ਫਤਿਹਗੜ੍ਹ ਸਾਹਿਬ ਸਮਾਗਮਃ ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਨੇ ਅਰਦਾਸ ਤੋਂ ਪਹਿਲਾਂ ਸੰਗਤ ਦਾ ਆਉਣ ਲਈ ਧੰਨਵਾਦ ਕੀਤਾ ਤੇ ਦੀਪ ਦੇ ਕਹੇ ਸ਼ਬਦ “ਹੋਂਦ ਬਚਾਉਣ ਦੀ ਲੜਾਈ” ਲੜਨ ਲਈ ਪਰਿਵਾਰ ਵੱਲੋਂ ਸਾਥ ਦੇਣ ਦਾ ਵਾਅਦਾ ਕੀਤਾ ਤੇ ਕੌਮ ਤੋਂ ਇਹ ਹੋਂਦ ਬਚਾਉਣ ਦੀ ਲੜਾਈ ਲੜਨ ਦੀ ਆਸ ਕੀਤੀ।

ਸ. ਅਜਮੇਰ ਸਿੰਘ ਨੇ ਬੋਲਦਿਆਂ ਕਿਹਾ ਕਿ ਦੀਪ ਨੇ ਖ਼ੁਦ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸੰਤ ਜਰਨੈਲ ਸਿੰਘ ਦੇ ਪੈਰ ਵਰਗਾ ਵੀ ਨਹੀਂ। ਦੀਪ ਨੇ ਹੀ ਕਿਹਾ ਸੀ ਕਿ ਸਾਨੂੰ ਯੋਗਤਾ ਮੁਤਾਬਕ ਕਿਸੇ ਨੂੰ ਜਗ੍ਹਾ ਦੇਣੀ ਚਾਹੀਦੀ ਹੈ। ਉਨ੍ਹਾਂ ਦਾ ਇਸ਼ਾਰਾ ਜਜ਼ਬਾਤਾਂ ਦੇ ਵਹਿਣ ‘ਚ ਵਹਿ ਕੇ ਕੁਝ ਪੰਥ ਦਰਦੀਆਂ ਵੱਲੋਂ ਦੋਵਾਂ ਦੀ ਤੁਲਨਾ ਕਰਨ ਵੱਲ ਸੀ।
ਉਨ੍ਹਾਂ ਕਿਹਾ ਕਿ ਸੰਤਾਂ ਨੇ ਸੰਘਰਸ਼ ਦਾ ਵਹਿਣ ਮੋੜਿਆ ਸੀ ਤੇ ਦੀਪ ਨੇ ਉਸ ਵਹਿਣ ‘ਚ ਆਈ ਖੜੋਤ ਤੋੜੀ। ਦੋਵਾਂ ਦੇ ਰੋਲ ਵੱਖ-ਵੱਖ ਹਨ। ਸਾਡੇ ਕੋਲ਼ੋਂ ਖੜੋਤ ਨਹੀਂ ਟੁੱਟੀ, ਦੀਪ ਨੇ ਕਿਵੇਂ ਤੋੜ ਦਿੱਤੀ? ਇਸ ਸਵਾਲ ਦੇ ਜਵਾਬ ਲਈ ਕਈ ਵਾਰ ਵਿਚਾਰਾਂ ਕਰਨੀਆਂ ਪੈਣਗੀਆਂ।

