ਕੁਝ ਦਿਨ ਪਹਿਲਾਂ ਮੈਂ ਕੈਨੇਡਾ ਅਤੇ ਅਮਰੀਕਾ ਵਿੱਚ ਕਣਕ ਅਤੇ ਕਨੌਲਾ ਉੱਤੇ ਗਲਾਈਫੋਸੇਟ (ਰਾਉਂਡਅੱਪ) ਦੀ ਵਰਤੋਂ ਬਾਰੇ ਲਿਖਿਆ ਸੀ। ਕੁਝ ਦੋਸਤਾਂ ਦੇ, ਇਨਬਾਕਸ ਮੈਸਜ ਮਿਲੇ; ਉਹਨਾਂ ਨੂੰ ਇਸ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ – ਖਾਸ ਕਰ ਕਨੇਡਾ-ਅਮਰੀਕਾ ਵਿੱਚ ਰਹਿਣ ਵਾਲਿਆਂ ਦਾ ਕਹਿਣਾ ਸੀ ਕਿ ਇਹਨਾਂ ਦੇਸ਼ਾਂ ਦੇ ਫੂਡ ਅਤੇ ਹੈਲਥ ਸਟੈਂਡਰਡ ਬਹੁਤ ਸਖ਼ਤ ਹਨ, ਯਕੀਨ ਕਰਨਾ ਔਖਾ ਹੈ । ਵਿਸ਼ੇ ਦੀ ਅਗਲੀ ਕੜ੍ਹੀ ਦੀ ਗੱਲ ਕਰਦੇ ਹਾਂ- GMO ਫ਼ਸਲਾਂ ਦੀ। ‘ਫੂਡ ਅਤੇ ਹੈਲਥ ਸਟੈਂਡਰਡਾਂ’ ਬਾਰੇ ਸਤਿਥੀ ਕੁਝ ਹੋਰ ਸਪੱਸ਼ਟ ਹੋਵੇਗੀ !

ਇਸ ਵਿੱਚ ਕੋਈ ਸ਼ੱਕ ਹੀ ਨਹੀਂ ਹੈ ਕਿ ਗਲਾਈਫੋਸੇਟ/ਰਾਉਂਡਅੱਪ ਨੂੰ ਕੈਨੇਡਾ ਅਤੇ ਅਮਰੀਕਾ ਵਿਚ ਖੜ੍ਹੀਆਂ ਫਸਲਾਂ ‘ਤੇ ਵਿਆਪਕ ਤੌਰ ‘ਤੇ ਵਰਤਿਆ ਜਾਂਦਾ ਹੈ। ਮੈਂ ਤਾਂ ਕੇਵਲ ਕਣਕ ਅਤੇ ਕਨੋਲਾ ਦਾ ਹੀ ਜ਼ਿਕਰ ਕੀਤਾ ਸੀ, ਪਰ ਇਹ ਮੱਕੀ ਅਤੇ ਸੋਇਆਬੀਨ ‘ਤੇ ਵੀ ਸਪਰੇਅ ਕੀਤੀ ਜਾਂਦੀ ਹੈ। ਕਣਕ ਤੋਂ ਬਿਨਾਂ , ਬਾਕੀ ਤਿੰਨਾਂ ਫਸਲਾਂ- ਕਨੋਲਾ, ਮੱਕੀ ਅਤੇ ਸੋਇਆਬੀਨ ਨੂੰ ਗਲਾਈਫੋਸੇਟ /ਰਾਉਂਡਅੱਪ ਪ੍ਰਤੀ ਸਹਿਣਸ਼ੀਲ ਬਣਾਉਣ ਲਈ Genetically Modify ਕੀਤਾ ਗਿਆ ਹੈ- ਜੈਨੇਟਿਕ ਤੌਰ ‘ਤੇ ਸੋਧਿਆ ਗਿਆ ਹੈ। ਇਨ੍ਹਾਂ ਤਿੰਨਾਂ ਫ਼ਸਲਾਂ ਦੇ ਬੀਜਾਂ ਵਿੱਚ ਇੱਕ ਜੀਨ- CP4EPSP ਪਾ ਦਿੱਤਾ ਜਾਂਦਾ ਹੈ। ਇਹ ਜੀਨ ਫਸਲ ਨੂੰ ਗਲਾਈਫੋਸੇਟ ਪ੍ਰਤੀ ਸਹਿਣਸ਼ੀਲ ਬਣਾਉਂਦਾ ਹੈ ਅਤੇ ਇਸ ਨਾਲ ਕਿਸਾਨ ਖੜ੍ਹੀ ਫਸਲ ‘ਤੇ ਰਾਉਂਡਅੱਪ ਦਾ ਛਿੜਕਾਅ ਕਰ ਸਕਦੇ ਹਨ – ਸਪਰੇ ਕਰਨ ਤੇ ਫਸਲ ਦੇ ਪੌਦਿਆਂ ਨੂੰ ਛੱਡ ਕੇ ਲਗਭਗ ਬਾਕੀ ਸਾਰੇ ਪੌਦੇ ਮਰ ਜਾਂਦੇ ਹਨ। ਇਹਨਾਂ ਫਸਲਾਂ ਨੂੰ GMO (Genetically Modify Organisms) ਕਿਹਾ ਜਾਂਦਾ ਹੈ। ਫਸਲਾਂ ਨੂੰ ਜੈਨੇਟਿਕ ਤੌਰ ‘ਤੇ ਸੋਧ ਕਿ ਰਾਉਂਡ-ਅੱਪ ਪ੍ਰਤੀ ਸਹਿਣਸ਼ੀਲ ਬਣਾਉਣ ਦੀ ਇਹ ਤਕਨੀਕ ਅਮਰੀਕਨ ਕੰਪਨੀ ਮੌਨਸੈਂਟੋ ਦੁਆਰਾ ਵਿਕਸਤ ਕੀਤੀ ਗਈ ਸੀ, ਜੋ ਗ਼ੈਰ-ਇਤਫਾਕਨ ਨਦੀਨਨਾਸ਼ਕ ‘ ਰਾਉਂਡਅੱਪ’ ਦੀ ਵੀ ਮਾਲਕ ਸੀ।

ਅਮਰੀਕਾ ਅਤੇ ਕਨੇਡਾ ਵਿੱਚ ਕਨੌਲਾ, ਮੱਕੀ ਅਤੇ ਸੋਇਆਬੀਨ ਲੱਗਭੱਗ 100 ਪ੍ਰਤੀਸ਼ਤ ਹੀ GMO ਹਨ – ਉਹ ਖੇਤ ਲੱਭਣਾ ਮੁਸ਼ਕਿਲ ਹੋਵੇਗਾ ਜਿਸ ਵਿੱਚ ਇਹ ਫ਼ਸਲਾਂ GMO ਨਾ ਹੋਣ, ਅਤੇ ਜਿਸ ‘ਤੇ ਗਲਾਈਫੋਸੇਟ ਦਾ ਛਿੜਕਾਅ ਨਾ ਕੀਤਾ ਗਿਆ ਹੋਵੇ! ਇਸ ਲਈ ਮੈਂ ਪਿਛਲੀ ਲਿਖਤ ਵਿੱਚ ਕਨੌਲਾ ਤੇਲ ਦੀ ਵਰਤੋਂ ਕਰਨ ਤੋਂ ਬਚਣ ਦਾ ਸੁਝਾਅ ਦਿੱਤਾ ਸੀ।

ਕਨੌਲਾ, ਮੱਕੀ ਅਤੇ ਸੋਇਆਬੀਨ ਦੀ GMO ਖੇਤੀ ਕੈਨੇਡਾ ਅਤੇ ਅਮਰੀਕਾ ਵਿੱਚ ਕੋਈ ਨਵੀਂ ਨਹੀਂ ਹੈ, ਬਲਕਿ 25 ਸਾਲਾਂ ਤੋਂ ਚੱਲ ਰਹੀ ਹੈ। ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਕਿਸਾਨ ਇਹਨਾਂ GMO ਫਸਲਾਂ ਦੇ ਬੀਜਾਂ ਨੂੰ ਦੁਬਾਰਾ ਬੀਜਣ ਲਈ ਨਹੀਂ ਰੱਖ ਸਕਦੇ, ਕਿਉਂਕਿ ਉਹਨਾਂ ਵਿੱਚ GM ਤਕਨਾਲੋਜੀ ਹੈ ਜੋ ਮੋਨਸੈਂਟੋ ਦੁਆਰਾ ਪੇਟੈਂਟ ਕੀਤੀ ਗਈ ਹੈ ਅਤੇ ਉਸਦੀ ਮਲਕੀਅਤ ਹੈ ! ਮੋਨਸੈਂਟੋ ਨੂੰ 