VIDEO: ਭਾਜਪਾ ਪ੍ਰਧਾਨ ਦੇ ਬੇਟੇ ਖਿਲਾਫ FIR ਦਰਜ, ਕਾਲਜ ਕੈਂਪਸ ‘ਚ ਵਿਦਿਆਰਥੀ ਦੀ ਕੁੱਟਮਾਰ ਦੇ ਦੋਸ਼

Viral Video: ਪੁਲਿਸ ਨੇ ਤੇਲੰਗਾਨਾ ਬੀਜੇਪੀ ਮੁਖੀ ਅਤੇ ਸੰਸਦ ਮੈਂਬਰ ਬਾਂਡੀ ਸੰਜੇ ਦੇ ਪੁੱਤਰ ਭਗੀਰਥ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਕਿਹਾ ਅਸੀਂ ਜਾਂਚ ਕੀਤੀ ਤੇ ਨੋਟਿਸ ਦਿੱਤਾ ਜਾਵੇਗਾ।

ਤੇਲੰਗਾਨਾ ਬੀਜੇਪੀ ਮੁਖੀ ਅਤੇ ਸੰਸਦ ਮੈਂਬਰ ਬਾਂਡੀ ਸੰਜੇ ਦੇ ਪੁੱਤਰ ਭਾਗੀਰਥ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਭਗੀਰਥ ‘ਤੇ ਕਾਲਜ ਕੈਂਪਸ ਅਤੇ ਹੋਸਟਲ ਦੇ ਕਮਰੇ ਦੇ ਅੰਦਰ ਇੱਕ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਦੋਸ਼ ਹੈ। ਦੋਵਾਂ ਘਟਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਮਾਮਲਾ ਮਹਿੰਦਰਾ ਯੂਨੀਵਰਸਿਟੀ ਦਾ ਦੱਸਿਆ ਜਾ ਰਿਹਾ ਹੈ। ਕੁੱਟਮਾਰ ਦੇ ਇਸ ਮਾਮਲੇ ‘ਚ ਡੁੰਡੀਗਲ ਪੁਲਿਸ ਨੇ ਭਾਜਪਾ ਨੇਤਾ ਬਾਂਡੀ ਸੰਜੇ ਦੇ ਬੇਟੇ ਭਗੀਰਥ ਅਤੇ ਇੱਕ ਹੋਰ ਖਿਲਾਫ ਐੱਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 341, 323, 504 ਅਤੇ 506 r/w 34 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਵਾਇਰਲ ਹੋਈ ਪਹਿਲੀ ਵੀਡੀਓ ‘ਚ ਸੰਸਦ ਮੈਂਬਰ ਦੇ ਬੇਟੇ ਭਗੀਰਥ ਨੂੰ ਇੱਕ ਵਿਦਿਆਰਥੀ ਨਾਲ ਛੇੜਛਾੜ ਕਰਦੇ ਦੇਖਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਘਟਨਾ ਉਦੋਂ ਵਾਪਰੀ ਜਦੋਂ ਪੀੜਤ ਵਿਦਿਆਰਥੀ ਨੇ ਸੰਸਦ ਮੈਂਬਰ ਦੇ ਬੇਟੇ ਨੂੰ ਕਿਸੇ ਮੁੱਦੇ ‘ਤੇ ਮਦਦ ਕਰਨ ਦੀ ਬੇਨਤੀ ਕੀਤੀ।


ਇੱਕ ਹੋਰ ਵੀਡੀਓ ਵਿੱਚ ਭਗੀਰਥ ਦੇ ਨਾਲ ਵਿਦਿਆਰਥੀਆਂ ਦਾ ਇੱਕ ਸਮੂਹ ਇੱਕ ਵਿਦਿਆਰਥੀ ਦੇ ਕਮਰੇ ਵਿੱਚ ਲੜਦਾ ਨਜ਼ਰ ਆ ਰਿਹਾ ਹੈ। ਮਾਮਲੇ ਬਾਰੇ ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ, “ਮਹਿੰਦਰਾ ਯੂਨੀਵਰਸਿਟੀ ਵਿੱਚ ਇੱਕ ਘਟਨਾ ਵਾਪਰੀ ਹੈ। ਅਜੇ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪੁੱਛ-ਗਿੱਛ ਕਰਨ ‘ਤੇ ਕਾਲਜ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਦੀ ਪਛਾਣ ਸੰਸਦ ਮੈਂਬਰ ਦੇ ਪੁੱਤਰ ਵਜੋਂ ਹੋਈ ਹੈ।

ਸ਼ਿਕਾਇਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀ ਦੀ ਕੁੱਟਮਾਰ ਕਰਨ ਅਤੇ ਧਮਕੀ ਦੇਣ ਦੇ ਦੋਸ਼ ਵਿੱਚ ਸੰਸਦ ਮੈਂਬਰ ਦੇ ਪੁੱਤਰ ਭਗੀਰਥ ਵਿਰੁੱਧ ਐਫਆਈਆਰ ਦਰਜ ਕੀਤੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, “ਕਾਲਜ ਅਧਿਕਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਸਾਈ ਭਗੀਰਥ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਉਹ ਤੇਲੰਗਾਨਾ ਬੀਜੇਪੀ ਮੁਖੀ ਬੰਦੀ ਸੰਜੇ ਦਾ ਪੁੱਤਰ ਹੈ। ਅਸੀਂ ਜਾਂਚ ਕੀਤੀ ਤੇ ਨੋਟਿਸ ਦਿੱਤਾ ਜਾਵੇਗਾ।”