ਉਨ੍ਹਾਂ ਕਿਹਾ ਕਿ ਦੀਪ ਜਦ ਬੋਲਦਾ ਸੀ ਤਾਂ ਪੰਜਾਬ ਦੀ ਅਣਖ ਬੋਲਦੀ ਸੀ। ਦੀਪ ਨੇ ਕੌਮ ‘ਚ ਰੂਹ ਭਰ ਦਿੱਤੀ ਸੀ, ਬਿਨਾ ਮਾਣ ਕੀਤਿਆਂ, ਬਿਨਾ ਕੋਈ ਕਰੈਡਿਟ ਲਿਆਂ।
ਦੀਪ ਸਿੱਧੂ ਦੇ ਮਾਤਾ ਜੀ ਤੇ ਪਰਿਵਾਰ ਨੂੰ ਸਨਮਾਨਿਤ ਕਰਨ ਤੋਂ ਬਾਅਦ ਸ. ਸਿਮਰਨਜੀਤ ਸਿੰਘ ਮਾਨ ਦੀ ਤਕਰੀਰ ਸ਼ੁਰੂ ਹੋਈ। ਉਨ੍ਹਾਂ ਦੀਪ ਸਿੱਧੂ ਦੀ ਮੌਤ ਨੂੰ ਸਰਕਾਰੀ ਸਾਜ਼ਿਸ਼ੀ ਕਤਲ ਗਰਦਾਨਿਆ। ਉਨ੍ਹਾਂ ਦੀਪ ਦੀ ਗ੍ਰਿਫ਼ਤਾਰੀ ਦੌਰਾਨ ਉਸਨੂੰ ਵੱਡੇ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਧਮਕੀ ਦਾ ਖੁਲਾਸਾ ਵੀ ਕੀਤਾ।

ਉਨ੍ਹਾਂ ਕਿਹਾ ਕਿ ‘47 ਤੋਂ ਪਹਿਲਾਂ ਅੰਗਰੇਜ਼ਾਂ ਨਾਲ ਗੱਲਬਾਤ ਦੌਰਾਨ ਹਿੰਦੂ ਲਈ ਗਾਂਧੀ-ਨਹਿਰੂ ਵਕੀਲ ਸਨ ਤੇ ਮੁਸਲਮਾਨ ਲਈ ਜਿਨਾਹ। ਜੇਕਰ ਉਸ ਟੇਬਲ ‘ਤੇ ਦੀਪ ਸਿੱਧੂ ਵਰਗਾ ਸਿੱਖਾਂ ਦਾ ਕਾਬਿਲ ਵਕੀਲ ਬੈਠਾ ਹੁੰਦਾ ਤਾਂ ਸਾਡਾ ਵੀ ਆਪਣਾ ਮੁਲਕ ਹੁੰਦਾ। ਦੀਪ ਦਾ ਚਲਾਣਾ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਦੀਪ ਨੂੰ ਮੈਂ ਕਿਰਪਾਨ ਤਾਂ ਫੜਾਈ ਸੀ ਕਿ ਮੈਨੂੰ ਅਗਲਾ ਆਗੂ ਲੱਭ ਗਿਆ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕਦੇ ਅੰਤਮ ਅਰਦਾਸ ਨਹੀਂ ਹੁੰਦੀ, ਹਰ ਰੋਜ਼ ਉਨ੍ਹਾਂ ਨੂੰ ਅਰਦਾਸ ‘ਚ ਯਾਦ ਕੀਤਾ ਜਾਂਦਾ ਹੈ।

ਆਪਣੀ ਤਕਰੀਰ ‘ਚ ਉਨ੍ਹਾਂ ਕਈ ਹੋਰ ਹਿੰਦੂਤਵੀ ਕਾਤਲਾਨਾ ਸਾਜ਼ਿਸ਼ਾਂ ਦਾ ਜ਼ਿਕਰ ਵੀ ਕੀਤਾ। ਮਾਨ ਦੇ ਭਾਸ਼ਣ ਦੌਰਾਨ ਖ਼ਾਲਸਈ ਜੈਕਾਰੇ ਅਤੇ ਦੀਪ ਸਿੱਧੂ ਅਮਰ ਰਹੇ- ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਪਿੱਛੇ ਗੂੰਜਦੇ ਰਹੇ।

ਅਖੀਰ ‘ਚ ਉਨ੍ਹਾਂ ਦੀਪ ਦੀ ਮੌਤ ਦੀ ਜਾਂਚ ਯੂਐਨ ਤੋਂ ਕਰਵਾਉਣ ਲਈ ਕੋਸ਼ਿਸ਼ਾਂ ਕਰਨ ਦੀ ਗੱਲ ਆਖੀ, ਜਿਵੇਂ ਲਿਬਨਾਨ ਦੇ ਪ੍ਰਧਾਨ ਮੰਤਰੀ ਹਰਾਰੇ ਅਤੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਮੌਤ ਦੀ ਜਾਂਚ ਕਰਵਾਈ ਗਈ ਸੀ।

ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਨੇ ਆਪਣੀ ਤਕਰੀਰ ‘ਚ ਗੁਲਾਮੀ ਦੇ ਅਰਥ ਸਮਝਾਏ ਅਤੇ ਸ਼ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੰਜੋਲੀ ਨੇ ਆਪਣੇ ਭਾਸ਼ਣ ਦਾ ਅੰਤ ਕੌਮ ਦੇ ਆਜ਼ਾਦ ਘਰ ਘਾਟ ਦੀ ਇੱਛਾ ਨਾਲ ਕੀਤਾ।

ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਪੰਥ ਦਾ ਕਾਡਰ ਦੇਖ ਲਵੇ, ਜਿਸਨੇ ਪਹਿਲਾਂ ਕਦੇ ਨਹੀਂ ਵੇਖਿਆ। ਇਹੀ ਕਾਡਰ ਸੀ ਜੋ ਕਿਸਾਨ ਸੰਘਰਸ਼ ਨੂੰ ਦਿੱਲੀ ਲੈ ਗਿਆ ਸੀ।24 ਫ਼ਰਵਰੀ 2022 ਫਤਿਹਗੜ੍ਹ ਸਾਹਿਬ ਵਿਖੇ ਪੰਥ ਦਾ ਜਲੌਅ ਕਾਲਜਾ ਠਾਰਨ ਵਾਲਾ। ਕਿਰਤੀ ਮਾਈਆਂ-ਭਾਈਆਂ, ਆਗੂਆਂ, ਸੰਪਰਦਾਵਾਂ, ਜਥੇਬੰਦੀਆਂ ਦੀ ਵੱਡੀ ਹਾਜ਼ਰੀ।
ਦੀਪ ਸਿੱਧੂ ਦੀ ਅੰਤਿਮ ਅਰਦਾਸ ਨੇ ਧਾਰਿਆ “ਸਰਬੱਤ ਖਾਲਸਾ” ਦਾ ਰੂਪ।
– ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਦੀਪ ਸਿੰਘ ਸਿੱਧੂ ਵੱਲ ਦੇਖ ਮੈੰ ਸਮਝਣ ਲੱਗ ਗਿਆ ਸੀ ਕਿ ਕੌਮ ਨੂੰ ਅਗਲਾ ਆਗੂ ਲੱਭ ਗਿਆ।
ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਕਿਹਾ ਕਿ ਦੀਪ ਸਿੱਧੂ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅਗਲੇ ਸਾਲ ਤੁਹਾਨੂੰ ਸਿੱਖੀ ਸਰੂਪ’ਚ ਮਿਲਾਂਗਾ।
ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਮਹਾਰਾਜ ਸਾਨੂੰ ਕੌਮੀ ਘਰ ਬਣਾਉਣ ਦਾ ਬਲ ਬਖਸ਼ਣ।
– ਸਤਵੰਤ ਸਿੰਘ

ਅੱਜ ਸਿਮਰਨਜੀਤ ਸਿੰਘ ਮਾਨ ਨੇ ਇਸ ਕਿਰਪਾਨ ਦਾ ਇਤਿਹਾਸ ਦੱਸਦਿਆਂ ਕਿਹਾ ਕਿ 1819 ਵਿਚ ਜਦੋਂ ਸ. ਹਰੀ ਸਿੰਘ ਨਲੂਆ ਅਤੇ ਅਕਾਲੀ ਫੂਲਾ ਸਿੰਘ ਜੀ ਦੀ ਅਗਵਾਈ ਵਿਚ ਸਿੱਖਾਂ ਨੇ ਅਫ਼ਗ਼ਾਨਿਸਤਾਨ ਫ਼ਤਹਿ ਕੀਤਾ ਤਾਂ ਇਹ ਕਿਰਪਾਨ ਵੀ ਨਾਲ ਗਈ ਸੀ। ਦੋ ਸਦੀਆਂ ਬਾਅਦ ਦੀਪ ਸਿੱਧੂ ਨੇ ਉਸੇ ਕਿਰਪਾਨ ਨੂੰ ਹੱਥ ਵਿਚ ਲੈ ਕੇ ਸਿੱਖ ਸੁਰਤਿ ਨੂੰ ਮੁੜ ਤੋਂ ਚੜ੍ਹਦੀ ਕਲਾ ਦੇ ਰਾਹਾਂ ‘ਤੇ ਤੋਰਿਆ। ਸਿੱਖ ਸੰਘਰਸ਼ ਦੀ ਇਸ ਨਵੀਂ ਸਵੇਰ ਨੂੰ ਜੈਕਾਰਿਆਂ ਨਾਲ ਜੀ ਆਇਆਂ ਕਹਿਣਾ ਬਣਦਾ ਹੈ:
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਡਾ. ਪ੍ਰਭਸ਼ਰਨਬੀਰ ਸਿੰਘ