1980 ਵਿੱਚ ਇਹ ‘life’, ‘ਜੀਵਨ’ ਪੇਟੇਂਟ ਕਰਨ ਦੀ ਆਗਿਆ ਅਮਰੀਕਾ ਵਿੱਚ ਮਿਲ ਗਈ ਸੀ । ਕਿਸਾਨਾਂ ਨੂੰ ਬੀਜ ਖਰੀਦਣ ਵੇਲੇ, ਫ਼ਸਲ ਦਾ ਬੀਜ ਰੱਖਣ ਜਾਂ ਦੁਬਾਰਾ ਨਾ ਬੀਜਣ ਲਈ ਸਮਝੌਤੇ ‘ਤੇ ਦਸਤਖਤ ਕਰਨੇ ਪੈਂਦੇ ਹਨ। ਅੱਜਕੱਲ੍ਹ ਇਹ ਦਸਤਖਤ ‘DocuSign’ ਦੁਆਰਾ ਡਿਜੀਟਿਲ ਤਰੀਕੇ ਨਾਲ ਵੀ ਕੀਤੇ ਜਾਂਦੇ ਹਨ । ਜੇਕਰ ਕੋਈ ਕਿਸਾਨ ਉਲੰਘਣਾ ਕਰਦਾ ਹੈ, ਤਾਂ ਇਸਨੂੰ IP (Intellectual Property) rights ਦੀ ਉਲੰਘਣਾ ਮੰਨਿਆ ਜਾਂਦਾ ਹੈ ਅਤੇ ਉਸ ‘ਤੇ ਮੁਕੱਦਮਾ ਚਲਾਇਆ ਜਾਂਦਾ ਹੈ।

ਕੈਨੇਡਾ ਦੇ ਸਸਕੈਚਵਨ ਸੂਬੇ ਦੇ ਇੱਕ ਕਿਸਾਨ -ਪਰਸੀ ਸ਼ਮਾਈਸ਼ਰ (Percy Schmeiser) ਦਾ ਇੱਕ ਮਾਮਲਾ, ਜਿਸ ਉੱਤੇ ਮੋਨਸੈਂਟੋ ਦੁਆਰਾ ਮੁਕੱਦਮਾ ਕੀਤਾ ਗਿਆ ਸੀ, ਬਹੁਤ ਮਸ਼ਹੂਰ ਹੋਇਆ। ਮੋਨਸੈਂਟੋ ਨੇ ਪਰਸੀ ਸ਼ਮਾਈਸ਼ਰ ਤੇ ਕਨੌਲਾ ਦੀ ਮੁੜ ਬਿਜਾਈ ਦਾ ਦੋਸ਼ ਲਗਾਇਆ ਅਤੇ ਮੁਆਵਜ਼ਾ ਮੰਗਿਆ । ਪਰਸੀ ਮੁਆਵਜ਼ਾ ਦੇਣ ਦੀ ਬਜਾਏ, ਮੋਨਸੈਂਟੋ ਨਾਲ ਭਿੜ੍ਹ ਜਾਂਦਾ ਹੈ। ਮੋਨਸੈਂਟੋ ਮੁਕੱਦਮਾ ਕਰ ਦਿੰਦੀ ਹੈ ਅਤੇ ਉਸਦੀ ਦੁਨੀਆ ਦੇ ਸਭ ਤੋਂ ਵਧੀਆ ਵਕੀਲਾਂ ਦੀ ਟੀਮ ਪਰਸੀ ਨੂੰ ਦੀਵਾਲੀਆ ਕਰ ਦਿੰਦੀ ਹੈ, ਕਿਉਂਕਿ ਉਹ ਇੱਕ ਤੋਂ ਬਾਅਦ ਦੂਜੀ ਅਦਾਲਤ ਵਿੱਚ ਕੇਸ ਹਾਰੀ ਜਾਂਦਾ ਹੈ। ਪਰ ਕੁਰਕੀ ਦੇ ਕੰਡੇ ਤੇ ਹੋਣ ਦੇ ਬਾਵਜੂਦ ਵੀ ਉਹ ਸੁਪਰੀਮ ਕੋਰਟ ਤੱਕ ਜਾਣ ਦਾ ਫੈਸਲਾ ਕਰਦਾ ਹੈ। ਉਦੋਂ ਤੱਕ, ਕੇਸ ਅਖਬਾਰਾਂ ਵਿੱਚ ਕਾਫੀ ਚਰਚਿਤ ਹੋ ਚੁੱਕਾ ਸੀ ਅਤੇ ਅਤੇ ਅੰਤ ਵਿੱਚ ਸੁਪਰੀਮ ਕੋਰਟ ਨੂੰ ਉਸਦੇ ਹੱਕ ਵਿੱਚ ਫੈਸਲਾ ਕਰਨਾ ਪੈਂਦਾ ਹੈ । ਇਸ ‘ਤੇ ਇਕ ਫਿਲਮ ਵੀ ਬਣੀ ਹੈ- Percy Vs Goliath । ਸਿਰਨਾਵੇਂ ਵਿੱਚ ਮੌਨਸੈਂਟੋ ਨੂੰ ‘ਗੋਲਾਈਅਥ’ ਕਿਹਾ ਗਿਆ ਹੈ ; ਸਿਰਨਾਵਾਂ ਬਾਈਬਲ ਦੀ ਕਹਾਣੀ ‘David and Goliath’ ਤੋਂ ਲਿਆ ਗਿਆ ਹੈ , ਜਿਸ ਵਿੱਚ ਇੱਕ ਮਾਮੂਲੀ ਜਿਹਾ ਨੌਜਵਾਨ ਡੇਵਿਡ, ਇੱਕ ਵਿਸ਼ਾਲ ਦੈਂਤ ‘ਗੋਲਾਈਅਥ’ ਨੂੰ ਇੱਕ ਲੜਾਈ ‘ਚ ਹਰਾ ਦਿੰਦਾ ਹੈ।

ਵਿਡੰਬਨਾ ਇਹ ਹੈ ਕਿ, ਗਲਾਈਫੋਸੇਟ ਨੂੰ ਗੈਰ-ਫਸਲ ਵਰਤੋਂ ਲਈ ਬਣਾਇਆ ਗਿਆ ਸੀ, ਕਿਉਂਕਿ ਇਹ non-selective ਨਦੀਨ ਨਾਸ਼ਕ ਹੈ ਜੋ ਨਦੀਨਾਂ ਦੇ ਨਾਲ-ਨਾਲ ਫਸਲ ਨੂੰ ਵੀ ਮਾਰਦਾ ਹੈ। ਫਿਰ ਮੋਨਸੈਂਟੋ ਨੂੰ ਮੱਕੀ, ਕਨੋਲਾ, ਸੋਇਆਬੀਨ ਅਤੇ ਕਣਕ ਵਰਗੀਆਂ ਖਾਣ ਵਾਲੀਆਂ ਫਸਲਾਂ ‘ਤੇ ਇਸ ਦੀ ਵਰਤੋਂ ਕਰਨ ਦੀ ਇਜਾਜ਼ਤ ਕਿਵੇਂ ਮਿਲੀ ?

ਸਿਰਫ਼ ਮੋਨਸੈਂਟੋ ਹੀ ਅਜਿਹਾ ਕਰ ਸੰਭਵ ਕਰ ਸਕਦੀ ਸੀ – ਇਸ ਇੰਡਸਟਰੀ ਬਾਰੇ ਜਾਣਕਾਰੀ ਰੱਖਣ ਵਾਲੇ ਸਮਝ ਸਕਦੇ ਹਨ। ਉਹ ਇੱਕ ਤਰ੍ਹਾਂ ਅਮਰੀਕਾ ‘ਤੇ ਰਾਜ ਕਰਦੀ ਰਹੀ ਹੈ । FDA (Food and Drug Administration), EPA (Environmental Protection Agency) ਤੇ USDA (US Department of Agriculture), ਤਿੰਨੇ ਫ਼ੈਡਰਲ ਰੈਗੂਲੇਟਰੀ ਅਥਾਰਟੀਆਂ ਇਸਦੀ ਜੇਬ ਵਿੱਚ ਰਹੀਆਂ ਹਨ। ਤੁਸੀਂ ‘Monsanto’s revolving door’ ਗੂਗਲ ਕਰਕੇ ਜਾਣ ਸਕਦੇ ਹੋ ਕਿ ਕਿਵੇਂ ਮੋਨਸੈਂਟੋ ਅਤੇ ਇਹਨਾਂ ਰੈਗੂਲੇਟਰੀ ਅਦਾਰਿਆਂ ਵਿੱਚ ਇੱਕ ‘revolving door’ ਸੀ ਜਿਸ ਰਾਹੀਂ ਮੋਨਸੈਂਟੋ ਦੇ ਅਧਿਕਾਰੀ ਇਹਨਾਂ ਅਦਾਰਿਆਂ ਵਿੱਚ, ਅਤੇ ਇਹਨਾਂ ਅਦਾਰਿਆਂ ਦੇ ਅਧਿਕਾਰੀ ਮੋਨਸੈਂਟੋ ਵਿੱਚ, ਉੱਚ ਪਦਵੀਆਂ ਤੇ ਲਗਾਏ ਜਾਂਦੇ ਸਨ। ਹੈਲਥ ਕੈਨੇਡਾ ਲੱਗਭੱਗ ਇੱਕ ਨਿਯਮ ਵਾਂਗੂ ਇਹਨਾਂ ਅਮਰੀਕੀ ਅਦਾਰਿਆਂ ਦੇ ਫੈਸਲਿਆਂ ਨੂੰ follow ਕਰਦਾ ਹੈ।

ਪਰ GMO ਫਸਲਾਂ ਦਾ ਇਹ ਖ਼ਤਰਨਾਕ ਜੂਆ ਸ਼ਾਇਦ ਮੋਨਸੈਂਟੋ ਲਈ ਵੀ ਵੱਡਾ ਸੀ। ਜਦੋਂ ਅਮਰੀਕਨਾਂ ਨੂੰ GMO ਫੂਡਜ਼ ਦੀ ਅਸਲੀਅਤ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਮੌਨਸੈਂਟੋ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ । ਇੱਕ ਵੱਡਾ ਪ੍ਰਦਰਸ਼ਨ 2013 ਵਿੱਚ ਕੈਲੀਫ਼ੋਨਰਨੀਆ ਵਿੱਚ ‘March Against Monsanto ‘ ਹੋਇਆ ਜਿਸ ਵਿੱਚ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਤੇ ਮੰਗ ਕੀਤੀ ਕਿ ਜਿਹੜ੍ਹੇ ਭੋਜਨ ਪਦਾਰਥ ਕਿਸੇ GM ਫ਼ਸਲ ਤੋਂ ਤਿਆਰ ਕੀਤੇ ਗਏ ਹਨ, ਉਹਨਾਂ ਸਾਰਿਆਂ ਤੇ ‘GMO Food’ ਦਾ ਲੇਬਲ ਲਗਾਉਣਾ ਲਾਜ਼ਮੀ ਕੀਤਾ ਜਾਵੇ । ਸਰਕਾਰ ਨੇ ਇਹ ਵਾਜਿਬ ਮੰਗ ਵੀ ਨਹੀਂ ਮੰਗੀ , ਕਿਉਂਕਿ ਹਰ ਚੀਜ਼ ਜਿਸ ਵਿੱਚ ਮੱਕੀ, ਕਨੋਲਾ ਜਾਂ ਸੋਇਆਬੀਨ ਸੀ, ਨੂੰ GMO ਵਜੋਂ ਲੇਬਲ ਕਰਨਾ ਪੈਣਾ ਸੀ ਇਹ ਅਮਰੀਕਾ ਕੈਨੇਡਾ ਦੀਆਂ ਮਾਲਾਂ/ ਮਾਰਟਾਂ ਵਿੱਚ ਵਿਕਣ ਵਾਲਿਆਂ ਲੱਗਭਗ 80% Food items /ਖਾਣ ਵਾਲੀਆਂ ਵਸਤਾਂ ਹੋਣੀਆਂ ਸਨ !

