ਮਹਾਠੱਗ ਸੁਕੇਸ਼ ਬਾਰੇ ਐਕਟਰਸ Nora Fatehi ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ, ਬਦਲੇ ‘ਚ ਦਿੱਤੇ ਸੀ ਇਹ ਆਫ਼ਰ
ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਦੀ ਫਿਰੌਤੀ ਦੇ ਮਾਮਲੇ ‘ਚ ਬਾਲੀਵੁੱਡ ਐਕਟਰਸ ਨੋਰਾ ਫਤੇਹੀ ਤੇ ਜੈਕਲੀਨ ਫਰਨਾਂਡੀਜ਼ ਦੇ ਬਿਆਨ ਸਾਹਮਣੇ ਆਏ ਹਨ। ਨੋਰਾ ਫਤੇਹੀ ਨੇ ਸੁਕੇਸ਼ ਬਾਰੇ ਕਈ ਅਹਿਮ ਖੁਲਾਸੇ ਕੀਤੇ ਹਨ।
Jacqueline Fernandez and Nora Fatehi: ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੇ ਰਡਾਰ ‘ਚ ਆਈਆਂ ਐਕਟਰਸ ਜੈਕਲੀਨ ਫਰਨਾਂਡੀਜ਼ ਤੇ ਨੋਰਾ ਫਤੇਹੀ ਨੇ ਹਾਲ ਹੀ ‘ਚ ਆਪਣੇ ਬਿਆਨ ਦਰਜ ਕਰਵਾਏ ਹਨ। ਐਕਟਰਸ ਨੋਰਾ ਫਤੇਹੀ ਤੇ ਜੈਕਲੀਨ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ‘ਚ ਸੁਕੇਸ਼ ‘ਤੇ ਗੰਭੀਰ ਦੋਸ਼ ਲਗਾਏ ਤੇ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ।
ਨੋਰਾ ਫਤੇਹੀ ਅਤੇ ਜੈਕਲੀਨ ਨੇ ਸੁਕੇਸ਼ ਦੇ ਨਾਲ-ਨਾਲ ਉਸ ਦੀ ਸਹਿਯੋਗੀ ਪਿੰਕੀ ਇਰਾਨੀ ‘ਤੇ ਕਈ ਦੋਸ਼ ਲਗਾਏ। ਨੋਰਾ ਤੇ ਜੈਕਲੀਨ ਨੇ ਕਿਹਾ ਕਿ ਸੁਕੇਸ਼ ਪਿੰਕੀ ਰਾਹੀਂ ਐਕਟਰਸ ਨੂੰ ਫਸਾਉਂਦਾ ਸੀ। ਨੋਰਾ ਨੇ ਇਹ ਵੀ ਦਾਅਵਾ ਕੀਤਾ ਕਿ ਸੁਕੇਸ਼ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਦੀ ਗੱਡੀ-ਬੰਗਲਾ ਸਭ ਦਵੇਗਾ, ਸਾਰੇ ਖਰਚੇ ਅਦਾ ਕਰੇਗਾ, ਪਰ ਇਸ ਲਈ ਉਸ ਨੂੰ ਉਸ ਦੀ ਪ੍ਰੇਮਿਕਾ ਬਣਨਾ ਪਏਗਾ।
ਸੁਕੇਸ਼ ਨੇ ਨੋਰਾ ਨੂੰ ਲਗਜ਼ਰੀ ਲਾਈਫ ਦੇਣ ਦਾ ਕੀਤਾ ਸੀ ਵਾਅਦਾ
Nora Fatehi ਨੇ Sukesh Chandrasekhar ਖਿਲਾਫ ਦਰਜ ਕਰਵਾਏ ਆਪਣੇ ਬਿਆਨ ‘ਚ ਕਿਹਾ ਕਿ ਸੁਕੇਸ਼ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਵੱਡਾ ਘਰ ਅਤੇ ਆਲੀਸ਼ਾਨ ਜ਼ਿੰਦਗੀ ਦੇਵੇਗਾ। ਪਰ ਉਸਨੇ ਇਸਦੇ ਲਈ ਇੱਕ ਸ਼ਰਤ ਰੱਖੀ ਕਿ ਨੋਰਾ ਫਤੇਹੀ ਨੂੰ ਉਸਦੀ ਗਰਲਫ੍ਰੈਂਡ ਬਣਨਾ ਹੋਵੇਗਾ। ਜੇਕਰ ਨੋਰਾ ਸੁਕੇਸ਼ ਦੀ ਪ੍ਰੇਮਿਕਾ ਬਣ ਜਾਂਦੀ ਹੈ, ਤਾਂ ਉਹ ਉਸ ਨੂੰ ਸਾਰੇ ਐਸ਼ੋ-ਆਰਾਮ ਤੇ ਸੁੱਖ-ਸਹੂਲਤਾਂ ਦੇਵੇਗਾ। ਨੋਰਾ ਮੁਤਾਬਕ ਸੁਕੇਸ਼ ਨੇ ਪਿੰਕੀ ਈਰਾਨੀ ਰਾਹੀਂ ਉਸ ਦੇ ਕਈ ਕੰਮ ਕਰਵਾਏ।