ਕੌਮੀ ਯੋਧੇ ਭਾਈ ਸੰਦੀਪ ਸਿੰਘ (ਦੀਪ ਸਿੱਧੂ ) ਦੇ ਅੰਤਿਮ ਅਰਦਾਸ ਸਮਾਗਮ ਵਿੱਚ ਖਾਲਸਾ ਪੰਥ ਦਾ ਇੱਕ ਜੁੱਟ ਹੋਣਾ ਪੰਜਾਬ ਦੀਆਂ ਖੇਤਰੀ ਪਾਰਟੀਆਂ ਨੂੰ ਇਹ ਇਸ਼ਾਰਾ ਕਰ ਰਿਹਾ ਹੈ “ਜੋ ਪੰਥ ਦਾ ,ਪੰਥ ਉਸ ਦਾ” ਸੋ ਹੁਣ ਪੰਥ ਨੂੰ ਵਿਸਾਰ ਕੇ ਪੰਥ ਨਾਲ ਧ੍ਰੋਹ ਨਹੀਂ ਕਮਾਇਆ ਜਾ ਸਕਦਾ , ਪੂਰੀ ਕੌਮ ਜਾਗ ਚੁੱਕੀ ਹੈ , ਆਪਣੇ ਆਪ ਨੂੰ ਗੁਰੂ ਪੰਥ ਦੀ ਸਰਪ੍ਰਸਤੀ ਵਿੱਚ ਲੈ ਆਉ ਨਹੀਂ ਤਾ ਉਹ ਦਿਨ ਦੂਰ ਨਹੀਂ ਜਿਸ ਦਿਨ ਪੰਥ ਤਹਾਨੂੰ ਮੁਆਫ਼ੀ ਵੀ ਨਹੀਂ ਬਖਸ਼ੇਗਾ ।


ਅਕਾਲੀ ਇਸ ਵਾਰ ਇਕ ਮੁੱਦੇ ਤੇ ਚੋਣ ਲੜੇ । ਸੁਖਬੀਰ ਤੋੰ ਲੈ ਕੇ ਹਰਚਰਨ ਬੈੰਸ ਤੱਕ ਇਕੋ ਗੱਲ ਦੁਹਰਾਉੰਦੇ ਰਹੇ ਕਿ ਇਹ ਦਿੱਲੀ ਦੀਆਂ ਪਾਰਟੀਆਂ ਤੇ ਪੰਜਾਬ ਦੀ ਸਿਆਸੀ ਧਿਰ ਦੀ ਲੜਾਈ ਏ । ਇਹਨੂੰ ਨਰੇਟਿਵ ਸਿਰਜਣਾ ਕਹਿੰਦੇ, ਜੂਨ 2020 ‘ਚ ਸੰਭੂ ਕੋਲ ਕਿਸੇ ਦੀ ਮੋਟਰ ‘ਤੇ ਦੀਪ ਵੱਟ ‘ਤੇ ਬਹਿ ਕੇ ਸਵਰਨ ਟਹਿਣੇ ਨੂੰ ਇਹ ਗੱਲ ਸਮਝਾ ਰਿਹਾ ਸੀ । ਸਵਾ ਸਾਲ ਬਾਅਦ ਅਕਾਲੀ ਦਲ ਕੋਲ ਦੀਪ ਦੇ ਇਹ ਲਫਜ ਹੂ ਬਹੂ ਵਰਤਣ ਤੋੰ ਇਲਾਵਾ ਕੋਈ ਚਾਰਾ ਨਹੀੰ ਸੀ । ਦੀਪ ਦਾ ਕਿਹਾ ਇਕ ਇਕ ਲਫਜ ਤੁਹਾਨੂੰ ਭਵਿਖ ‘ਚ ਅਗਵਾਈ ਦਊ । ਇਸੇ ਇੰਟਰਵਿਊ ‘ਚ ਉਹ ਬੇਅੰਤ ਦੇ ਪੋਤਰੇ ਰਵਨੀਤ ਬਾਰੇ ਗੱਲ ਕਰਦਿਆਂ ਉਸ ਨੂੰ ਪੰਜਾਬ ਤੇ ਦਿੱਲੀ ਦੇ ਸੰਦਰਭ ਵਿਚ “ਆਪਣਾ” ਕਹਿੰਦਾ । ਉਹ ਬਰਖਾ ਦੱਤ ਦੇ ਮੂੰਹੋ ਨਿਕਲੇ ਇਕ ਲਫਜ ਤੇ ਵੀ ਅੜ ਜਾਂਦਾ ਤੇ ਪੰਜਾਬ ਦੇ ਹਿੱਤ ‘ਚ ਨਫਰਤ ਉਗਲਦੇ ਕਾਤਲ ਦੇ ਪੋਤੇ ਨੂੰ ਆਮ ਮੁਆਫੀ ਦੇ ਦਿੰਦਾ ।

