ਰਹੇ ਘਰ ਦਾ ਦਰਵਾਜ਼ਾ ਤੋੜ ਅੰਦਰ ਹੋਏ ਦਾਖਲ, ਪਰ ਚੋਰਾਂ ਦੇ ਹੱਥ ਕੁੱਝ ਨਹੀਂ ਲੱਗਾ, ਨੁਕਸਾਨ ਤੋਂ ਹੋਇਆ ਬਚਾਅ।

ਬਠਿੰਡਾ : ਮਾਡਲ ਟਾਊਨ ਫੇਜ਼ 1 ’ਚ ਕਾਂਗਰਸ ਨੇਤਾ ਮਨਪ੍ਰੀਤ ਸਿੰਘ ਬਾਦਲ ਦੀ ਨਵੀਂ ਬਣ ਰਹੀ ਕੋਠੀ ਅੰਦਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਥਾਣਾ ਸਿਵਿਲ ਲਾਇਨ ਪੁਲਸ ਨੇ ਕੋਠੀ ਬਣਵਾ ਰਹੇ ਠੇਕੇਦਾਰ ਭੋਲਾ ਸਿੰਘ ਦੇ ਬਿਆਨ ’ਤੇ ਦੋਸ਼ੀ ਜਗਜੀਤ ਸਿੰਘ ਨਿਵਾਸੀ ਅਜੀਤ ਰੋਡ ਬਠਿੰਡਾ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਭੋਲਾ ਸਿੰਘ ਨੇ ਦੱਸਿਆ ਕਿ 20 ਫਰਵਰੀ ਨੂੰ ਮਨਪ੍ਰੀਤ ਬਾਦਲ ਦੀ ਕੋਠੀ ’ਚ ਲੱਗੇ ਦੋਵਾਂ ਗੇਟਾਂ ਦੇ ਤਾਲੇ ਤੋੜਕੇ ਜਗਜੀਤ ਸਿੰਘ ਕੋਠੀ ਅੰਦਰ ਦਾਖ਼ਲ ਹੋਇਆ। ਮੁਲਜ਼ਮ ਕੋਠੀ ’ਚੋਂ ਸੀਮੇਂਟ ਤੋਂ ਇਲਾਵਾ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਿਆ।

ਥਾਣਾ ਸਿਵਿਲ ਲਾਇਨ ਪੁਲਸ ਦੇ ਏ.ਐੱਸ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਲਸ ਨੇ ਠੇਕੇਦਾਰ ਭੋਲਾ ਸਿੰਘ ਦੇ ਬਿਆਨ ’ਤੇ ਦੋਸ਼ੀ ਜਗਜੀਤ ਸਿੰਘ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।