Air India Urination Case: Wells Fargo sacks accused Shankar Mishra, says ‘fully co-operating with authorities’

26 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ‘ਚ ਇਕ ਔਰਤ ਨਾਲ ਬਦਸਲੂਕੀ ਕਰਨ ਵਾਲੇ ਸ਼ੰਕਰ ਮਿਸ਼ਰਾ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਮਿਸ਼ਰਾ ‘ਤੇ ਜਹਾਜ਼ ‘ਚ ਇਕ ਔਰਤ ‘ਤੇ ਪਿਸ਼ਾਬ ਕਰਨ ਦਾ ਦੋਸ਼ ਸੀ। ਉਸ ਦੀ ਕੰਪਨੀ ਵੇਲਜ਼ ਫਾਰਗੋ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦਿੱਲੀ ਪੁਲਸ ਦੀ ਚਾਰ ਮੈਂਬਰੀ ਟੀਮ ਦੋਸ਼ੀ ਦੀ ਭਾਲ ‘ਚ ਸ਼ੁੱਕਰਵਾਰ ਦੁਪਹਿਰ ਮੁੰਬਈ ਪਹੁੰਚੀ।

ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਅੱਜ ਸ਼ੰਕਰ ਮਿਸ਼ਰਾ ਦੇ ਘਰ ਪਹੁੰਚ ਗਈ। ਹਾਲਾਂਕਿ ਉਸ ਦੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਦਿੱਲੀ ਪੁਲਸ ਨੇ ਪੀੜਤਾ ਦੁਆਰਾ ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਵਿਅਕਤੀ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸ਼ੰਕਰ ਮਿਸ਼ਰਾ, ਕੈਲੀਫੋਰਨੀਆ ਵਿਚ ਹੈੱਡਕੁਆਰਟਰ ਵਾਲੀ ਇਕ ਅਮਰੀਕੀ ਬਹੁ-ਰਾਸ਼ਟਰੀ ਵਿੱਤੀ ਸੇਵਾ ਫਰਮ ਦੇ ਇੰਡੀਆ ਚੈਪਟਰ ਦਾ ਉਪ-ਮੁਖੀ ਹੈ। ਫਿਲਹਾਲ ਉਹ ਫਰਾਰ ਚੱਲ ਰਿਹਾ ਹੈ। ਮੁੰਬਈ ਪੁਲਸ ਦੇ ਇਕ ਅਧਿਕਾਰੀ ਮੁਤਾਬਕ ਟੀਮ ਉਪਨਗਰੀ ਨਹਿਰੂ ਨਗਰ ਪੁਲਿਸ ਸਟੇਸ਼ਨ ਪਹੁੰਚੀ ਅਤੇ ਅਧਿਕਾਰੀਆਂ ਨੂੰ ਸੂਚਿਤ ਕਰਦੇ ਹੋਏ ਸਟੇਸ਼ਨ ਡਾਇਰੀ ਵਿਚ ਐਂਟਰੀ ਕੀਤੀ ਕਿ ਉਹ ਮਿਸ਼ਰਾ ਦੀ ਭਾਲ ਵਿਚ ਆਏ ਸਨ।

ਉਨ੍ਹਾਂ ਦੱਸਿਆ ਕਿ ਮੁੰਬਈ ਪੁਲਸ ਦੇ ਕਿਸੇ ਮੁਲਾਜ਼ਮ ਨੂੰ ਨਾਲ ਲਏ ਬਿਨਾਂ ਦਿੱਲੀ ਪੁਲਸ ਦੀ ਟੀਮ ਨੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਾਮਗਾਰ ਨਗਰ, ਕੁਰਲਾ (ਪੂਰਬੀ) ਸਥਿਤ ਬੰਗਲੇ ‘ਬੀ 47’ ’ਤੇ ਪਹੁੰਚੀ, ਜਿਸ ਨੂੰ ਤਾਲਾ ਲੱਗਿਆ ਹੋਇਆ ਸੀ। ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਸ ਜਦੋਂ ਵੀ ਮੁੰਬਈ ਪੁਲਸ ਤੋਂ ਮਦਦ ਮੰਗੇਗੀ ਤਾਂ ਉਨ੍ਹਾਂ ਦੀ ਪੂਰੀ ਸਹਾਇਤਾ ਕੀਤੀ ਜਾਵੇਗੀ। ਮੁਲਜ਼ਮ ਨੇ ਕਥਿਤ ਤੌਰ ‘ਤੇ ਨਸ਼ੇ ਦੀ ਹਾਲਤ ਵਿਚ, ਏਅਰ ਇੰਡੀਆ ਦੀ ਨਿਊਯਾਰਕ-ਦਿੱਲੀ ਫਲਾਈਟ ਦੀ ਬਿਜ਼ਨਸ ਕਲਾਸ ਵਿਚ 70 ਸਾਲਾ ਸੀਨੀਅਰ ਮਹਿਲਾ ਨਾਗਰਿਕ ਸਹਿ-ਯਾਤਰੀ ‘ਤੇ ਪਿਸ਼ਾਬ ਕਰ ਦਿੱਤਾ ਸੀ।