ਅਤੇ ਫਿਰ, ਕੁਝ ਸਾਲਾਂ ਬਾਅਦ ਮੋਨਸੈਂਟੋ ਤੇ ਅਮਰੀਕਨਾਂ ਨੇ ਰਾਉਂਡਅੱਪ ਕਾਰਨ ਹੋਏ ਕੈਂਸਰ ਦੇ ਮੁਕੱਦਮੇ ਕਰਨੇ ਸ਼ੁਰੂ ਕਰ ਦਿੱਤੇ । ਮੋਨਸੈਂਟੋ ‘ਤੇ 100000 ਤੋਂ ਵੱਧ ਮੁਕੱਦਮੇ ਹੋ ਗਏ ਜਿਨ੍ਹਾਂ ਦਾ ਮਤਲਬ ਬਿਲੀਆਨ ਡਾਲਰ ਦਾ ਹਰਜ਼ਾਨਾ ਹੋ ਸਕਦਾ ਸੀ ! ਹਾਰਜ਼ਾਨੇ ਦੀ ਇਹ ਰਕਮ ਮੋਨਸੈਂਟੋ ਦੇ ਪਤਨ ਦਾ ਕਾਰਣ ਬਣੀ ਅਤੇ ਦੁਨੀਆਂ ਦੀਆਂ 50 ਤੋਂ ਵੱਧ ਕੰਪਨੀਆਂ ਨੂੰ ਖਰੀਦਣ ਵਾਲੀ ਮੋਨਸੈਂਟੋ ਨੂੰ 2016 ਵਿੱਚ ਜਰਮਨ ਕੰਪਨੀ ਬਾਯਰ ਦੁਆਰਾ $63 ਬਿਲੀਅਨ ਵਿੱਚ ਖਰੀਦ ਲਿਆ ਗਿਆ । ਇਹ ਜਰਮਨੀ ਦੇ ਇਤਿਹਾਸ ਵਿੱਚ ਕਿਸੇ ਵੀ ਜਰਮਨ ਕੰਪਨੀ ਵਲੋਂ ਕੀਤਾ ਗਿਆ ਸਭ ਤੋਂ ਵੱਡਾ ਸੌਦਾ ਹੈ !

ਪਰ ਹਾਰਜ਼ਾਨੇ ਦੀ ਰਕਮ ਬਾਯਰ ਦੀ ਉਮੀਦ ਤੋਂ ਕਿਤੇ ਵੱਡੀ ਸਾਬਿਤ ਹੋਈ। ਜਿਵੇਂ ਹੀ ਅਦਾਲਤਾਂ ਦੇ ਫੈਸਲੇ ਆਉਣ ਲੱਗੇ, ਬਾਯਰ ਦੇ ਸ਼ੇਅਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਅਤੇ ਮੋਨਸੈਂਟੋ ਨੂੰ 63 ਬਿਲੀਅਨ ਡਾਲਰ ਨੂੰ ਖਰੀਦਣ ਵਾਲੀ ਬਾਯਰ ਦੀ ਅੱਜ ਦੀ ਆਪਣੀ ਕੁੱਲ ਕੀਮਤ ਹੀ ਕੇਵਲ 50 ਬਿਲੀਅਨ ਡਾਲਰ ਰਹਿ ਗਈ ਹੈ। ਮੌਨਸੈਂਟੋ ਨੂੰ ਖਰੀਦ ਕੇ, ਬਾਯਰ ਕੋਲੋਂ ਜ਼ਾਹਰ ਤੌਰ ‘ਤੇ ਚੱਬ ਸਕਣ ਨਾਲੋਂ ਵੱਡਾ ਬੁਰਕ ਭਰਿਆ ਗਿਆ । ਬੁਖਾਰ ਦੀ ਦਵਾਈ ਐਸਪਰੀਨ (Asprin) ਦੀ ਖੋਜ ਕਰਨ ਵਾਲੀ ਕੰਪਨੀ ਬਾਯਰ, ਮੋਨਸੈਂਟੋ ਨੂੰ ਖਰੀਦਣ ਤੋਂ ਬਾਅਦ ਖੁਦ ਮੁਸ਼ਕਿਲ ‘ਚ ਆ ਗਈ ਹੈ। [For the record , Holocaust ਦੌਰਾਨ ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ Zyklon-B ਦੀ ਖੋਜ ਵੀ ਬਾਯਰ (parent company IG Farben) ਦੁਆਰਾ ਹੀ ਕੀਤੀ ਗਈ ਸੀ ! ] GMO ਫ਼ਸਲਾਂ ਦਾ ਇਹ ਤਮਾਸ਼ਾ ਕਿਸੇ ਦੀ ਵੀ ਸੋਚ ਤੋਂ ਵੱਡਾ ਹੈ !

