ਮੋਗਾ, 23 ਫ਼ਰਵਰੀ, 2022:ਮੋਗਾ ਸ਼ਹਿਰ ਅੰਦਰ ਅੱਜ ਚਿੱਟੇ ਦਿਨੀ ਵਾਪਰੀ ਇਕ ਘਟਨਾ ਵਿੱਚ ਹਿਕ ਆਲਟੋ ਵਿੱਚ ਸਵਾਰ ਹੋ ਕੇ ਆਏ ਕੁਝ ਅਣਪਛਾਤੇ ਲੋਕਾਂ ਵੱਲੋਂ ਇਕ 24 ਸਾਲਾ ਔਰਤ ਨੂੰ ਧੱਕੇ ਨਾਲ ਕਾਰ ਵਿੱਚ ਅਗਵਾ ਕਰ ਕੇ ਲੈ ਜਾਣ ਕਾਰਨ ਸ਼ਹਿਰ ਵਿੱਚ ਸਨਸਨੀ ਫ਼ੈਲ ਗਈ।

ਘਟਨਾ ਗਹਿਮ ਗਹਿਮ ਲਾਲ ਸਿੰਘ ਰੋਡ ’ਤੇ ਵਾਪਰੀ ਜਿੱਥੇ ਕੁਲਦੀਪ ਕੌਰ ਨਿਵਾਸੀ ਜ਼ੀਰਾ ਆਪਣੇ ਭਰਾ ਦਾ ਇਕ ਕੋਠੀ ਦੇ ਬਾਹਰ ਖੜ੍ਹ ਕੇ ਇੰਤਜ਼ਾਰ ਕਰ ਰਹੀ ਸੀ। ਪਤਾ ਲੱਗਾ ਹੈ ਕਿ ਕੁਲਦੀਪ ਕੌਰ ਲਾਲ ਸਿੰਘ ਰੋਡ ’ਤੇ ਰਹਿੰਦੀ ਆਪਣੀ ਸਹੇਲੀ ਤੋਂ ਪੈਸੇ ਲੈਣ ਆਈ ਸੀ।

ਇਸੇ ਦੌਰਾਨ ਇਕ ਆਲਟੋ ਕਾਰ ਉਸਦੇ ਸਾਹਮਣੇ ਆ ਕੇ ਰੁਕੀ ਅਤੇ ਉਸ ਵਿੱਚੋਂ ਦੋ ਲੰਬੇ ਉੱਚੇ ਨੌਜਵਾਨਾਂ ਨੇ ਬਾਹਰ ਆ ਕੇ ਔਰਤ ਨੂੰ ਧੱਕੇ ਨਾਲ ਕਾਰ ਵਿੱਚ ਸੁੱਟ ਲਿਆ ਅਤੇ ਲੋਕਾਂ ਦੇ ਵੇਖਦੇ ਹੋਏ ਕਾਰ ਲੈਕੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਪਤਾ ਲੱਗਾ ਹੈ ਕਿ ਆਲਟੋ ਕਾਰ ਵਿੱਚ ਤਿੰਨ ਨੌਜਵਾਨ ਅਤੇ ਇਕ ਔਰਤ ਸਵਾਰ ਸੀ।

ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਗੱਡੀ ਪੰਜਾਬ ਦੀ ਨਹੀਂ ਸਗੋਂ ਹਰਿਆਣਾ ਨੰਬਰ ਦੀ ਸੀ।

ਮਾਮਲੇ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਜਾਇਜ਼ਾ ਲੈ ਕੇ ਕਾਰਵਾਈ ਆਰੰਭੀ ਹੈ ਅਤੇ ਔਰਤ ਦੀ ਭਾਲ ਸ਼ੁਰੂ ਕੀਤੀ ਗਈ ਹੈ।

ਸੀ.ਸੀ..ਟੀ.ਵੀ. ਕੈਮਰੇ ਵਿੱਚ ਇਹ ਘਟਨਾ ਕੈਦ ਹੋਈ ਹੈ ਉਸ ਹਿਸਾਬ ਨਾਲ ਵਾਰਦਾਤ ਦਾ ਸਮਾਂ ਸਵੇਰੇ 9 ਵੱਜ ਕੇ 50 ਮਿਨਟ ਦੇ ਕਰੀਬ ਦੱਸਿਆ ਜਾ ਰਿਹਾ ਹੈ।