ਸਲਮਾਨ ਖਾਨ ਦਾ ਬਾਡੀਗਾਰਡ ਪੰਜਾਬੀ ਆ। ਪੰਜਾਬ ਵਾਲੇ ਉਸੇ ਚੋ ਈ ਬੜੀ ਮਾਣ ਵਾਲੀ ਫੀਲਿੰਗ ਲਈ ਜਾਣਗੇ। ਜਿਹੜੀ ਸੋਸ਼ਲ ਮੀਡੀਆ ਵਾਲੀ ਲਗੌੜ ਦੀਪ ਸਿੱਧੂ ਬਾਰੇ ਕੁਫਰ ਤੋਲਦੀ ਆ ਜੇ ਉਹ ਦੀਪ ਦਾ ਬੰਬਈ ਵਾਲਾ ਰੁਤਬਾ ਜਾਣ ਲੈਂਦੇ ਤੇ ਉਹਦੇ ਤੇ ਪੋਸਟਾਂ ਲਿਖ ਲਿਖ ਸ਼ਦਾਈ ਹੋਈ ਫਿਰਨਾ ਸੀ। ” ਵੇਖੋ ਕੌਣ ਆ ਉਹ ਪੰਜਾਬੀ ਮੁੰਡਾ ਜੋ ਐਡੀ ਲਾਅ ਫਰਮ ਦਾ ਮਾਲਕ ਆ ਜੋ ਬਾਲਾ ਜੀ ਫਿਲਮਜ ਵਰਗਿਆਂ ਨੂੰ ਕਨੂੰਨ ਸੇਵਾਵਾਂ ਦਿੰਦੀ ਆ।” “ਇਹ ਪੰਜਾਬੀ ਮੁੰਡਾ ਏ ਸ਼ਾਹਰੁਖ ਤੇ ਸੰਜੇ ਲੀਲਾ ਭੰਸਾਲੀ ਦਾ ਵਕੀਲ। ” ਜਾਣਕਾਰੀ ਅਨਲਿਮਟਡ ਹੋਈ ਫਿਰਨੀ ਸੀ। ਜੇ ਘੱਗੇ ਜਾਂ ਢੱਡਰੀ ਨੂੰ ਕਿਤੇ ਉੱਥੇ ਸੱਦ ਲੈਂਦਾ ਤੇ ਲਿਫਾਫਾ ਦੇ ਦਿੰਦਾ ਤਾਂ ਇਹਨਾਂ ਤਾਉਮਰ ਉਹਦੇ ਸੋਹਲੇ ਗਾਉਂਦੇ ਨਹੀਂ ਥੱਕਣਾ ਸੀ। ਸਿਤਮ ਦੀ ਗੱਲ ਆ ਕਿ ਜਿਹੜੇ ਪੰਜ ਹਜ਼ਾਰ ਨਾਲ ਵਿਕਣ ਵਾਲੇ ਸੀ ਉਹ ਵੀ ਉਹਨੂੰ ਵਿਕਾਊ ਦੱਸਣ ਡਹਿ ਪਏ। ਉਹ ਪੰਥ ਲਈ ਇਹਨਾਂ “ਨਸਲੀ ਨੰਗਾਂ” ਦੇ ਬਰਾਬਰ ਆ ਬੈਠਾ।