ਟੇਕਓਵਰ ਤੋਂ ਬਾਅਦ, ਬਾਯਰ ਨੇ ਮੋਨਸੈਂਟੋ ਦਾ ਨਾਮ ਨਾ ਵਰਤਣ ਦਾ ਫੈਸਲਾ ਕੀਤਾ, ਕਿਉਂਕਿ ਇਹ GMO ਫਸਲਾਂ ਦੇ ਕਾਰਨ ਲੋਕਾਂ ਵਿੱਚ ਬਹੁਤ ਬਦਨਾਮ ਹੋ ਗਿਆ ਸੀ । GMO ਦੀ ਜਿਸ ਖ਼ਤਰਨਾਕ ਸੁਰੰਗ ‘ਚ ਮੋਨਸੈਂਟੋ ਦਾਖਲ ਹੋਈ, ਉਸਦੀ ਨਿਕਾਸੀ ਓਹਦਾ ਆਪਣਾ ਸਵੈ-ਵਿਨਾਸ਼ ਸਾਬਿਤ ਹੋਈ। 115 ਸਾਲ ਪੁਰਾਣਾ ਨਾਮ ‘ਮੌਨਸੈਂਟੋ’ ਭਵਿੱਖ ਵਿੱਚ ਕਿਤੇ ਵੀ ਨਹੀਂ ਮਿਲੇਗਾ, ਸਿਵਾਏ ਹਾਰਵਰਡ ਬਿਜ਼ਨਸ ਸਕੂਲ ਦੀਆਂ case studies ਦੇ !

ਪਰ GMO ਫ਼ਸਲਾਂ ਦੀ ਇਸ ‘ਅਫੀਮ’ ਤੇ ਕੈਨੇਡਾ ਅਮਰੀਕਾ ਦੀ ਕਿਸਾਨੀ ਬਹੁਤ ਜਿਆਦਾ ਨਿਰਭਰ ਹੋ ਚੁੱਕੀ ਹੈ। 25 ਸਾਲ ਤੋਂ ਰਾਉਂਡਅੱਪ ਦੇ ਛਿੜਕਾਅ ਨਾਲ ਨਦੀਨ ਬਹੁਤ resistant ਹੋ ਚੁੱਕੇ ਹਨ ਅਤੇ ਉਹਨਾਂ ਨੂੰ ਕਿਸੇ ਹੋਰ ਨਦੀਨਨਾਸ਼ਕ ਨਾਲ ਮਾਰਨਾ ਮੁਮਕਿਨ ਨਹੀਂ ਹੈ। ਇਹਨਾਂ ਦੇਸ਼ਾਂ ਵਿੱਚ ਪਹਿਲਾਂ ਹੀ ਕਿਸਾਨ ਹਾਸ਼ੀਏ ਤੇ ਹਨ, GMO ਫ਼ਸਲਾਂ ਤੇ ਪਾਬੰਦੀ ਲੱਗਣ ਨਾਲ ਫ਼ਸਲਾਂ ਦਾ ਝਾੜ ਘਟਣਾ, ਤੇ ਕਿਸਾਨਾਂ ਦਾ ਘਾਟੇ ‘ਚ ਜਾਣਾ ਤੈਅ ਹੈ। ਕੋਈ ਵੀ ਸਰਕਾਰ ਚਾਹੁੰਦਿਆਂ ਹੋਇਆਂ ਵੀ ਇਹ ਹਿੰਮਤ ਨਹੀਂ ਕਰ ਸਕਦੀ ਕਿ GMO ਫ਼ਸਲਾਂ ਬੈਨ ਕਰ ਦੇਵੇ।

ਅਕਤੂਬਰ 2022 ਵਿੱਚ ਭਾਰਤ ਸਰਕਾਰ ਨੇ ਵੀ GM ਸਰੋਂ ਦੀ ਖੇਤੀ ਦੀ ਮਨਜ਼ੂਰੀ ਦੇ ਦਿੱਤੀ ਹੈ। ਜ਼ਾਹਿਰ ਹੈ ਗਲਾਈਫੋਸੇਟ ਦੀ restricted ਵਰਤੋਂ ਦੇ ਕਾਨੂੰਨ ਨੂੰ ਬਦਲਣ ਦੀ ਤਿਆਰੀ ਹੈ।
ਦੋਸਤਾਂ ਨੂੰ ਆਪਣੀ ਕਿਚਨ ਤੇ ਨਿਗਾਹ ਰੱਖਣ ਦੀ ਸਲਾਹ ਹੈ , ਖਾਸ ਕਰ ਉਸ ਵੱਡੀ ਕਿਚਨ ਤੇ, ਜੋ ਤੁਹਾਡੀ ਰਸੋਈ ਦੇ ਪਿੱਛੇ ਚੱਲ ਰਹੀ ਹੈ।
ਮਨਿੰਦਰ ਸਿੰਘ