ਮਸ਼ਹੂਰ ਸੈਲੂਨ ਦਾ ਹੇਅਰ ਡ੍ਰੈਸਰ ਜਬਰ ਜਨਾਹ ਦੇ ਕੇਸ ‘ਚ ਗ੍ਰਿਫ਼ਤਾਰ, ਨੌਕਰੀਓਂ ਕੱਢਣ ਦੀ ਧਮਕੀ ਦੇਣ ਤੋਂ ਬਾਅਦ ਕੁੜੀ ਨੇ ਕਰਵਾਈ FIR

ਚੰਡੀਗੜ੍ਹ : ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇਣ ਤੋਂ ਬਾਅਦ ਹਿਮਾਚਲ ਦੀ ਇਕ ਲੜਕੀ ਨੇ ਇਕ ਮਸ਼ਹੂਰ ਸੈਲੂਨ ਦੇ ਹੇਅਰ ਸਟਾਈਲਿਸਟ ਸੰਨੀ ਅਲੀ ਖਿਲਾਫ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਿੱਤੀ ਹੈ।

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਨੇ ਪੁਲਿਸ ਤੋਂ ਮੰਗ ਕੀਤੀ ਸੀ ਕਿ ਸੰਨੀ ਅਲੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਸੰਨੀ ਅਲੀ ਤੋਂ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਇਹ ਹੇਅਰ ਸਟਾਈਲਿਸਟ ਕਈ ਬਾਲੀਵੁੱਡ ਅਤੇ ਪਾਲੀਵੁੱਡ ਦੇ ਅਦਾਕਾਰ ਅਤੇ ਅਦਾਕਾਰਾਂ ਦਾ ਹੇਅਰ ਸਟਾਈਲ ਬਣਾ ਚੁੱਕਿਆ ਹੈ।

ਪੀੜਤ ਮੁਤਾਬਿਕ ਉਹ ਪਿਛਲੇ 1 ਮਹੀਨੇ ਤੋਂ ਚੰਡੀਗੜ੍ਹ ਦੇ ਸੈਕਟਰ 9 ਵਿੱਚ ਇੱਕ ਸੈਲੂਨ ਵਿੱਚ ਕੰਮ ਕਰ ਰਹੀ ਸੀ। ਮੁਲਜ਼ਮ ਉਸ ਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇ ਰਿਹਾ ਸੀ। ਮੁਲਜ਼ਮ ਨੇ ਸੈਕਟਰ 19 ਥਾਣਾ ਖੇਤਰ ਦੇ ਇੱਕ ਹੋਟਲ ਵਿੱਚ ਉਸ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ।

ਪੀੜਤ ਦੀ ਸ਼ਿਕਾਇਤ ਮੁਤਾਬਿਕ ਜਦੋਂ ਉਸ ਨੇ ਕਿਹਾ ਕਿ ਉਹ ਉਸ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਕਰੇਗੀ ਤਾਂ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਦੇ ਨਾਲ ਹੀ ਉਸ ਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਪੀੜਤਾ ਕਾਫੀ ਘਬਰਾ ਗਈ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗੀ।