ਸਿੱਖਾਂ ਲਈ ਹੈਲਮੇਟ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਰੋਧ, ਕਿਹਾ ‘ਦਸਤਾਰ ਕਪੜਾ ਨਹੀਂ ਸਗੋਂ ਗੁਰੂਆਂ ਵਲੋਂ ਬਖਸ਼ੀਆ ਤਾਜ ਹੈ’

ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਸਿੱਖਾਂ ਦੀ ਵਖਰੀ ਪਛਾਣ ਨੂੰ ਖ਼ਤਮ ਕਰਨ ਵਰਗਾ ਹੈ। ਉਨ੍ਹਾਂ ਕਿਹਾ ਕਿ ਪੱਗ ਸਿਰਫ ਕਪੜਾ ਨਹੀਂ ਸਗੋਂ ਗੁਰੂਆਂ ਵਲੋਂ ਬਖ਼ਸ਼ੀਆ ਤਾਜ ਹੈ।

ਅੰਮ੍ਰਿਤਸਰ: ਫੌਜ਼ ‘ਚ ਸਿੱਖਾਂ ਲਈ ਹੈਲਮੇਟ ਲਾਜ਼ਮੀ ਕਰਨ ਦੀ ਵਿਚਾਰ ਚਰਚਾ ਚਲ ਰਹੀ ਹੈ। ਇਸ ਦੇ ਦਰਮਿਆਨ ਹੀ ਇਸ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਕਿਸੇ ਵੀ ਤਰ੍ਹਾਂ ਦਾ ਹੈਲਮੇਟ ਪਾਉਣਾ ਵਰਜਿਤ ਹੈ।

ਗਿਆਨੀ ਸਾਹਿਬਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਕੇਂਦਰ ਸਰਕਾਰ ਸਿੱਖਾਂ ਨੂੰ ਹੈਲਮੇਟ ਪਹਿਨਾਉਣ ਸਬੰਧੀ ਕੋਸ਼ਿਸ਼ਾਂ ਕਰ ਹੈ। ਇਹ ਮੀਡੀਆ ਰਾਹੀਂ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਦੂਜੇ ਵਿਸ਼ਵ ਯੁਧ ਦੌਰਾਨ ਬ੍ਰਿਟਿਸ਼ਰਸ ਨੇ ਵੀ ਕੀਤੇ ਸੀ ਤੇ ਉਸ ਸਮੇਂ ਵੀ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਕਿਉਂਕਿ ਦਸਤਾਰ ਸਿਰਫ ਕਪੜਾ ਨਹੀਂ ਸਗੋਂ ਗੁਰੂਆਂ ਵਲੋਂ ਬਖ਼ਸ਼ੀਆ ਤਾਜ ਹੈ ਤੇ ਸਾਡੀ ਪਛਾਣ ਹੈ।

ਆਪਣਾ ਬਿਆਨ ਜਾਰੀ ਕਰਦਿਆਂ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨੂੰ ਸਿੱਖਾਂ ਦੀ ਵਖਰੀ ਪਛਾਣ ਨੂੰ ਖ਼ਤਮ ਕਰਨ ਵਜੋਂ ਵੇਖਿਆ ਜਾਵੇਗਾ। ਤੇ ਨਾ ਪੰਥ ਇਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਕਰੇਗਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ‘ਚ ਸਾਨੂੰ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਵਰਜਿਤ ਹੈ। ਇਸ ਦੇ ਨਾਲ ਹੀ ਜੱਥੇਦਾਰ ਨੇ ਕੇਂਦਰ ਨੂੰ ਆਪਣਾ ਫੈਸਲਾ ਮੁੜ ਵਿਚਾਰ ਦੀ ਅਪੀਲ ਕੀਤੀ ਹੈ।

ਜਥੇਦਾਰ ਨੇ ਕਿਹਾ ਕਿ ਸਿੱਖਾਂ ਨੇ ਹਰ ਜੰਗ ‘ਚ ਸਿਰਾਂ ‘ਤੇ ਪੱਗਾਂ ਸਜਾ ਕੇ ਵੈਰੀਆਂ ਨੂੰ ਜਵਾਬ ਦਿੱਤਾ। ਪਰ ਲੋਹ ਟੋਪ ਬਿਲਕੁਲ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਕੁਝ ਸੰਸਥਾਵਾਂ ਵੀ ਇਸ ਨੂੰ ਪ੍ਰਮੋਟ ਕਰ ਰਹੀਆਂ ਹਨ ਜੋ ਮੰਦਭਾਗੀ ਗੱਲ ਹੈ।