ਰਹੀ ਗੱਲ ਝਾੜੂ ਪਾਰਟੀ ਤੇ ਕਾਮਰੇਡਾਂ ਦੀ। ਇਹਨਾਂ ਦੇ ਦਿਮਾਗ ਹੁੰਦਾ ਤਾਂ ਜਾਣਦੇ ਕਿ ਜਿਹੜੀਆਂ ਭੁੱਖਾਂ ਸ਼ੈਆਂ ਲਈ ਇਹਨਾਂ ਦੇ ਆਗੂ ਕੋਡੇ ਹੋਏ ਫਿਰਦੇ ਆ ਅਗਲੇ ਨੇ ਭੋਗ ਕੇ ਤਿਆਗ ਦਿੱਤੀਆ ਸੀ। ਲੈਨਿਨ ਨੇ ਇਹਨਾਂ ਨੂੰ ਕਦੇ ਦੱਸਿਆ ਨਹੀਂ ਕਿ ਸਰਮਾਏਦਾਰ ਬੰਦਾ ਕਿਸੇ ਲਾਲਚ ਤੋਂ ਦੂਰ ਹੋ ਕੇ ਵੀ ਆਪਣਾ ਸਾਰਾ ਕੁਝ ਗਵਾਉਣ ਨੂੰ ਕਿਉਂ ਤੁਰ ਪੈਂਦਾ । ਆਪਣੇ ਭਾਈਚਾਰੇ ਨਾਲ ਵਫਾ ਪਾਲਣ ਦਾ ਜਜ਼ਬਾ ਇਸ ਕਤੀੜ ਦੇ ਸਮਝ ਆਉਣ ਵਾਲਾ ਨਹੀਂ। ਤੇ ਉਹ ਅਜਮੇਰ ਸਿੰਘ ਤੋਂ ਪ੍ਰਭਾਵਿਤ ਹੋਇਆ ਹੋ ਸਕਦਾ ਪਰ ਉਹ ਆਪ ਐਡਾ ਵੱਡਾ ਵਕੀਲ ਸੀ ਉਹ ਆਪ ਸਮਝ ਬਹੁਤ ਰੱਖਦਾ ਸੀ ਜੋ ਉਸ ਦੇ ਬਿਆਨਾਂ ਤੋ ਸਮਝ ਪੈਂਦੀ ਵੀ ਆ। ਕਿਸੇ ਦਾ ਪੜਾਇਆ ਤੋਤਾ ਇੱਡਾ ਬੇਬਾਕ ਤੇ ਦਲੇਰ ਨਹੀਂ ਹੁੰਦਾ।