ਨੋਰਾ ਫਤੇਹੀ ਕਦੇ ਵੀ ਸੁਕੇਸ਼ ਨੂੰ ਨਹੀਂ ਮਿਲੀ
ਨੋਰਾ ਫਤੇਹੀ ਨੇ ਦੱਸਿਆ ਕਿ ਉਹ ਸੁਕੇਸ਼ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦੀ ਸੀ ਤੇ ਨਾ ਹੀ ਉਸ ਨਾਲ ਕਦੇ ਗੱਲ ਹੋਈ ਸੀ। ਪਰ ਇੱਕ ਇਵੈਂਟ ‘ਚ ਉਸਦੀ ਮੁਲਾਕਾਤ ਲੀਨਾ ਮਾਰੀਆ ਨਾਮ ਦੀ ਇੱਕ ਔਰਤ ਨਾਲ ਹੋਈ, ਜੋ ਸੁਕੇਸ਼ ਦੀ ਪਤਨੀ ਨਿਕਲੀ। ਲੀਨਾ ਨੇ ਨੋਰਾ ਨੂੰ ਦੱਸਿਆ ਕਿ ਸੁਕੇਸ਼ ਉਸ ਦਾ ਵੱਡਾ ਫੈਨ ਹੈ। ਨੋਰਾ ਮੁਤਾਬਕ, ਉਸਨੂੰ ਸਿਰਫ ਇਹ ਪਤਾ ਸੀ ਕਿ ਸੁਕੇਸ਼ ਕਿਸੇ ਐਲਐਸ ਕਾਰਪੋਰੇਸ਼ਨ ਲਈ ਕੰਮ ਕਰਦਾ ਸੀ।
ਇਸ ਦੇ ਨਾਲ ਹੀ ਸੁਕੇਸ਼ ਦੀ ਸਹਿਯੋਗੀ ਪਿੰਕੀ ਨੇ ਨੋਰਾ ਦੇ ਚਚੇਰੇ ਭਰਾ ਨੂੰ ਦੱਸਿਆ ਸੀ ਕਿ ਜੈਕਲੀਨ ਫਰਨਾਂਡਿਸ ਵੀ ਸੁਕੇਸ਼ ਲਈ ਲਾਈਨ ਵਿੱਚ ਹੈ। ਪਰ ਸੁਕੇਸ਼ ਨੂੰ ਨੋਰਾ ਫਤੇਹੀ ਨਾਲ ਪਿਆਰ ਹੈ। ਉਹ ਚਾਹੁੰਦਾ ਹੈ ਕਿ ਨੋਰਾ ਉਸਦੀ ਪ੍ਰੇਮਿਕਾ ਬਣੇ। ਜੇਕਰ ਅਜਿਹਾ ਹੁੰਦਾ ਹੈ ਤਾਂ ਸੁਕੇਸ਼ ਨੋਰਾ ਫਤੇਹੀ ਨੂੰ ਸਾਰੀਆਂ ਸੁੱਖ-ਸਹੂਲਤਾਂ ਦੇਣਗੇ।
ਨੋਰਾ ਫਤੇਹੀ ਦੇ ਬਿਆਨ ‘ਚ ਦੱਸਿਆ ਕਿ ਉਸ ਦੇ ਮੇਕਅੱਪ ਆਰਟਿਸਟ ਬੌਬੀ ਨੇ ਸੁਕੇਸ਼ ਵਲੋਂ ਦਿੱਤੀ ਗਈ ਕਾਰ ਨੂੰ ਕਿਸੇ ਤੀਜੀ ਧਿਰ ਨੂੰ ਵੇਚ ਦਿੱਤਾ ਕਿਉਂਕਿ ਉਹ ਆਰਥਿਕ ਤੌਰ ‘ਤੇ ਤੰਗ ਸੀ। ਉਦੋਂ ਨੋਰਾ ਭਾਰਤ ਵਿੱਚ ਨਹੀਂ ਸੀ। ਪਰ ਜਦੋਂ ਉਹ ਵਾਪਸ ਆਈ ਤਾਂ ਉਸ ਨੂੰ ਪਤਾ ਲੱਗਾ ਕਿ ਕਾਰ ਵਿਕ ਚੁੱਕੀ ਹੈ। ਨੋਰਾ ਨੇ ਦੱਸਿਆ ਕਿ ਉਸ ਘਟਨਾ ਦੇ 7 ਮਹੀਨਿਆਂ ਬਾਅਦ ਜਦੋਂ ਉਸ ਨੂੰ ਈਡੀ ਤੋਂ ਸੰਮਨ ਮਿਲਿਆ ਤਾਂ ਪਤਾ ਲੱਗਾ ਕਿ ਸੁਕੇਸ਼ ਤੇ ਉਸ ਦੀ ਪਤਨੀ ਦੋਵੇਂ ਵੱਡੇ ਠੱਗ ਹਨ ਅਤੇ ਇਨ੍ਹਾਂ ਨੇ 200 ਕਰੋੜ ਦਾ ਵੱਡਾ ਘਪਲਾ ਕੀਤਾ ਹੈ।