ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਵੱਡਾ ਵੀ ਹੋ ਰਿਹਾ ਹੈ ਤੇ ਅਸਰਅੰਦਾਜ਼ ਵੀ। ਸਿੱਖਾਂ ਵਿਚਲੀਆਂ ਵੱਖੋ ਵੱਖ ਸੋਚਾਂ ਸਮੇਤ ਪੰਜਾਬ ਤੋਂ ਅੱਡੋ ਅੱਡ ਸੋਚਾਂ ਨਾਲ ਜੁੜੇ ਪੰਜਾਬ ਪੱਖੀ ਲੋਕ ਇਸ ਨਾਲ ਜੁੜ ਰਹੇ ਨੇ।
ਅੱਗੇ ਤੋਂ ਅੱਗੇ ਮੋਰਚੇ ਲਈ ਚੁਣੌਤੀਆਂ ਵੀ ਵਧਣਗੀਆਂ ਤੇ ਪ੍ਰਾਪਤੀਆਂ ਦੇ ਰਾਹ ਵੀ ਖੁੱਲ੍ਹ ਸਕਦੇ ਨੇ। ਜੇ ਮੋਰਚਾ ਇਵੇਂ ਹੀ ਵੱਡਾ ਹੁੰਦਾ ਰਿਹਾ ਤਾਂ ਸਰਕਾਰ ਪਾਸੋਂ ਵੀ ਜਲਦ ਹੀ ਗੱਲਬਾਤ ਅਤੇ ਮਸਲੇ ਦੇ ਹੱਲ ਲਈ ਚਾਰਾਜੋਈ ਸ਼ੁਰੂ ਹੋ ਸਕਦੀ ਹੈ। ਮੋਰਚੇ ਦੇ ਆਗੂਆਂ ਨੂੰ ਦੋਵੇਂ ਤਰ੍ਹਾਂ ਦੇ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ, ਮੋਰਚਾ ਲੰਬਾ ਵੀ ਚੱਲ ਸਕਦਾ ਹੈ ਤੇ ਗੱਲਬਾਤ ਵੀ ਸ਼ੁਰੂ ਹੋ ਸਕਦੀ ਹੈ।
ਜਦੋ ਚੱਲੇ ਹੋਏ ਕਾਰਤੂਸਾਂ ਰਾਹੀਂ ਹੱਲ ਹੋਣ ਦੇ ਆਸਾਰ ਘੱਟ ਨੇ ਤਾਂ ਇਹ ਸੰਭਵ ਹੈ ਕਿ ਸਰਕਾਰ ਉਹ ਬੰਦੇ ਜਾਂ ਉਹ ਤਰੀਕਾ ਗੱਲਬਾਤ ਲਈ ਅਪਣਾਵੇ, ਜੋ ਸਿੱਖਾਂ ਨੂੰ ਪਰਵਾਨ ਹੋਵੇ।
ਸਿੱਖਾਂ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਕੋਈ ਇਸ ਮਸਲੇ ਦੇ ਹੱਲ ਵਿੱਚ ਸਭ ਤੋਂ ਵੱਡੇ ਰੋੜੇ ਹਨ, ਤਾਂ ਉਹ ਬਾਦਲ ਹਨ। ਜਦੋ ਬਾਦਲਾਂ ਦੀ ਪੂਰੀ ਪੁੱਛਗਿੱਛ ਸੀ ਤਾਂ ਵੱਡੇ ਬਾਦਲ ਨੇ ਇਹ ਗੱਲ ਕਹੀ ਸੀ ਕਿ ਮੁੰਡੇ ਛੱਡ ਦਿੱਤੇ ਤਾਂ ਮੈਨੂੰ ਹੀ ਮਾਰਨਗੇ। ਹੁਣ ਵੀ ਬਾਦਲਾਂ ਦੀ ਹਾਲਤ ਰਿਹਾਈ ਦੇ ਰਾਹ ਵਿੱਚ ਰੋੜਾ ਹੈ।
ਸਿੱਖ ਇਹ ਚਾਹੁੰਦੇ ਹਨ ਕਿ ਅਕਾਲੀ ਦਲ ਸੁਰਜੀਤ ਹੋਵੇ ਪਰ ਬਾਦਲਾਂ ਬਗੈਰ। ਭਾਜਪਾ ਬਾਦਲਾਂ ਨੂੰ ਥੱਲੇ ਵੀ ਲਾਉਂਦੀ ਹੈ ਪਰ ਲੰਬਾ ਰੱਸਾ ਵੀ ਦੇ ਰਹੀ ਹੈ। ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੇ ਕਾਰਜ ਨੂੰ ਆਪਣੀ ਸੁਰਜੀਤੀ ਲਈ ਵਰਤਣ ਦੇ ਚੱਕਰ ‘ਚ ਨੇ।
ਬਾਦਲਾਂ ਨੇ ਆਪਣੇ ਰਾਜ ਵੇਲੇ ਕਦੇ ਵੀ ਇਨ੍ਹਾਂ ਬੰਦੀ ਸਿੰਘਾਂ ਦੀ ਗੱਲ ਨਹੀਂ ਕੀਤੀ। ਉਦੋਂ ਤਾਂ ਬਾਦਲਾਂ ਦੀ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਤੋਂ ਮੁਨੱਕਰ ਹੋਣ ਲਈ ਅਖਬਾਰਾਂ ਵਿਚ ਵੱਡੇ-ਵੱਡੇ ਇਸ਼ਤਿਹਾਰ ਦਿੰਦੀ ਰਹੀ ਪਰ ਹੁਣ ਪੰਥ ਵਲੋਂ ਹਾਸ਼ੀਏ ‘ਤੇ ਸੁੱਟੇ ਜਾਣ ‘ਤੇ ਬਦਲਕਿਆਂ ਨੂੰ ਬੰਦੀ ਸਿੰਘਾਂ ਦਾ ਹੇਜ ਜਾਗ ਪਿਆ ਹੈ।
ਸਿੱਖ ਇਹ ਗੱਲ ਚੰਗੀ ਤਰਾਂ ਸਮਝ ਲੈਣ ਕਿ ਬਾਦਲਾਂ ਦੀ ਇਸ ਮੋਰਚੇ ਵਿੱਚ ਸਿੱਧੀ ਜਾਂ ਅਸਿੱਧੀ ਸ਼ਮੂਲੀਅਤ ਮੋਰਚੇ ਦਾ ਨੁਕਸਾਨ ਹੀ ਕਰੇਗੀ। ਬਾਦਲਾਂ ਲਈ ਆਪਣੇ ਨਿੱਜ ਤੋਂ ਉੱਪਰ ਕੁਝ ਨਹੀਂ ਹੈ। ਉਨ੍ਹਾਂ ਨੂੰ ਕਿਸਾਨ ਮੋਰਚੇ ਦੇ ਸਮੇਂ ਵਾਂਗ ਪਰੇ ਹੀ ਰੱਖਿਆ ਜਾਵੇ ਤਾਂ ਕਿ ਇਹ ਵਿੱਚ ਬਹਿ ਕੇ ਅਜਿਹੀ ਕੋਈ ਵੀ ਚਲਾਕੀ ਨਾ ਕਰ ਸਕਣ, ਜੋ ਬਣਦੀ ਗੱਲ ਵਿਗਾੜ ਦੇਵੇ।
ਬਾਦਲਾਂ ਤੋਂ ਇਲਾਵਾ ਇਨ੍ਹਾਂ ਨਾਲ ਰਲ ਕੇ ਚੱਲਦੀਆਂ ਫੈਡਰੇਸ਼ਨਾਂ ਤੇ ਸੰਪਰਦਾਵਾਂ ਨੂੰ ਵੀ ਇਸੇ ਅੱਖ ਨਾਲ ਦੇਖਿਆ ਜਾਵੇ, ਕਿਉਂਕਿ ਬਾਦਲ ਉਨ੍ਹਾਂ ਨੂੰ ਵਿੱਚ ਬਿਠਾ ਕੇ ਵੀ ਗੱਲ ਵਿਗਾੜ ਸਕਦੇ ਹਨ। ਇਹ ਵੀ ਸਿੱਖਾਂ ਦੀਆਂ ਹੁਣ ਓਨੀਆਂ ਕੁ ਹੀ ਸਕੀਆਂ ਨੇ ਜਿੰਨੇ ਕੁ ਬਾਦਲ। ਪਹਿਲੀ ਵਫ਼ਾਦਾਰੀ ਬਾਦਲ ਨਾਲ ਹੀ ਹੈ, ਪੰਥ ਅਤੇ ਪੰਜਾਬ ਦਾ ਭਾਵੇਂ ਜਿੰਨਾ ਮਰਜੀ ਨੁਕਸਾਨ ਹੋ ਜਾਵੇ।
ਜਿਵੇਂ ਕਿ ਬੰਦੀ ਸਿੰਘਾਂ ਦਾ ਬਿਆਨ ਆਇਆ ਹੈ, ਸੁਹਿਰਦ ਅਤੇ ਸਭ ਨਾਲ ਜੁੜੇ ਲੋਕਾਂ ਨੂੰ ਅੱਗੇ ਲਾ ਕੇ ਕੌਮੀ ਇਨਸਾਫ਼ ਮੋਰਚੇ ਦਾ ਉਹ ਸਾਂਝਾ ਵਫ਼ਦ ਤਿਆਰ ਕਰਨਾ ਚਾਹੀਦਾ ਹੈ, ਜੋ ਸਰਕਾਰ ਨਾਲ ਗੱਲਬਾਤ ਕਰ ਸਕੇ।
#Unpopular_Opinions #Unpopular_Ideas #Unpopular_Facts