ਸਭ ਤੋਂ ਭੈੜੀ ਆਪਾਂ ਉਸ ਨਾਲ ਕੀਤੀ ਆ ਜੋ ਉਸ ਨੂੰ ਵਿਵਾਦ ਚ ਉਲਝਾਅ ਕੇ ਉਸ ਦੀ ਮੌਤ ਤੋਂ ਬਾਅਦ ਮਿੱਟੀ ਪੁੱਟਣ ਡਹੇ ਆਂ। ਸਮਾਂ ਫੈਸਲਾ ਕਰ ਦੇਊਗਾ ਕਿ ਉਹ ਕੀ ਆ। ਵਕਤੀ ਤੌਰ ਤੇ ਲੋਕਾਂ ਦੇ ਜਜ਼ਬਾਤ ਸਮਝ ਕੇ ਚੁੱਪ ਰਹਿਣ ਚ ਭਲਾ ਸੀ। ਨਿੱਕੇ ਜਹੇ ਸਕੈਚ ਨੂੰ ਲੈ ਬਹਿਸਦੇ ਰਹੇ। ਉਵੇਂ ਇੱਕ ਸਿੱਖ ਦਾ ਕਿਸੇ ਵੀ ਹੋਰ ਸਿੱਖ ਨਾਲ ਮੁਕਾਬਲਾ ਕਰਨਾ ਵੀ ਆਪਣੇ-ਆਪ ਚ ਬੇਵਕੂਫੀ ਆ। ਸੰਤ ਜਰਨੈਲ ਸਿੰਘ ਦੀ ਸਖਸ਼ੀਅਤ ਹਰ ਪੱਖੋ ਸੰਪੂਰਨ ਹੀ ਸੀ ਤੇ ਦੀਪ ਸਿੱਧੂ ਅਜੇ ਉਹਨਾਂ ਦੇ ਪੂਰਨਿਆਂ ਨੂੰ ਗੂੜਾ ਕਰਨ ਚ ਲੱਗਾ ਸੀ। ਕੁਝ ਆਪਣੇ-ਆਪ ਨੂੰ ਜਿਆਦਾ ਨੇੜੂ ਤੇ ਹੇਜਲਾ ਦਿਖਾਉਣ ਦੇ ਚੱਕਰ ਚ ਆ ਤੇ ਕੁਝ ਈਰਖਾ ਦੇ ਮਾਰੇ ਆ।

ਉਹ ਸਾਡੇ ਤੋਂ ਕਿਤੇ ਸੁੱਚੀ ਰੂਹ ਸੀ। ਸਪਸ਼ਟ ਤੇ ਖਰਾ ਸੀ। ਬਥੇਰੇ ਉਸ ਜਹੀ ਪ੍ਰਸਿੱਧੀ ਚਾਹੁੰਦੇ ਆ ਪਰ ਉਸ ਤੱਕ ਅੱਪੜ ਨਾ ਸਕੇ ਕਿਉਂਕਿ ਉਹ ਸਟੇਜ ਤੇ ਆਮ ਜਿੰਦਗੀ ਚ ਦੋਹਰਾ ਕਿਰਦਾਰ ਨਹੀਂ ਰੱਖਦਾ ਸੀ। ਬਹੁਤਾਤ ਚ ਨਵੇਂ ਉਠਦੇ ਉਸ ਵਾਂਙ ਖਰੀ ਗੱਲ ਪਬਲਿਕ ਚ ਕਹਿਣ ਦਾ ਜੇਰਾ ਈ ਨਹੀਂ ਰੱਖਦੇ। ਢੱਡਰੀ ਸੱਚ ਬੋਲਣਾ ਇਹਤੋਂ ਸਿੱਖ, ਕਿ ਦੁਨੀਆਂ ਮਗਰ ਮਰਦੀ ਫਿਰੇ । ਤੇਰੇ ਵਰਗੇ ਸੱਚ ਦੇ ਨਾਂ ਤੇ ਬੇਇਤਫਾਕੀ ਪੈਦਾ ਕਰਕੇ ਮਾਲਕਾਂ ਦੀਆਂ ਖੁਸ਼ੀਆਂ ਲੈਂਦੇ ਫਿਰਦੇ ਆ। ਕਈ ਹੋਰ ਕਿਰਦਾਰ ਦਾ ਮਿਹਣਾ ਸਭ ਨੂੰ ਮਾਰ ਲੈਂਦੇ ਆ ਪਰ ਆਪਣੀ ਪੀੜੀ ਥੱਲੇ ਸੋਟਾ ਨਹੀਂ ਫੇਰ ਸਕੇ। ਦੀਪ ਬਹੁਤ ਸਮੇਂ ਤੱਕ ਸਾਡੀਆਂ ਚਰਚਾਵਾਂ ਦਾ ਪਾਤਰ ਰਹੂਗਾ ਤੇ ਨੌਜਵਾਨ ਮੁੰਡਿਆ ਲਈ ਰਾਹ ਦਿਸੇਰਾ ਬਣਿਆ ਰਹੂਗਾ
ਸਨਦੀਪ ਸਿੰਘ ਤੇਜਾ